35.6 C
Delhi
Sunday, May 5, 2024
spot_img
spot_img

ਕੈਪਟਨ ਅਮਰਿੰਦਰ ਨੇ ਜੇ.ਐਨ.ਯੂ. ਹਿੰਸਾ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਮੰਗੀ

ਚੰਡੀਗੜ੍ਹ, 6 ਜਨਵਰੀ, 2020:
ਜਵਾਹਰ ਲਾਲ ਯੂਨੀਵਰਸਿਟੀ (ਜੇ.ਐਨ.ਯੂ.) ਵਿੱਚ ਹੁੱਲੜਬਾਜ਼ੀ ਤੇ ਹਿੰਸਾ ਲਈ ਜ਼ਿੰਮੇਵਾਰ ਵਿਅਕਤੀਆਂ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ, ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕੇਂਦਰ ਤੇ ਦਿੱਲੀ ਸਰਕਾਰ ਨੂੰ ਇਸ ਮਾਮਲੇ ਉਤੇ ਇਕ-ਦੂਜੇ ਉਪਰ ਦੋਸ਼ ਲਗਾਉਣ ਤੋਂ ਵਰਜਣ ਲਈ ਕਿਹਾ ਹੈ।

ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਭਾਰਤ ਦੀ ਪ੍ਰਮੁੱਖ ਯੂਨੀਵਰਸਿਟੀ ਵਿੱਚ ਅਮਨ ਤੇ ਕਾਨੂੰਨ ਦੀ ਜਲਦੀ ਬਹਾਲੀ ਨੂੰ ਯਕੀਨੀ ਬਣਾਉਣ ਲਈ ਕੰਮ ਕਰਨ।

ਮੁੱਖ ਮੰਤਰੀ ਨੇ ਪਿਛਲੇ ਕੁਝ ਹਫਤਿਆਂ ਦੌਰਾਨ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਜਾਮੀਆ ਮਾਲੀਆ ਯੂਨੀਵਰਸਿਟੀ ਤੇ ਹੁਣ ਜੇ.ਐਨ.ਯੂ. ਵਿੱਚ ਅੰਨ੍ਹੇਵਾਹ ਹਮਲਿਆਂ ਅਤੇ ਝੜਪਾਂ ‘ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਇਨ੍ਹਾਂ ਵਾਰਦਾਤਾਂ ਨੇ ਨਾ ਸਿਰਫ ਦੇਸ਼ ਦੇ ਕੌਮਾਂਤਰੀ ਅਕਸ ਨੂੰ ਢਾਹ ਲਾਈ ਹੈ ਸਗੋਂ ਦੇਸ਼ ਦੀ ਤਰੱਕੀ ਤੇ ਵਿਕਾਸ ਦੇ ਅਹਿਮ ਥੰਮ੍ਹ ਸਿੱਖਿਆ ਢਾਂਚੇ ਨੂੰ ਵੀ ਨੁਕਸਾਨ ਪਹੁੰਚਾਇਆ ਹੈ।

ਜੇ.ਐਨ.ਯੂ. ਵਿੱਚ ਬੀਤੀ ਰਾਤ ਹੋਏ ਹਿੰਸਾ ਤੇ ਹੁੱਲੜਬਾਜ਼ੀ ਦੇ ਨੰਗੇ ਨਾਚ ਲਈ ਕੇਂਦਰ ਤੇ ਦਿੱਲੀ ਸਰਕਾਰ ਦੇ ਨਾਲ-ਨਾਲ ਦਿੱਲੀ ਪੁਲਿਸ ਨੂੰ ਦੋਸ਼ੀ ਠਹਿਰਾਉਂਦਿਆਂ ਆਪਣੇ ਸਖਤ ਭਰੇ ਲਹਿਜ਼ੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਜ਼ਾਦ ਦੇਸ਼ ਵਿੱਚ ਅਜਿਹੇ ਨਾਬਰਦਾਸ਼ਤ ਵਾਲੇ ਦ੍ਰਿਸ਼ ਅਚੰਭੇ ਵਾਲੀ ਗੱਲ ਹਨ।

ਉਨ੍ਹਾਂ ਪੁੱਛਿਆ, ”ਜਦੋਂ ਯੂਨੀਵਰਸਿਟੀ ਕੈਂਪਸ ਵਿੱਚ ਵਿਦਿਆਰਥੀਆਂ, ਸਟਾਫ ਅਤੇ ਅਧਿਆਪਕਾਂ ਉਤੇ ਸ਼ਰ੍ਹੇਆਮ ਬੇਰਹਿਮੀ ਨਾਲ ਹਮਲਾ ਕੀਤਾ ਜਾ ਰਿਹਾ ਸੀ ਤਾਂ ਦਿੱਲੀ ਪੁਲਿਸ ਕਿੱਥੇ ਸੀ?” ਉਨ੍ਹਾਂ ਨਾਲ ਹੀ ਮੰਗ ਕਰਦਿਆਂ ਕਿਹਾ,”ਇਹੋ ਦਿੱਲੀ ਪੁਲਿਸ ਕੁਝ ਦਿਨ ਪਹਿਲਾਂ ਜਾਮੀਆ ਮਾਲੀਆ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ਉਤੇ ਪੂਰੀ ਤਰ੍ਹਾਂ ਐਕਸ਼ਨ ਵਿੱਚ ਆ ਗਈ ਸੀ ਤੇ ਹੁਣ ਅਚਾਨਕ ਜੇ.ਐਨ.ਯੂ. ਵਿੱਚ ਕਿਉਂ ਪਿੱਛੇ ਹੱਟਣ ਦਾ ਫੈਸਲਾ ਕਰ ਲਿਆ? ਕਿਸ ਦੇ ਕਹਿਣ ‘ਤੇ ਉਨ੍ਹਾਂ ਕੋਈ ਪੈਰਵੀ ਨਹੀਂ ਕੀਤੀ?”

ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਉਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਜਦੋਂ ਜੇ.ਐਨ.ਯੂ. ਸੜ ਰਹੀ ਸੀ ਤਾਂ ਉਹ ਕਿਤੇ ਨਜ਼ਰ ਨਹੀਂ ਆਇਆ। ਪੰਜਾਬ ਦੇ ਮੁੱਖ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਗੁੱਸੇ ਵਿੱਚ ਪੁੱਛਦਿਆਂ ਕਿਹਾ, ‘ਉਹ ਮੌਕੇ ‘ਤੇ ਕਿਉਂ ਨਹੀਂ ਗਏ? ਕੀ ਇਸ ਮਾਮਲੇ ਉਤੇ ਸਿਰਫ ਟਵੀਟ ਕਰਨਾ ਕਾਫੀ ਸੀ? ਇਕ ਮੁੱਖ ਮੰਤਰੀ ਜੋ ਆਪਣੇ ਆਪ ਨੂੰ ਦਿੱਲੀ ਦੇ ਲੋਕਾਂ ਦੀ ਭਲਾਈ ਦਾ ਰਾਖਾ ਦੱਸਦਾ ਹੈ, ਨੂੰ ਕੀ ਇਸ ਮਾਮਲੇ ਵਿੱਚ ਨਿੱਜੀ ਦਖਲ ਨਹੀਂ ਦੇਣਾ ਚਾਹੀਦਾ ਸੀ?”

ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ, ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਦਿੱਲੀ ਪੁਲਿਸ ਨੂੰ ਇਸ ਮਾਮਲੇ ‘ਤੇ ਪੂਰੀ ਤਰ੍ਹਾਂ ਮੂਕ ਦਰਸ਼ਨ ਬਣੇ ਰਹਿਣ ਲਈ ਆੜੇ ਹੱਥੀ ਲੈਂਦਿਆਂ ਕਿਹਾ ਕਿ ਜੇ.ਐਨ.ਯੂ. ਵਿੱਚ ਬੀਤੀ ਰਾਤ ਅਮਨ-ਕਾਨੂੰਨ ਦੀ ਵਿਗੜੀ ਹੋਈ ਅਜਿਹੀ ਹੈਰਾਨੀਜਨਕ ਘਟਨਾ ਨੇ ਭਾਰਤ ਵੱਲੋਂ ਪ੍ਰਪੱਕ ਲੋਕਤੰਤਰ ਦੇਸ਼ ਹੋਣ ਦੇ ਕੀਤੇ ਜਾ ਰਹੇ ਦਾਅਵੇ ਦੀ ਖਿੱਲੀ ਉਡਾਈ ਹੈ। ਇਹ ਹੁੱਲੜਬਾਜ਼ੀ ਤੇ ਹਿੰਸਾ ਦਾ ਨੰਗਾ ਨਾਚ ਹਰ ਉਸ ਸੰਸਥਾ ਦੇ ਫੇਲ੍ਹ ਹੋਣ ਦੀ ਗਵਾਹੀ ਭਰਦਾ ਹੈ ਜੋ ਦਿੱਲੀ ਦੇ ਲੋਕਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ।

ਜੇ.ਐਨ.ਯੂ ਵਿਚ ਵਾਪਰੀਆਂ ਘਟਨਾਵਾਂ ਬਾਰੇ ਸੁਪਰੀਮ ਕੋਰਟ ਵੱਲੋਂ ਆਪਣੇ ਪੱਧਰ ‘ਤੇ ਹੀ ਨੋਟਿਸ ਲੈਣ ਸਬੰਧੀ ਕੁਝ ਵਿਅਕਤੀਆਂ ਵੱਲੋਂ ਉਠਾਈ ਗਈ ਮੰਗ ਦੀ ਹਮਾਇਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਾ ਕੇਵਲ ਹਮਲਾਵਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਜ਼ਰੂਰਤ ਸੀ ਜੋ ਪਹਿਲਾਂ ਤੋਂ ਯੋਜਨਾਬੱਧ ਢੰਗ ਨਾਲ ਹਮਲੇ ਦੀ ਫ਼ਿਰਾਕ ਵਿੱਚ ਸਨ।

ਉਨ੍ਹਾਂ ਕਿਹਾ ਕਿ ਸਗੋਂ ਉਨ੍ਹਾਂ ਵਿਰੁੱਧ ਵੀ ਕਾਰਵਾਈ ਬਣਦੀ ਹੈ ਜੋ ਇਸ ਨੂੰ ਨਿਰਵਿਘਨ ਜਾਰੀ ਰੱਖਣ ਦੀ ਖੁੱਲ੍ਹ ਦੇਣ ਵਿੱਚ ਸਹਿ-ਸਾਜਿਸ਼ਕਰਤਾ ਬਣ ਗਏ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੌਮੀ ਰਾਜਧਾਨੀ ਵਿੱਚ ਇਸ ਕਿਸਮ ਦੀ ਘਟਨਾ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਤਾਂ ਕੋਈ ਕਲਪਨਾ ਕਰ ਸਕਦਾ ਹੈ ਕਿ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵਿਦਿਅਕ ਅਦਾਰਿਆਂ ਵਿੱਚ ਕੀ ਹੋ ਸਕਦਾ ਹੈ?

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਦਿਅਕ ਸੰਸਥਾ ਵਿੱਚ ਵਿਦਿਆਰਥੀਆਂ ਉਤੇ ਅਜਿਹਾ ਹਮਲਾ ਦੇਸ਼ ਲਈ ਮੰਦਭਾਗੀ ਗੱਲ ਹੈ, ਜੇਕਰ ਇਸ ਨੂੰ ਅਣਗੌਲਿਆ ਕੀਤਾ ਗਿਆ ਤਾਂ ਲੋਕਤੰਤਰ ਦੇ ਆਲਮੀ ਪ੍ਰਤੀਕ ਅਤੇ ਕਾਨੂੰਨ ਦੇ ਸਮਰਥਕ ਵਜੋਂ ਜਾਣੇ ਜਾਂਦੇ ਭਾਰਤ ਦੀ ਸਾਖ਼ ‘ਤੇ ਮਾੜਾ ਅਸਰ ਪਵੇਗਾ।

ਉਨ੍ਹਾਂ ਵੰਗਾਰਦਿਆਂ ਪੁੱਛਿਆ ”ਇਹ ਉਹ ਹੀ ਦੇਸ਼ ਹੈ ਜਿਸ ਲਈ ਸਾਡੇ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜਾਨਾਂ ਵਾਰੀਆਂ। ਕੀ ਇਹ ਉਹ ਭਾਰਤ ਹੈ ਜਿਸ ਨੂੰ ਸਾਡੇ ਪੁਰਖਿਆਂ ਨੇ ਆਪਣੇ ਲਹੂ-ਪਸੀਨੇ ਨਾਲ ਸਿੰਜਿਆ ਸੀ?”

ਮੁੱਖ ਮੰਤਰੀ ਨੇ ਇਸ ਮੌਕੇ ਸਾਰੇ ਹਮ ਖਿਆਲੀ ਲੋਕਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੰਦਿਆਂ ਅਜਿਹੀਆਂ ਸ਼ਕਤੀਆਂ ਖਿਲਾਫ ਲੜਾਈ ਦਾ ਸੱਦਾ ਦਿੱਤਾ ਹੈ ਜੋ ਏਕਤਾ, ਸਦਭਾਵਨਾ ਤੇ ਧਰਮ ਨਿਰਪੱਖਤਾ ਵਾਲੇ ਸੰਵਿਧਾਨ ਉਤੇ ਆਧਾਰਿਤ ਦੇਸ਼ ਦੇ ਅਮੀਰ ਰੁਤਬੇ ਅਤੇ ਪ੍ਰਗਤੀਸ਼ੀਲ ਤੇ ਉਦਾਰ ਲੋਕਤੰਤਰ ਨੂੰ ਤਬਾਹ ਕਰਨ ਉਤੇ ਉਤਾਰੂ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION