ਅੱਜ-ਨਾਮਾ
ਕੁਝ ਕੁ ਦਿਨਾਂ ਦੀ ਜਾਪ ਰਹੀ ਸੁੱਖ ਹੈ ਸੀ,
ਵਹਿਮ ਸੁੱਖ ਦਾ ਗਿਆ ਫਿਰ ਟੁੱਟ ਮੀਆਂ।
ਜਰਮਨੀ ਵਿੱਚ ਹੈ ਚੱਲ ਗਈ ਕੱਲ੍ਹ ਗੋਲੀ,
ਦਿੱਤੇ ਈ ਲੋਕ ਕੁਝ ਮਾਰ ਕੇ ਸੁੱਟ ਮੀਆਂ।
ਬਿਨਾਂ ਕਾਰਨ ਵਹਾਇਆ ਹੈ ਖੂਨ ਕੀਹਨੇ,
ਲੱਗਦਾ ਪਤਾ ਨਾ, ਕਈ ਹਨ ਗੁੱਟ ਮੀਆਂ।
ਫਿਰਕਾ ਪ੍ਰਸਤੀ ਜਾਂ ਨਸਲ ਜਨੂੰਨ ਚੜ੍ਹਦਾ,
ਖਾਂਦੀ ਸਿਰਫ ਇਨਸਾਨੀਅਤ ਕੁੱਟ ਮੀਆਂ।
ਭਾਰਤ ਚੌਕਸ ਨਹੀਂ ਵੱਧ ਆ ਜਰਮਨਾਂ ਤੋਂ,
ਜਨੂੰਨੀ ਧਾੜਾਂ ਨਹੀਂ ਏਥੇ ਕੁਝ ਘੱਟ ਮੀਆਂ।
ਮੁੜ-ਮੁੜ ਸੁਣੇ ਜਾਂਦੇ ਦਾਅਵੇ ਚੌਕਸੀ ਦੇ,
ਕਾਤਲ ਮਾਰ ਜਾਂਦੇ ਮੁੜ-ਮੁੜ ਸੱਟ ਮੀਆਂ।
-ਤੀਸ ਮਾਰ ਖਾਂ
21 ਫਰਵਰੀ, 2020