31.1 C
Delhi
Monday, May 6, 2024
spot_img
spot_img

ਕਿੱਥੇ ਗਏ ਪਾਵਨ ਸਰੂਪ? – ਪੜ੍ਹੋ ਗਿਆਨੀ ਕੇਵਲ ਸਿੰਘ ਤੇ ਸਾਥੀਆਂ ਨੇ ਕੌਮ ਦੇ ਨਾਂਅ ਖੁਲ੍ਹਾ ਖੱਤ ਲਿਖ਼ ਕੇ ਕੀਤੀ ਕੀ ਅਪੀਲ

ਯੈੱਸ ਪੰਜਾਬ
ਅੰਮ੍ਰਿਤਸਰ, 3 ਸਤੰਬਰ, 2020:
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਕੇਵਲ ਸਿੰਘ, ਹਾਈਕੋਰਟ ਦੇ ਸੀਨੀਅਰ ਵਕੀਲ ਸ: ਨਵਕਿਰਨ ਸਿੰਘ, ਅਕਾਲ ਪੁਰਖ਼ ਕੀ ਫ਼ੌਜ ਦੇ ਐਡਵੋਕੇਟ ਸ: ਜਸਵਿੰਦਰ ਸਿੰਘ ਅਤੇ ਹੋਰ ਸਿੱਖ ਆਗੂਆਂ ਨੇ ਕੌਮ ਦੇ ਨਾਂਅ ਇਕ ਖੁਲ੍ਹਾ ਖ਼ਤ ਲਿਖ਼ਦਿਆਂ ਸ਼੍ਰੋਮਣੀ ਕਮੇਟੀ ’ਤੇ ਆਪਣੀ ਜ਼ਿੰਮੇਵਾਰੀ ਨਾ ਨਿਭਾਉਣ ਦੇ ਦੋਸ਼ ਹੀ ਨਹੀਂ ਲਗਾਏ ਸਗੋਂ ਅਹਿਮ ਸਵਾਲ ਉਠਾਇਆ ਹੈ ਕਿ ਗਾਇਬ ਹੋਏ ਪਾਵਨ ਸਰੂਪ ਕਿੱਥੇ ਹਨ?

ਅਸੀਂ ਯੈੱਸ ਪੰਜਾਬ ਦੇ ਪਾਠਕਾਂ ਲਈ ਸਿੱਖ ਆਗੂਆਂ ਵੱਲੋਂ ਲਿਖ਼ਿਆ ਪੱਤਰ ਹੇਠਾਂ ਹੂਬਹੂ ਛਾਪ ਰਹੇ ਹਾਂ।

ਖੁੱਲ੍ਹਾ ਪੱਤਰ

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰਯੋਗ ਗੁਰਸਿੱਖ ਪਿਆਰਿਆਂ ਦੇ ਨਾਂ …………

ਸਤਿਕਾਰਯੋਗ ਗੁਰੂਪਿਆਰੇ ਜੀਓ,

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

ਆਪਾਂ ਸੰਸਾਰ ਭਰ ਵਿਚੋਂ ਅਤਿ ਖੁਸ਼ਕਿਸਮਤ ਹਾਂ ਕਿ ਸਾਡੇ ਸਤਿਗੁਰੂ ਜੀ ਨੇ ਦਸਾਂ ਜਾਮਿਆਂ ਦੇ ਅੰਦਰ, ਸਾਨੂੰ ਅਤੇ ਪੂਰੀ ਮਾਨਵਤਾ ਨੂੰ ਗਿਆਨ ਬਖਸ਼ਿਸ਼ ਕਰਨਹਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਬਖਸ਼ੀ ਹੈ। ਅਸੀਂ ਅਦਬ ਨਾਲ ਆਪਣੇ ਸਤਿਗੁਰੂ ਜੀ ਨੂੰ ਜੁਗੋ ਜੁੱਗ ਅਟੱਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਕੇ ਸੰਬੋਧਨ ਹੁੰਦੇ ਹਾਂ। ਸਾਡੇ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤਿ ਹਨ। ਸਾਡੇ ਸਭ ਦੇ ਮਨ ਅੰਦਰ ਇਨ੍ਹਾਂ ਦਾ ਮਾਣ ਸਨਮਾਨ ਸਭ ਤੋਂ ਉੱਪਰ ਹੈ। ਸਿੱਖ ਕੌਮ ਆਪਣੇ ਸਤਿਗੁਰੂ ਜੀ ਦੇ ਅਦਬ ਸਤਿਕਾਰ ਵਾਸਤੇ ਸਦਾ ਤੱਤਪਰ ਸੀ ਤੇ ਹੈ। ਜਦੋਂ ਕਦੀ ਕਿਸੇ ਵਿਅਕਤੀ ਜਾਂ ਸੰਸਥਾ ਪਾਸੋਂ ਕਿਧਰੇ ਕਿਸੇ ਵੀ ਤਰ੍ਹਾਂ ਦੀ ਸਤਿਕਾਰ ਵਿੱਚ ਕਮੀ ਰਹਿ ਜਾਵੇ ਤਾਂ ਆਪਾਂ ਬਰਦਾਸ਼ਤ ਨਹੀ ਕਰਦੇ।

ਆਪ ਜੀ ਜਾਣਦੇ ਹੋ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖ ਕੇ ਕੌਮੀ ਪੱਧਰ ’ਤੇ ਛਪਵਾਈ ਦੇ ਸਾਰੇ ਅਧਿਕਾਰ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਜਾਣ ਕੇ ਸੌਂਪੇ ਸਨ ਕਿ ਇਹ ਸਿੱਖਾਂ ਦੀ ਸਭ ਤੋਂ ਵੱਧ ਜ਼ਿੰਮੇਵਾਰ ਸੰਸਥਾ ਹੈ। ਕੌਮ ਨੇ ਸੱਚੇ ਦਿਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ’ਤੇ ਵਿਸ਼ਵਾਸ ਕਰਕੇ ਆਪਣੇ ਆਪ ਨੂੰ ਸੁਰਖਰੂ ਸਮਝਿਆ ਸੀ। ਇਸ ਸੰਸਥਾ ਨੇ ਸਿੱਖ ਕੌਮ ਦਾ ਵਿਸ਼ਵਾਸ ਜਿਵੇਂ ਤੋੜਿਆ ਹੈ ਇਸ ਨੂੰ ਲੈ ਕੇ ਸਾਰੇ ਸਿੱਖ ਜਗਤ ਅੰਦਰ ਹਾਹਾਕਾਰ ਹੈ। ਆਪਣੇ ਲੋਕ ਪਰਲੋਕ ਦੇ ਸੁੱਖਦਾਤੇ ਸਤਿਗੁਰੂ ਜੀ ਅੱਗੇ ਆਪਾਂ ਸਾਰੇ ਸ਼ਰਧਾ ਸਤਿਕਾਰ ਵਿਸ਼ਵਾਸ ਨਾਲ ਸਿਰ ਝੁਕਾਉਂਦੇ ਅਨੇਕਾਂ ਕਾਮਨਾਵਾਂ ਲਈ ਨਿਤਾਪ੍ਰਤੀ ਜੋਦੜੀਆਂ ਕਰਦੇ ਹਾਂ। ਗੁਰਸਿੱਖੋ ਦੇਖੋ ਕਿੱਡਾ ਵੱਡਾ ਲੋਹੜਾ ਆ ਗਿਆ ਹੈ ਕਿ ਜਿਸ ਸੰਸਥਾ ਨੂੰ ਆਪਣੀ ਜ਼ਿੰਮੇਵਾਰ ਸੰਸਥਾ ਮੰਨ ਕੇ ਸਭ ਪ੍ਰਬੰਧ ਸੌਂਪਿਆ ਸੀ, ਉਸ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਵੱਲ ਪਹਿਲ ਦੇ ਅਧਾਰ ’ਤੇ ਧਿਆਨ ਦੇਣ ਤੋਂ ਕਿੰਨੇ ਲੰਮੇ ਸਮੇਂ ਤੋਂ ਕੁਤਾਹੀ ਕਰਨੀ ਜਾਰੀ ਰੱਖੀ ਹੋਈ ਹੈ। 2015 ਤੋਂ ਅੱਜ ਤੱਕ ਕਿੰਨਾ ਲੰਮਾ ਸਮਾਂ ਹੈ, ਕਾਰਜਕਰਨੀ ਤੋਂ ਲੈ ਕੇ ਮੁੱਖ ਅਧਿਕਾਰੀਆਂ ਅਤੇ ਛੋਟੇ ਕਰਮਚਾਰੀਆਂ ਤੱਕ ਸਭ ਨੂੰ ਪਤਾ ਸੀ ਕਿ ਇਸ ਪ੍ਰਬੰਧ ਹੇਠ ਕੀ ਕੀ ਅਣਸੁਖਾਵਾਂ ਦੁੱਖਦਾਈ ਵਾਪਰ ਰਿਹਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਗੁਰਦੁਆਰਾ ਰਾਮਸਰ ਸਾਹਿਬ ਜਿਥੇ ਛਪਾਈ ਦਾ ਪ੍ਰਬੰਧ ਹੈ ੳੁੱਥੇ ਅਗਨ ਭੇਟ ਹੋ ਜਾਣਾ, ਇਨ੍ਹਾਂ ਪ੍ਰਬੰਧਕਾਂ ਨੇ ਮਮੂਲੀ ਘਟਨਾ ਜਾਣਕੇ ਛੁਪਾ ਲਿਆ। ਉੱਥੇ ਅੱਗ ਬੁਝਾਊ ਗੱਡੀਆਂ ਆਈਆਂ, ਪੁਲਿਸ ਆਈ, ਮਗਰ ਸਭ ਦੇ ਕੁੱਝ ਉੱਪਰ ਪਰਦਾ ਪਾ ਕੇ ਨਾਨਕ ਨਾਮ ਲੇਵਾ ਅਤੇ ਸਿੱਖ ਕੌਮ ਨਾਲ ਨਾਲ ਧੋਖਾ ਕੀਤਾ।

ਗੁਰਸਿੱਖੋ, ਕਿਸੇ ਤਰ੍ਹਾਂ ਅੰਦਰਲਾ ਓਹਲਾ ਸਾਹਮਣੇ ਆ ਗਿਆ ਕਿ 267 ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪਿਛੇ ਹੋਏ ਹਨ। ਜਾਣਕਾਰੀ ਬਾਹਰ ਆੳੇੁਣ ’ਤੇ ਕੌਮ ਵੱਲੋਂ ਰੌਲਾ ਪੈਂਦਾ ਹੈ। ਮਜਬੂਰੀ ਵਸ ਪੜਤਾਲ ਕਰਵਾਈ ਜਾਂਦੀ ਹੈ। ਅਕਾਲ ਤਖਤ ਸਾਹਿਬ ਵਲੋ ਕਾਫੀ ਕੁਝ ਸੰਗਤਾਂ ਸਾਹਮਣੇ ਰਖਿਆ ਗਿਆ ਅਤੇ ਨਤੀਜੇ ਵਿੱਚ 267 ਪਾਵਨ ਸਰੂਪਾਂ ਤੋਂ ਗਿਣਤੀ ਵੱਧ ਕੇ 328 ਹੋ ਗਈ ਹੈ। ਮਜਬੂਰੀ ਦੀ ਹਾਲਤ ਵਿਚ ਮੁਲਾਜ਼ਮਾਂ ’ਤੇ ਕਾਰਵਾਈ ਦੀ ਗੱਲ ਹੋਈ ਹੈ। ਗੁਰਸਿੱਖੋ, ਕੌਮ ਦੇ ਸਾਹਮਣੇ ਵੱਡਾ ਸਵਾਲ ਹੈ ਕਿ ਪਾਵਨ ਸਰੂਪ ਗਏ ਕਿੱਥੇ ਹਨ? ਕਿਧਰੇ ਦੁਸ਼ਮਣ ਹੱਥਾਂ ਵਿੱਚ ਨਾ ਚਲੇ ਗਏ ਹੋਣ। ਕੋਈ ਲਿਖਤੀ ਅਦਲ ਬਦਲ ਕਰਕੇ ਨਵਾ ਬਖੇੜਾ ਨਾ ਖੜ੍ਹਾ ਹੋ ਚੁਕਾ ਹੋਵੇ। ਦੁਸ਼ਮਣ ਬਰਗਾੜੀ ਬੇਅਦਬੀ ਕਾਂਡ ਵਾਂਗ ਬੇਅਦਬੀ ਕਰਕੇ ਸਿੱਖ ਕੌਮ ਦੀਆਂ ਰੂਹਾਂ ਨੂੰ ਲਹੂ ਲੂਹਾਣ ਨਾ ਕਰ ਦੇਵੇ।

ਇਸ ਤੋ ਇਲਾਵਾ ਕੈਨੇਡਾ ਵਿਖੇ ਅਣਗਿਣਤ ਛਪਾਈ ਅਤੇ ਸਮੁੰਦਰੀ ਜਹਾਜ਼ ਰਾਹੀਂ ਭੇਜੇ ਅਤੇ ਬੱਸ ਵਿਚ ਪਏ ਪਾਵਨ ਸਰੂਪਾਂ ਦੀ ਬੇਅਦਬੀ ਵੀ ਸਾਹਮਣੇ ਆਈ ਹੈ। ਹਾਲੇ ਹੋਰ ਕੀ ਛੁਪਿਆ ਹੈ ਪਤਾ ਨਹੀਂ?

ਗੁਰੂ ਕੇ ਸਿੱਖੋ, ਆਪ ਜੀ ਸਾਧਾਰਨ ਕਿਰਤੀ ਹੋਣ ਦੇ ਨਾਲ ਨਾਲ ਕਿਸੇ ਨ ਕਿਸੇ ਸਮਾਜਿਕ, ਧਾਰਮਿਕ, ਰਾਜਨੀਤਕ ਜੱਥੇਬੰਦੀ ਅਤੇ ਕਿਸੇ ਡੇਰੇ ਸੰਪਰਦਾ ਨਾਲ ਸਬੰਧਤ ਹੋ। ਉੱਠੋ ਜਗਾਓ! ਆਪਣੀਆਂ ਜ਼ਮੀਰਾਂ ਨੂੰ ਮੌਕੇ ਅਤੇ ਨੂੰ ਸੰਭਾਲੀਏ। ਤੁਹਾਡੇ ਅੰਦਰ ਪੜ੍ਹੇ ਲਿਖੇ ਸਮਰਪਿਤ ਗੁਰਸਿੱਖ ਹਨ ਜੋ ਸਮਾਜ ਅਤੇ ਜੱਥੇਬੰਦੀਆਂ ਅੰਦਰ ਮਾਣਮੱਤਾ ਸਫਾਨ ਰੱਖਦੇ ਹਨ। ਕਾਨੂੰਨ ਅਤੇ ਹੋਰ ਸਿਆਣਪਾਂ ਦੇ ਮਾਲਕ ਹਨ। ਉਨ੍ਹਾਂ ਦਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਿਚ ਅੱਗੇ ਆਉਣਾ ਬੇਹੱਦ ਜ਼ਰੂਰੀ ਹੈ।ਆਉ ਪਤਾ ਕਰੀਏ 328 ਪਾਵਨ ਸਰੂਪ ਕਿੱਥੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਅਧਿਕਾਰੀ ਜਿਨ੍ਹਾਂ ’ਤੇ ਪੜਤਾਲ ਅਨੁਸਾਰ ਕਾਰਵਾਈ ਹੋਈ ਹੈ, ਉਹ ਵੀ ਆਪਣੀਆਂ ਜਮੀਰਾਂ ਨੂੰ ਜਾਗਦਿਆਂ ਕਰਕੇ ਸੱਚ ਕੌਮ ਦੇ ਸਾਹਮਣੇ ਰੱਖਣ। ਸਾਰਾ ਕੁਝ ਕੀ ਤੇ ਕਿਵੇਂ ਹੋਇਆ? ਹੋਰ ਕੌਣ ਕੌਣ ਸ਼ਾਮਲ ਹੈ?

ਗੁਰੂ ਪਿਆਰਿਉ ਤੁਸੀ ਸੋਚੋ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਿਵੇਂ ਸੁਰਖੁਰੂ ਰਹਿਣਗੀਆਂ? ਉਹ ਤਾਂ ਤਾਣੇ ਮਿਹਣੇ ਹੀ ਲੈਣ ਜੋਗੀਆਂ ਰਹਿ ਜਾਣਗੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਕੀ ਦੇ ਛੋਟੇ ਵੱਡੇ ਅਧਿਕਾਰੀ ਸਿੱਖ ਹੋਣ ਦਾ ਫਰਜ਼ ਨਿਭਾਉਣ। ਉਹਨਾਂ ਪਾਸ ਕਿਸੇ ਵੀ ਕਿਸਮ ਦੀ ਜਾਣਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਬਾਰੇ ਹੋਵੇ ਤਾਂ ਸਿੱਖ ਕੌਮ ਨੂੰ ਦੱਸਣ। ਜ਼ਰੂਰ ਐਸੇ ਸਿੱਖ ਹੋਰ ਹੋਣਗੇ ਜਿਨ੍ਹਾਂ ਕੋਲ ਹੋਰ ਵੀ ਢੇਰ ਸਾਰੀ ਜਾਣਕਾਰੀ ਹੋਵੇਗੀ। ਪੰਥਕ ਤਾਲਮੇਲ ਸੰਗਠਨ ਅਤਿ ਨਿਮਰਤਾ ਨਾਲ ਸਭ ਨੂੰ ਗੁਰੂ ਜੀ ਦੇ ਭਉ-ਭਾਉ ਵਿਚ ਬੇਨਤੀ ਕਰਦਾ ਹੈ ਕਿ ਸਾਰੀ ਕੌਮ ਸਭ ਮਤ ਭੇਦ ਪਾਸੇ ਰੱਖ ਕੇ ਇਸ ਮੌਕੇ ਸਾਹਮਣੇ ਆਉਣ ਦਾ ਫਰਜ ਨਿਭਾਵੇ।

ਆਪ ਜੀ ਦੇ ਭਰਪੂਰ ਸਹਿਯੋਗ ਦੇ ਆਸ ਵਿਚ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION