31.7 C
Delhi
Sunday, May 5, 2024
spot_img
spot_img

ਇੱਕ ਮਿਸ਼ਨ ਹੈ ਜੋ ਮੈਂ ਪੰਜਾਬ, ਭਾਰਤ ਲਈ ਪੂਰਾ ਕਰਨਾ ਹੈ: ਕੈਪਟਨ ਅਮਰਿੰਦਰ ਸਿੰਘ

ਯੈੱਸ ਪੰਜਾਬ
ਚੰਡੀਗੜ੍ਹ, 26 ਸਤੰਬਰ, 2022:
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੇ ਇੱਕ ਮਿਸ਼ਨ ਪੂਰਾ ਕਰਨਾ ਹੈ। “ਮੇਰੇ ਕੋਲ ਇੱਕ ਮਿਸ਼ਨ ਹੈ ਜਿਸ ਨੂੰ ਪੂਰਾ ਕਰਨਾ ਹੈ ਅਤੇ ਉਹ ਹੈ ਰਾਜ ਅਤੇ ਦੇਸ਼ ਦੇ ਹਿੱਤ ਲਈ ਕੰਮ ਕਰਨਾ”, ਉਸਨੇ ਟਿੱਪਣੀ ਕੀਤੀ।

ਅੱਜ ਇੱਥੇ ਸੂਬਾ ਭਾਜਪਾ ਹੈੱਡਕੁਆਰਟਰ ਵਿਖੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਜੇਪੀ ਨੱਡਾ ਦੇ ਹੱਥ ਮਜ਼ਬੂਤ ਕਰਨਾ ਚਾਹੁੰਦੇ ਹਨ।

ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਅਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਪੰਜਾਬ ਨਾਲ ਵਿਸ਼ੇਸ਼ ਲਗਾਅ ਹੈ ਕਿਉਂਕਿ ਜਦੋਂ ਵੀ ਉਹ ਮੁੱਖ ਮੰਤਰੀ ਵਜੋਂ ਉਨ੍ਹਾਂ ਨੂੰ ਸੂਬੇ ਦੀ ਕੋਈ ਮੰਗ ਲੈ ਕੇ ਮਿਲੇ ਤਾਂ ਉਨ੍ਹਾਂ ਨੇ ਉਸ ਨੂੰ ਸਹਿਜੇ ਹੀ ਸਵੀਕਾਰ ਕਰ ਲਿਆ।

ਕੈਪਟਨ ਅਮਰਿੰਦਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ‘ਚ ਕੋਈ ਸ਼ਾਸਨ ਨਹੀਂ ਹੈ। ਉਨ੍ਹਾਂ ਕਿਹਾ ਕਿ ਜਰਮਨੀ ਵਿੱਚ ਜੋ ਵਾਪਰਿਆ, ਉਹ ਇੱਕ ਮੁੱਖ ਮੰਤਰੀ ਲਈ ਅਣਹੋਣੀ ਸੀ। ਉਨ੍ਹਾਂ ਕਿਹਾ ਕਿ ਇਹ ਰਾਘਵ ਚੱਢਾ ਹੀ ਹੈ ਜੋ ਅਰਵਿੰਦ ਕੇਜਰੀਵਾਲ ਦੀ ਕਮਾਨ ਹੇਠ ਸ਼ੋਅ ਚਲਾ ਰਿਹਾ ਹੈ।

ਸੀਨੀਅਰ ਆਗੂ ਨੇ ਕਿਹਾ ਕਿ ਇਹ ਇੱਕ ਸਰਕਾਰ ਲਈ ਬੜੀ ਸ਼ਰਮਨਾਕ ਗੱਲ ਹੈ ਕਿ ਸੱਤਾ ਵਿੱਚ ਸਿਰਫ਼ ਛੇ ਮਹੀਨੇ ਰਹਿੰਦਿਆਂ ਉਸ ਨੂੰ ਆਪਣੇ ਲਈ ਭਰੋਸੇ ਦਾ ਵੋਟ ਲਿਆਉਣਾ ਪਿਆ ਹੈ। “ਇਸਦਾ ਮਤਲਬ ਹੈ ਕਿ ਤੁਸੀਂ ਪਹਿਲਾਂ ਹੀ ਆਪਣੇ ਲੋਕਾਂ ਦਾ ਭਰੋਸਾ ਗੁਆ ਚੁੱਕੇ ਹੋ”, ਉਨ੍ਹਾਂ ਨੇ ‘ਆਪ’ ਲੀਡਰਸ਼ਿਪ ‘ਤੇ ਤੰਜ ਕਸਦੇ ਕਿਹਾ।

ਇਸ ਦਿੱਗਜ ਆਗੂ ਨੇ ਪੰਜਾਬ ਵਿੱਚ ‘ਆਪ’ ਸਰਕਾਰ ਦੇ ਬਚਣ ‘ਤੇ ਸ਼ੰਕਾ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿ ਪੰਜਾਬ ਦੇ ਲੋਕ ਇਸ ਸਰਕਾਰ ਨੂੰ ਜ਼ਿਆਦਾ ਦੇਰ ਤੱਕ ਬਰਦਾਸ਼ਤ ਕਰਨਗੇ। “ਸਾਨੂੰ ਲੜਾਈ ਲਈ ਤਿਆਰ ਰਹਿਣਾ ਪਵੇਗਾ ਅਤੇ ਜਦੋਂ ਵੀ ਮੌਕਾ ਮੰਗੇਗਾ ਅਸੀਂ ਲੜਾਂਗੇ”, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ।

ਸਾਬਕਾ ਮੁੱਖ ਮੰਤਰੀ ਨੇ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ‘ਤੇ ਵਰ੍ਹਦਿਆਂ ਕਿਹਾ ਕਿ ਉਹ ਸਮੁੱਚੇ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ, “ਪੰਜਾਬੀਆਂ ਨੇ ਦੁਨੀਆ ਭਰ ਵਿੱਚ ਆਪਣੇ ਲਈ ਇੱਕ ਮਾਣ ਵਾਲੀ ਥਾਂ ਬਣਾਈ ਹੈ ਅਤੇ ਪੰਨੂੰ ਵੱਲੋਂ ਜੋ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਸਨ, ਉਹ ਸਿਰਫ਼ ਬਦਨਾਮ ਹੀ ਕਰ ਰਹੀਆਂ ਸਨ।”

ਕੈਪਟਨ ਅਮਰਿੰਦਰ ਨੇ ਰਾਜਸਥਾਨ ਕਾਂਗਰਸ ‘ਚ ਹੋ ਰਹੇ ਘਟਨਾਕ੍ਰਮ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਕਾਂਗਰਸ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਕਿਉਂਕਿ ਉਹ ਹੁਣ ਇਸ ਪਾਰਟੀ ‘ਚ ਨਹੀਂ ਰਹੇ।

ਅਮਨ-ਕਾਨੂੰਨ ਦੇ ਮੁੱਦੇ ਅਤੇ ਪੰਜਾਬ ਪੁਲਿਸ ਦੇ ਖੁਫੀਆ ਹੈੱਡਕੁਆਰਟਰ ‘ਤੇ ਆਰਪੀਜੀ ਹਮਲੇ ਵਰਗੀਆਂ ਘਟਨਾਵਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਦੁਸ਼ਮਣ ਮੁਹਾਲੀ ਵਿੱਚ ਹਮਲਾ ਕਰ ਸਕਦੇ ਹਨ, ਜੋ ਚੰਡੀਗੜ੍ਹ ਦੇ ਬਹੁਤ ਨੇੜੇ ਹੈ।

ਸਾਬਕਾ ਮੁੱਖ ਮੰਤਰੀ ਨੇ ਕਈ ਮੁੱਦਿਆਂ ਖਾਸ ਕਰਕੇ ਰਾਸ਼ਟਰੀ ਸੁਰੱਖਿਆ ਲਈ ਖਤਰੇ ਨਾਲ ਨਜਿੱਠਣ ਲਈ ਸੂਬਾ ਅਤੇ ਕੇਂਦਰ ਸਰਕਾਰ ਦਰਮਿਆਨ ਠੋਸ ਯਤਨਾਂ ਦਾ ਸੁਝਾਅ ਦਿੱਤਾ। ਪਰ, ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਸਹਿਯੋਗੀ ਪਹੁੰਚ ਅਪਣਾਉਣ ਦੀ ਬਜਾਏ ਕੇਂਦਰ ਨਾਲ ਟਕਰਾਅ ਦਾ ਰਾਹ ਅਖਤਿਆਰ ਕਰ ਲਿਆ ਹੈ ਜੋ ਸੂਬੇ ਲਈ ਠੀਕ ਨਹੀਂ ਹੈ।

ਪ੍ਰੈੱਸ ਕਾਨਫਰੰਸ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੀਨੀਅਰ ਆਗੂ ਸੁਨੀਲ ਕੁਮਾਰ ਜਾਖੜ, ਮਨੋਰੰਜਨ ਕਾਲੀਆ, ਡਾਕਟਰ ਰਾਜ ਕੁਮਾਰ ਵੇਰਕਾ ਅਤੇ ਹਰਜੀਤ ਸਿੰਘ ਗਰੇਵਾਲ ਵੀ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION