27.1 C
Delhi
Saturday, May 11, 2024
spot_img
spot_img

ਆਈ.ਏ.ਐਸ. ਅਧਿਕਾਰੀ ਚੰਦਰ ਗੈਂਦ ਨੇ ਪਟਿਆਲਾ ਦੇ ਡਵੀਜਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਪਟਿਆਲਾ, 3 ਜੁਲਾਈ, 2020 –
2004 ਬੈਚ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਸ੍ਰੀ ਚੰਦਰ ਗੈਂਦ ਨੇ ਅੱਜ ਪਟਿਆਲਾ ਡਵੀਜਨ ਦੇ ਡਵੀਜ਼ਨਲ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਸ੍ਰੀ ਚੰਦਰ ਗੈਂਦ ਇਸ ਤੋਂ ਪਹਿਲਾਂ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਫਿਸ਼ਰੀਜ਼ ਵਿਭਾਗ ਪੰਜਾਬ ਦੇ ਸਕੱਤਰ ਵਜੋਂ ਸੇਵਾ ਨਿਭਾ ਰਹੇ ਸਨ ਅਤੇ ਕੁਝ ਸਮਾਂ ਪਹਿਲਾਂ ਉਹ ਫ਼ਿਰੋਜ਼ਪੁਰ ਜ਼ਿਲ੍ਹੇ ਵਿਖੇ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਸਨ।

ਪਟਿਆਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉਨ੍ਹਾਂ ਦੀ ਆਮਦ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਐਸ.ਡੀ.ਐਮ. ਸ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ ਸਹਾਇਕ ਕਮਿਸ਼ਨਰ (ਯੂ.ਟੀ.) ਸ. ਜਗਨੂਰ ਸਿੰਘ ਗਰੇਵਾਲ ਤੇ ਮਿਸ ਜਸਲੀਨ ਕੌਰ ਅਤੇ ਹੋਰ ਅਧਿਕਾਰੀਆਂ ਨੇ ਸ੍ਰੀ ਗੈਂਦ ਦਾ ਸਵਾਗਤ ਕੀਤਾ। ਇਸ ਮੌਕੇ ਪੁਲਿਸ ਦੀ ਟੁਕੜੀ ਨੇ ਗਾਰਡ ਆਫ਼ ਆਨਰ ਨਾਲ ਸ੍ਰੀ ਗੈਂਦ ਨੂੰ ਸਲਾਮੀ ਦਿੱਤੀ।

ਅਹੁਦਾ ਸੰਭਾਲਣ ਮਗਰੋਂ ਸ੍ਰੀ ਗੈਂਦ ਨੇ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨਾਲ ਸੰਖੇਪ ਮੀਟਿੰਗ ਕੀਤੀ ਅਤੇ ਜ਼ਿਲ੍ਹੇ ਬਾਰੇ ਜਾਣਕਾਰੀ ਲੈਂਦਿਆਂ ਸਮੂਹ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ।

ਇਸ ਮੌਕੇ ਸ੍ਰੀ ਚੰਦਰ ਗੈਂਦ ਨੇ ਕਿਹਾ ਕਿ ਪਟਿਆਲਾ ਜ਼ਿਲ੍ਹਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦਾ ਜੱਦੀ ਜ਼ਿਲ੍ਹਾ ਹੋਣ ਕਰਕੇ ਜ਼ਿਲ੍ਹਾ ਅਧਿਕਾਰੀਆਂ ਦੀ ਜਿੰਮੇਵਾਰੀ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ, ਇਸ ਲਈ ਲੋਕਾਂ ਨਾਲ ਜੁੜੇ ਸਰਕਾਰ ਦੇ ਪ੍ਰੋਗਰਾਮਾਂ ਤੇ ਨੀਤੀਆਂ ਨੂੰ ਹੇਠਲੇ ਪੱਧਰ ‘ਤੇ ਲਾਗੂ ਕਰਵਾਉਣਾ ਉਨ੍ਹਾਂ ਦੀ ਮੁੱਢਲੀ ਤਰਜੀਹ ਹੋਵੇਗੀ।

ਸ੍ਰੀ ਗੈਂਦ ਨੇ ਕਿਹਾ ਕਿ ਲੋਕਾਂ ਨਾਲ ਜੁੜੇ ਨਵੇਂ ਪ੍ਰੋਗਰਾਮ ਉਲੀਕਣੇ ਅਤੇ ਲੋਕ ਹਿੱਤ ਦੇ ਫੈਸਲੇ ਲੈਣ ਸਮੇਤ ਨਿਆਂ ਲੈਣ ਆਏ ਹਰ ਵਿਅਕਤੀ ਨੂੰ ਬਿਨ੍ਹਾਂ ਦੇਰੀ ਤੋਂ ਸਮੇਂ ਸਿਰ ਨਿਆਂ ਦੇਣਾ ਵੀ ਉਨ੍ਹਾਂ ਦੀ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਵਿਕਾਸ ਪ੍ਰੋਗਰਾਮਾਂ ਅਤੇ ਵਿਕਾਸ ਕਾਰਜਾਂ ‘ਚ ਹੋਰ ਤੇਜੀ ਲਿਆਉਣ ਤੇ ਕੰਮਾਂ ਦੀ ਗੁਣਵੱਤਾ ਲਈ ਤਿੱਖੀ ਨਜ਼ਰ ਵੀ ਰੱਖੀ ਜਾਵੇਗੀ।

ਸ੍ਰੀ ਗੈਂਦ ਨੇ ਕੋਵਿਡ-19 ਦੀ ਗੱਲ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਪਾ ਕੇ ਰੱਖਣ, ਆਪਸੀ ਦੂਰੀ ਤੇ ਹੱਥ ਧੋਣ ਦੇ ਇਹਤਿਆਤਾਂ ਦਾ ਪਾਲਣ ਕਰਨ ਤਾਂ ਹੀ ਅਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਨੂੰ ਲੋਕਾਂ ਦੇ ਸਹਿਯੋਗ ਨਾਲ ਸਫ਼ਲ ਬਣਾ ਸਕਾਂਗੇ।

ਡਵੀਜਨਲ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਸ੍ਰੀ ਚੰਦਰ ਗੈਂਦ ਨੇ ਆਪਣੀ ਧਰਮ ਪਤਨੀ ਡਾ. ਰਿਚਾ ਗੈਂਦ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਅਤੇ ਪੁਰਾਤਨ ਮੰਦਿਰ ਸ੍ਰੀ ਕਾਲੀ ਦੇਵੀ ਵਿਖੇ ਵੀ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਡਵੀਜਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਤੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਭੇਟ ਕੀਤਾ ਜਦੋਂ ਕਿ ਮੰਦਿਰ ਸ੍ਰੀ ਕਾਲੀ ਦੇਵੀ ਵਿਖੇ ਵੀ ਸ੍ਰੀ ਗੈਂਦ ਨੂੰ ਸਨਮਾਨਤ ਕੀਤਾ ਗਿਆ। ਇਸ ਤੋਂ ਬਾਅਦ ਸ੍ਰੀ ਗੈਂਦ ਨਗਰ ਨਿਗਮ ਦੀ ਸਨੌਰ ਰੋਡ ‘ਤੇ ਸਥਿਤ ਗਊਸ਼ਾਲਾ ਵਿਖੇ ਵੀ ਗਏ ਅਤੇ ਜਿੱਥੇ ਇਸ ਗਊਸ਼ਾਲਾ ਦਾ ਪ੍ਰਬੰਧ ਦੇਖ ਰਹੀ ਸ੍ਰੀ ਰਾਧਾ ਕ੍ਰਿਸ਼ਨ ਗਊ ਸੇਵਾ ਸਮਿਤੀ ਦੇ ਪ੍ਰਧਾਨ ਸ੍ਰੀ ਅਨੀਸ਼ ਮੰਗਲਾ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

ਜਿਕਰਯੋਗ ਹੈ ਕਿ ਸ੍ਰੀ ਚੰਦਰ ਗੈਂਦ ਨੇ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਹੁੰਦਿਆਂ ਅਨੋਖੀਆਂ ਪੈੜਾਂ ਪਾਈਆਂ ਅਤੇ ਨਿਵੇਕਲੇ ਫੈਸਲੇ ਲਏ, ਜ਼ਿਨ੍ਹਾਂ ਦੀ ਹਰ ਵਰਗ ਦੇ ਲੋਕਾਂ ਵੱਲੋਂ ਭਰਵੀਂ ਸ਼ਲਾਘਾ ਕੀਤੀ ਗਈ। ਸ੍ਰੀ ਗੈਂਦ ਨੇ ਲੋਕੋਮੋਟਰ ਬਿਮਾਰੀ ਤੋਂ ਪ੍ਰਭਾਵਤ ਇੱਕ 15 ਸਾਲਾ ਲੜਕੀ ਅਨਮੋਲ ਨੂੰ ਇੱਕ ਦਿਨ ਲਈ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਬਣਾਇਆ ਅਤੇ ਨਾਲ ਹੀ ਅਨਮੋਲ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ‘ਚ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਲਈ ਬ੍ਰਾਂਡ ਅੰਬੈਸਡਰ ਵੀ ਨਿਯੁਕਤ ਕੀਤਾ ਸੀ।

ਇਸੇ ਤਰ੍ਹਾਂ ਸ੍ਰੀ ਗੈਂਦ ਨੇ ਜ਼ਿਲ੍ਹੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਘਰ-ਘਰ ਹਰਿਆਲੀ ਦੀ ਸਫ਼ਲਤਾ ਲਈ ਇੱਕ ਅਹਿਮ ਤੇ ਨਿਵੇਕਲਾ ਫੈਸਲਾ ਲੈਂਦਿਆਂ ਜ਼ਿਲ੍ਹੇ ਅੰਦਰ ਅਸਲਾ ਲਾਇਸੈਂਸ ਲੈਣ ਦੇ ਚਾਹਵਾਨਾਂ ਲਈ 10 ਬੂਟੇ ਲਗਾਉਣੇ ਤੇ ਉਨ੍ਹਾਂ ਦੀ ਸੰਭਾਲ ਕਰਨੀ ਲਾਜਮੀ ਕਰਾਰ ਦਿੱਤਾ ਸੀ। ਇਸ ਤਹਿਤ ਅਸਲਾ ਲਾਇਸੈਂਸ ਲੈਣ ਵਾਲਾ ਪ੍ਰਾਰਥੀ ਅਰਜ਼ੀ ਦੇਣ ਤੋ ਪਹਿਲਾਂ 10 ਬੂਟੇ ਲਾਵੇ ਅਤੇ ਇਨ੍ਹਾਂ ਬੂਟਿਆਂ ਦੀ ਸੰਭਾਲ ਕਰੇ ਅਤੇ ਇਨ੍ਹਾਂ ਦੀ ਪ੍ਰਗਤੀ ਸਬੰਧੀਂ ਸੈਲਫ਼ੀ ਲੈਕੇ ਆਪਣੀ ਅਰਜ਼ੀ ਨਾਲ ਨੱਥੀ ਕਰੇਗਾ। ਇਸ ਉਪਰੰਤ ਹੀ ਅਸਲਾ ਲਾਇਸੈਂਸ ਲੈਣ ਦੇ ਚਾਹਵਾਨ ਦੀ ਫਾਇਲ ਅੱਗੇ ਵਧਦੀ ਸੀ, ਜੋ ਕਿ ਅੱਜ ਤੱਕ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਲਾਗੂ ਹੈ।

ਸ੍ਰੀ ਚੰਦਰ ਗੈਂਦ ਦੇ ਅਹੁਦਾ ਸੰਭਾਲਣ ਦੌਰਾਨ ਤਹਿਸੀਲਦਾਰ ਸ. ਰਣਜੀਤ ਸਿੰਘ ਤੇ ਨਾਇਬ ਤਹਿਸੀਲਦਾਰ ਸ. ਪਵਨਦੀਪ ਸਿੰਘ ਸਮੇਤ ਡਵੀਜਨਲ ਕਮਿਸ਼ਨਰ ਦਫ਼ਤਰ ਦਾ ਸਮੁੱਚਾ ਅਮਲਾ ਹਾਜ਼ਰ ਸੀ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION