31.7 C
Delhi
Monday, May 6, 2024
spot_img
spot_img

ਅੰਮ੍ਰਿਤਸਰ ਦੀ ਵੱਸੋਂ ਦੇ ਵੱਡੇ ਹਿੱਸੇ ਨੂੰ ਨਗਰ ਨਿਗਮ ਦੇ ਰਿਹੈ ‘ਜ਼ਹਿਰ’, ਤੁੰਗ ਢਾਬ ਨਾਲਾ ਬਣਿਆ ਸ਼ਹਿਰ ਵਾਸੀਆਂ ਦੀ ਸਿਹਤ ਲਈ ਖ਼ਤਰਾ

ਯੈੱਸ ਪੰਜਾਬ
ਅੰਮ੍ਰਿਤਸਰ, 7 ਜੂਨ, 2021:
ਬੀਤੇ ਦੀਨ ਵਿਸ਼ਵ ਵਾਤਾਵਰਣ ਦਿਵਸ ਮੌਕੇ, ਅੰਮਿਤਸਰ ਦੀਆਂ ਕਾਲੋਨੀਆਂ ਹੋਲੀ ਸਿਟੀ, ਸਵਿਸ ਸਿਟੀ, ਗੁਰੂ ਅਮਰਦਾਸ ਐਵੀਨਿਉ ਅਤੇ ਗੁਮਟਾਲਾ ਦੇ ਵਸਨੀਕਾਂ ਨੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਹਿਯੋਗ ਨਾਲ, ਤੁੰਗਢਾਬ ਨਾਲੇ ਵਿਚ ਹੋ ਰਹੇ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਨੂੰ ਉਜਾਗਰ ਕਰਨ ਲਈ ਇਕੱਤਰਤਾ ਕੀਤੀ।

ਤੁੰਗਢਾਬ ਡਰੇਨ ਗੁਰਦਾਸਪੁਰ ਦੇ ਪਿੰਡ ਤਲਵੰਡੀ ਭਾਰਥ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਦੀਆਂ ਬਹੁਤ ਸਾਰੀਆਂ ਨਗਰ ਨਿਗਮ ਦੇ ਅਧੀਨ ਆਉਂਦੀਆਂ ਕਾਲੋਨੀਆਂ ‘ਚੋਂ ਨਿਕਲ ਕੇ ਪੁਡਿਆਲਾ ਡਰੇਨ ਰਾਹੀਂ ਪਾਕਿਸਤਾਨ ਵਿਚ ਦਾਖ਼ਲ ਹੁੰਦਾ ਹੈ।

ਪਿਛਲੇ ਕਈ ਸਾਲਾਂ ਤੋਂ ਇਸ ਬਰਸਾਤੀ ਨਾਲੇ ’ਚ ਨਗਰ ਨਿਗਮ ਤੋਂ ਇਲਾਵਾ ਕੁੱਝ ਪਿੰਡਾਂ ਦੇ ਸੀਵਰੇਜ ਦਾ ਪਾਣੀ ਤੇ ਕੁੱਝ ਫੈਕਟਰੀਆਂ ਦਾ ਰਸਾਇਣ ਮਿਲਿਆ ਪਾਣੀ ਸੁੱਟਿਆ ਜਾਂਦਾ ਹੈ, ਜਿਸ ਕਰਕੇ ਇਹ ਗੰਦੇ ਨਾਲੇ ਦਾ ਰੂਪ ਅਖਤਿਆਰ ਕਰ ਗਿਆ ਹੈ ਤੇ ਇਹ ਨਾਲਾ ਕੱਚਾ ਹੋਣ ਕਰਕੇ ਇਸ ‘ਚ ਲੰਘਣ ਵਾਲਾ ਪਾਣੀ ਜ਼ਮੀਨ ‘ਚ ਰਿਸ ਕੇ ਜ਼ਮੀਨ ਹੇਠਲੇ ਪਾਣੀ ਨੂੰ ਦੂਸ਼ਿਤ ਕਰ ਰਿਹਾ ਹੈ ਜਿਸ ਨਾਲ ਨਾਲੇ ਦੇ ਆਸੇ ਪਾਸੇ ਵਸੀਆਂ ਦਰਜਨਾਂ ਕਾਲੋਨੀਆਂ ਦੇ ਵਸਨੀਕ ਪ੍ਰਭਾਵਿਤ ਹੋ ਰਹੇ ਹਨ।

ਹੋਲੀ ਸਿਟੀ ਦੇ ਵਸਨੀਕ ਦੇ ਨੁਮਾਇੰਦੇ ਕੈਲਾਸ਼ ਬਾਂਸਲ ਨੇ ਦੱਸਿਆ ਕਿ ਹੋਲੀ ਸਿਟੀ, ਗੁਰੂ ਅਮਰਦਾਸ ਐਵੀਨਿਊ ਅਤੇ ਸਵਿਸ ਸਿਟੀ ਦੇ ਬਾਹਰੀ ਖੇਤਰ ਵਿੱਚੋਂ ਲੰਘਦਾ ਨਾਲਾ ਪਹਿਲਾਂ ਮੌਸਮੀ ਮੀਂਹ ਦੇ ਪਾਣੀ ਦੀ ਨਿਕਾਸੀ ਸੀ ਪਰ ਫੈਕਟਰੀਆਂ ਦਾ ਰਸਾਇਣ ਮਿਲਿਆ ਗੰਦਾ ਪਾਣੀ ਅਤੇ ਸੀਵਰੇਜ ਦੇ ਪਾਣੀ ਦਾ ਰਲਾਅ ਹੋਣ ਕਰਕੇ ਇਹ ਗੰਦੇ ਨਾਲੇ ਦਾ ਰੂਪ ਅਖਤਿਆਰ ਕਰ ਗਿਆ।ਡਰੇਨ ਵਿੱਚੋਂ ਪੈਦਾ ਹੋ ਰਹੀਆਂ ਜ਼ਹਿਰੀਲੀਆਂ ਗੈਸਾਂ ਇਲਾਕਾ ਨਿਵਾਸੀਆਂ ਵਿੱਚ ਗੰਭੀਰ ਅਤੇ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਰਹੀਆਂ ਹਨ। ਕਾਰਪੋਰੇਸ਼ਨ ਨੂੰ ਲਗਾਤਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ।

ਉਨ੍ਹਾਂ ਕਿਹਾ ਕਿ ਨਾਲੇ ਦੇ ਪਾਣੀ ‘ਚ ਮੀਥੇਨ ਤੇ ਸਲਫਰ ਡਾਇਆਕਸਾਈਡ ਗੈਸ ਬਣਨ ਨਾਲ ਜਿਥੇ ਇਸ ਨਾਲੇ ਤੋਂ ਗੰਦੀ ਬਦਬੂ ਦੂਰ ਦੂਰ ਤੱਕ ਫੈਲਦੀ ਹੈ, ਇਸ ਦੇ ਘੇਰੇ ‘ਚ ਆਉਣ ਵਾਲੇ ਲੋਕ ਕੈਂਸਰ, ਜਿਗਰ, ਸਾਹ, ਚਮੜੀ ਤੇ ਕਈ ਹੋਰ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

ਉਥੇ ਇਸ ਤੋਂ ਪੈਦਾ ਹੋਣ ਵਾਲੇ ਕਣ ਤੇ ਘਾਤਕ ਰਸਾਇਣਾਂ ਦੇ ਮਾੜੇ ਪ੍ਰਭਾਵ ਦਾ ਅਸਰ ਲੋਕਾਂ ਦੀਆਂ ਬਿਜਲਈ ਵਸਤੂਆਂ ਏ.ਸੀ., ਕੂਲਰ, ਫਰਿੱਜ਼, ਗੀਜ਼ਰ, ਕੰਪਿਊਟਰ ਤੋਂ ਇਲਾਵਾ ਹੋਰ ਧਾਤਾਂ ਦੀਆਂ ਬਣੀਆਂ ਵਸਤੂਆਂ ‘ਤੇ ਦੇਖਣ ਨੂੰ ਮਿਲ ਰਿਹਾ ਹੈ ਜੋ ਕੁਝ ਸਮੇਂ ਦੇ ਬਾਅਦ ਹੀ ਖ਼ਰਾਬ ਹੋ ਜਾਂਦੀਆਂ ਹਨ । ਨਾਲੇ ਦਾ ਮਾੜਾ ਪ੍ਰਭਾਵ ਕਰੀਬ ਇਸ ਦੇ ਆਸੇ ਪਾਸੇ ਦੇ ਕਈ ਕਿਲੋਮੀਟਰਾਂ ‘ਚ ਪੈ ਰਿਹਾ ਹੈ ।

ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ: ਚਰਨਜੀਤ ਸਿੰਘ ਗੁਮਟਾਲਾ ਜੋ ਕਿ ਗੁਮਟਾਲਾ ਦੇ ਜੰਮਪਲ ਹਨ ਨੇ ਕਿਹਾ ਕਿ ਜਪਾਨ ਅੰਤਰਰਾਸ਼ਟਰੀ ਸਹਿਕਾਰਤਾ ਏਜੰਸੀ ਦੁਆਰਾ ਫੰਡ ਕੀਤੇ ਜਾ ਰਹੇ ਭੂਮੀਗਤ ਸੀਵਰੇਜ ਪ੍ਰਾਜੈਕਟ ‘ਤੇ ਖਰਚ ਕੀਤੇ ਗਏ ਸੈਂਕੜੇ ਕਰੋੜ ਰੁਪਏ ਦੇ ਬਾਵਜੂਦ ਨਗਰ ਨਿਗਮ ਵਾਟਰ (ਪ੍ਰਦੂਸ਼ਣ ਰੋਕਥਾਮ ਅਤੇ ਨਿਯੰਤਰਣ) ਐਕਟ 1974, ਨੈਸ਼ਨਲ ਗਰੀਨ ਟ੍‍ਬਿਊਨਲ ਅਤੇ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਨੈਸ਼ਨਲ ਗਰੀਨ ਟ੍‍ਬਿਊਨਲ ਤੇ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਨਗਰ ਨਿਗਮ ਅੰਮਿœਸਰ ਨੂੰ ਸੀਵਰੇਜ ਦਾ ਪਾਣੀ ਇਸ ‘ਚ ਪਾਉਣ ਤੋਂ ਰੋਕਿਆ ਗਿਆ ਹੈ ਤੇ ਇਸ ਸਬੰਧ ‘ਚ ਕਈ ਬੈਠਕਾਂ ਵੀ ਹੋ ਚੁੱਕੀਆਂ ਹਨ ਜਿਸ ‘ਚ ਨਗਰ ਨਿਗਮ ਵਲੋਂ 31 ਮਾਰਚ ਤੋਂ ਸੀਵਰੇਜ ਦਾ ਪਾਣੀ ਇਸ ਨਾਲੇ ‘ਚ ਪਾਉਣਾ ਬੰਦ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ ਪਰ ਅਜੇ ਵੀ ਉਸੇ ਤਰ੍ਹਾਂ ਬਟਾਲਾ ਰੋਡ ਤੇ ਮਜੀਠਾ ਰੋਡ ਸੀਵਰੇਜ਼ ਦਾ ਪਾਣੀ ਇਸ ਨਾਲੇ ਵਿਚ ਪਾ ਕੇ ਨਗਰ ਨਿਗਮ ਵਲੋਂ ਜਿਥੇ ਸਰਕਾਰੀ ਵਿਭਾਗਾਂ ਨੂੰ ਅੱਗੇ ਝੂਠ ਪੇਸ਼ ਕਰਕੇ ਗੁੰਮਰਾਹ ਕੀਤਾ ਜਾ ਰਿਹਾ ਹੈ, ਉਥੇ ਹਜ਼ਾਰਾਂ ਲੋਕਾਂ ਦੀਆਂ ਜਿੰਦੜੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਜ਼ਹਿਰੀਲੇ ਪਾਣੀ ਦੇ ਰੂਪ ਵਿਚ ਮੌਤ ਪਰੋਸੀ ਜਾ ਰਹੀ ਹੈ।

ਗੁਮਟਾਲਾ ਨੇ ਅੱਗੇ ਕਿਹਾ, ਸੰਸਦ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਸਮੇਂ ਇਸ ਪ੍ਰਦੂਸ਼ਣ ਕਾਰਨ ਹੋਣ ਵਾਲੇ ਮਾੜੇ ਪ੍ਰਭਾਵਾਂ ਅਤੇ ਸਿਹਤ ਦੇ ਖਤਰਿਆਂ ਦੇ ਮੁੱਦੇ ਨੂੰ ਸਪੱਸ਼ਟ ਤੌਰ ‘ਤੇ ਉਠਾਇਆ ਸੀ, ਹਾਲਾਂਕਿ ਸਥਾਨਕ ਪ੍ਰਸ਼ਾਸਨ ਅਜੇ ਤੱਕ ਇਸ ਮੁੱਦੇ ਨੂੰ ਸੁਲਝਾਉਣ ਲਈ ਡੂੰਘੀ ਨੀਂਦ ਤੋਂ ਨਹੀਂ ਜਾਗਿਆ।

ਮੰਚ ਦੇ ਸਰਪ੍ਰਸਤ ਦਲਜੀਤ ਸਿੰਘ ਕੋਹਲੀ ਨੇ ਕਿਹਾ, ਇਹ ਹੈਰਾਨੀ ਦੀ ਗੱਲ ਹੈ ਕਿ ਟ੍‍ਬਿਊਨਲ ਦੇ ਆਦੇਸ਼ਾਂ ਅਤੇ ਸੰਸਦ ਮੈਂਬਰ ਔਜਲਾ ਦੀ ਅਗਵਾਈ ਵਾਲੀ ਟਾਸਕ ਫੋਰਸ ਦੀ ਮੀਟਿੰਗ ਦੇ ਬਾਵਜੂਦ ਰੋਜ਼ਾਨਾ ਨਗਰ ਨਿਗਮ ਵਲੋਂ ਬਟਾਲਾ ਰੋਡ, ਮਜੀਠਾ ਰੋਡ ਦੇ ਸੀਵਰੇਜ਼ ਦਾ 40 ਮਿਲੀਅਨ ਲੀਟਰ ਪਾਣੀ ਇਸ ਨਾਲੇ ‘ਚ ਸੁੱਟਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਫਤਹਿਗੜ੍ਹ ਚੂੜੀਆਂ ਰੋਡ, ਮਜੀਠਾ ਰੋਡ, ਲੋਹਾਰਕਾ ਰੋਡ ਦੇ ਕਈ ਪਿੰਡਾਂ ਦੇ ਸੀਵਰੇਜ਼ ਦਾ ਪਾਣੀ ਵੀ ਇਸ ਨਾਲੇ ‘ਚ ਪਾਇਆ ਜਾ ਰਿਹਾ ਹੈ।

ਮੰਚ ਦੇ ਸਕੱਤਰ ਅਤੇ ਹੋਲੀ ਸਿਟੀ ਦੇ ਵਸਨੀਕ ਯੋਗੇਸ਼ ਕਾਮਰਾ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਿਸਥਾਰਤ ਅਧਿਐਨ ਵਿਚ ਮਿੱਟੀ, ਫਸਲਾਂ, ਸਬਜ਼ੀਆਂ ਅਤੇ ਭੂਮੀਗਤ ਪਾਣੀ ਵਿਚ ਭਾਰੀ ਧਾਤਾਂ ਦੇ ਖਤਰਨਾਕ ਪੱਧਰਾਂ ਦਾ ਪਤਾ ਲਗਾਇਆ ਸੀ, ਜਿਸ ਦੇ ਨਤੀਜੇ ਵਜੋਂ ਕੁਝ ਪਿੰਡਾਂ ਦੇ ਵਸਨੀਕਾਂ ਦੇ ਡੀ ਐਨ ਏ ਵਿਚ ਤਬਦੀਲੀ ਆਈ ਹੈ ਜੋ ਇਸ ਨਾਲੇ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰ ਰਹੇ ਹਨ।

ਫਲਾਈਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਅਤੇ ਮੰਚ ਦੇ ਵਿਦੇਸ਼ ਮਾਮਲਿਆਂ ਦੇ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਕੋਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਆਉਣ ਜਾਂ ਜਾਣ ਵਾਲੇ ਲੱਖਾਂ ਯਾਤਰੀਆਂ ਦਾ ਸਵਾਗਤ ਅੰਮ੍ਰਿਤਸਰ ਬਾਈਪਾਸ ਦੇ ਲ਼ਾਂਘੇ ਤੋਂ ਬਦਬੂ ਅਤੇ ਪ੍ਰਦੁਸ਼ਿਤ ਹਵਾ ਨਾਲ ਹੁੰਦਾ ਹੈ। ਜਦੋਂ ਵੀ ਮੈਂ ਆਪਣੇ ਬੱਚਿਆਂ ਨਾਲ ਅਮਰੀਕਾ ਤੋਂ ਅੰਮ੍ਰਿਤਸਰ ਆਉੰਦਾ ਹਾਂ, ਤਾਂ ੳੇਹ ਪ੍ਰਦੁਸ਼ਤ ਹਵਾ ਅਤੇ ਗੰਦਗੀ ਨੂੰ ਦੇਖ ਕੇ ਹੈਰਾਨ ਹੁੰਦੇ ਹਨ ਅਤੇ ਗੁਮਟਾਲਾ ਲੰਘਣ ਲੱਗਿਆਂ ਬਦਬੂ ਕਾਰਨ ਗੱਡੀਆਂ ਦੇ ਸ਼ੀਸ਼ੇ ਵੀ ਬੰਦ ਕਰ ਦਿੱਤੇ ਜਾਂਦੇ ਹਨ।

ਇਸ ਨਾਲੇ ਵਿੱਚ ਪ੍ਰਦੂਸ਼ਣ ਨਾ ਸਿਰਫ ਇਸਦੇ ਆਸ ਪਾਸ ਦੇ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਤ ਕਰ ਰਿਹਾ ਹੈ, ਬਲਕਿ ਸਾਡਾ ਪਿੰਡ, ਵਾਰ ਮੈਮੋਰੀਅਲ, ਰਾਮ ਤੀਰਥ ਅਤੇ ਬਾਈਪਾਸ ਖੇਤਰ ਦੇ ਨਜ਼ਦੀਕ ਦੀਆਂ ਹੋਰ ਥਾਵਾਂ ਤੇ ਜਾਣ ਵਾਲੇ ਸੈਲਾਨੀਆਂ ਉੱਤੇ ਵੀ ਬਹੁਤ ਬੁਰਾ ਪ੍ਰਭਾਵ ਛੱਡ ਰਿਹਾ ਹੈ। ਜਦੋਂ ਕਿ ਦੇਸ਼ ਕੋਵਡ ਮਹਾਂਮਾਰੀ ਦੇ ਕਾਲੇ ਦਿਨਾਂ ਤੋਂ ਬਾਹਰ ਆਉਣ ਲਈ ਜੱਦੋਜਹਿਦ ਕਰ ਰਿਹਾ ਹੈ, ਪ੍ਰਦੂਸ਼ਿਤ ਧਰਤੀ ਹੇਠਲੇ ਪਾਣੀ ਅਤੇ ਪ੍ਰਦੁਸ਼ਤ ਹਵਾ ਦਾ ਮੁੱਦਾ ਆਮ ਲੋਕਾਂ ਦੇ ਜੀਵਨ ਨੂੰ ਪ੍ਰਭਾਵਤ ਕਰ ਰਿਹਾ ਹੈ।”

ਕੈਨੇਡਾ ਤੋਂ ਫ੍ਰੈਂਡਜ਼ ਆਫ ਅੰਮ੍ਰਿਤਸਰ ਸੰਗਠਨ ਦੇ ਕਨਵੀਨਰ ਅਨੰਤ ਸਿੰਘ ਨੇ ਕਿਹਾ ਹੈ ਕਿ ਨਗਰ ਨਿਗਮ ਅੰਮ੍ਰਿਤਸਰ ਨੁੰ ਸਿਰਫ ਸਮਾਰਟ ਸਿਟੀ ਪ੍ਰਾਜੈਕਟਾਂ ਬਾਰੇ ਬਿਆਨ ਦੇਣ ਦੀ ਬਜਾਏ ਸ਼ਹਿਰ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਉਬਲੱਬਧ ਕਰਵਾਉਣਾ ਅਤੇ ਸਾਫ ਸੁਥਰਾ ਵਾਤਾਵਰਨ ਦੇਣਾ ਹੋਣਾ ਚਾਹੀਦਾ ਹੈ।

ਤੁੰਗਢਾਬ ਨਾਲੇ ਦੀ ਸਮੱਸਿਆ ਦਾ ਹੱਲ ਕਰਨਾ ਕਾਰਪੋਰੇਸ਼ਨ ਲਈ ਸਭ ਤੋਂ ਅਹਿਮ ਮੁੱਦਾ ਹੋਣਾ ਚਾਹੀਦਾ ਹੈ ਪਰ ਸਥਾਨਕ ਨਗਰ ਨਿਗਮ ਵਲੋਂ ਅਜਿਹਾ ਕਰਨ ਦੀ ਜਗ੍ਹਾ ਸ਼ਹਿਰ ਦੀ ਵੱਡੀ ਵਸੋਂ ਨੂੰ ਜ਼ਹਿਰ ਦਿੱਤਾ ਜਾ ਰਿਹਾ ਹੈ ਤੇ ਲੋਕਾਂ ਦੀਆਂ ਜਿੰਦੜੀਆਂ ਨਾਲ ਖਿਲਵਾੜ ਕਰਨ ਦੇ ਨਾਲ ਇਸ ਵਲੋਂ ਆਪਣੀ ਸਫ਼ਾਈ ‘ਚ ਝੂਠੇ ਦਾਅਵੇ ਪੇਸ਼ ਕਰਕੇ ਸਰਕਾਰੀ ਵਿਭਾਗਾਂ ਨੂੰ ਗੁੰਮਰਾਹ ਵੀ ਕਰ ਰਿਹਾ ਹੈ।

ਉਹਨਾਂ ਸ਼ਹਿਰ ਦੇ ਮੇਅਰ ਨੂੰ ਯਾਦ ਦਵਾਇਆ ਕਿ ਨਾਲੇ ਦਾ ਕਾਲਾ ਪਾਣੀ ਸਿਰਫ ਸਰਕਾਰਾਂ ਦੀਆਂ ਅੱਖਾ ਤੇ ਬੰਨੀ ਕਾਲੀ ਪੱਟੀ ਕਰਕੇ ਹੈ ਅਤੇ ਕਿਹਾ ਕਿ “ਸੁਣ ਸੁੱਤੀਏ ਸਰਕਾਰੇ ਜਾਗ ਹੁਣ ਉੱਠਣ ਦਾ ਵੇਲਾ ਹੈ”।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION