ਜਲੰਧਰ, 10 ਅਪ੍ਰੈਲ, 2020 –
ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੰਟੇਨਮੈਂਟ ਜੋਨਾਂ ਅਤੇ ਨਾਜੁਕ ਥਾਵਾਂ ਉਤੇ ਡਿਊਟੀ ’ਤੇ ਤਾਇਨਾਤ ਪੁਲਿਸ ਕਰਮੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿੱਜੀ ਸੁਰੱਖਿਆ ਉਪਕਰਣ ਕਿੱਟਾਂ (ਪੀ.ਪੀ.ਈ.) ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਫਲੈਗ ਮਾਰਚ ਕੱਢਣ ਦੌਰਾਨ ਦਿੰਦਿਆਂ ਦੱਸਿਆ ਕਿ ਇਹ ਕਿੱਟਾਂ ਕੰਟੇਨਮੈਂਟ ਜੋਨਾਂ ਵਿਚ 24&7 ਡਿਊਟੀ ’ਤੇ ਤਾਇਨਾਤ ਪੁਲਿਸ ਕਰਮੀਆਂ ਨੂੰ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਇਨਾਂ ਬਹਾਦਰ ਯੋਧਿਆਂ ਵਲੋਂ ਮਨੁੱਖਤਾ ਦੀ ਭਲਾਈ ਖਾਤਿਰ ਡਿਊਟੀ ਨਿਭਾਈ ਜਾ ਰਹੀ ਹੈ ਇਸ ਲਈ ਉਨ੍ਹਾਂ ਨੂੰ ਕੋਵਿਡ-19 ਤੋਂ ਸੁਰੱਖਿਅਤ ਰੱਖੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੰਟੇਨਮੈਂਟ ਜ਼ੋਨਾਂ ਤੋਂ ਇਲਾਵਾ ਅਤਿ ਨਾਜ਼ੁਕ ਥਾਵਾਂ ਜਿਵੇਂ ਸਿਵਲ ਹਸਪਤਾਲ ਵਿਖੇ ਡਿਊਟੀ ’ਤੇ ਤਾਇਨਾਤ ਪੁਲਿਸ ਕਰਮੀਆਂ ਨੂੰ ਵੀ ਪੀ.ਪੀ.ਈ.ਕਿੱਟਾਂ ਦਿੱਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੜਕਾਂ ’ਤੇ ਡਿਊਟੀ ਉਤੇ ਤਾਇਨਾਤ ਪੁਲਿਸ ਕਰਮੀਆਂ ਨੂੰ ਸੈਨੀਟਾਈਜ਼ਰ, ਸਾਬਣ, ਮਾਸਕ, ਵਾਟਰ ਕੂਲਰ, ਕੁਰਸੀਆਂ ਅਤੇ ਟੇਬਲ ਵੰਡਣ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਸਮਾਨ ਹਰ ਪੁਲਿਸ ਨਾਕੇ ’ਤੇ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਪੁਲਿਸ ਕਰਮੀ ਆਪਣੀ ਡਿਊਟੀ ਚੰਗੀ ਤਰ੍ਹਾਂ ਨਿਭਾ ਸਕਣ।
ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸੁਰੱਖਿਆ ਦੇ ਨਾਲ-ਨਾਲ ਮੋਹਰੇ ਹੋ ਕੇ ਡਿਊਟੀ ਕਰਨ ਵਾਲੇ ਪੁਲਿਸ ਕਰਮਚਾਰੀਆਂ ਦੀ ਸੁਰੱਖਿਆ ਕਰਨਾ ਵੀ ਜ਼ਿਲ੍ਹਾ ਪ੍ਰਸ਼ਾਸਨ ਦੀ ਨੈਤਿਕ ਜਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਕੋਰੋਨਾ ਵਾਇਰਸ ਤੋਂ ਬੱਚਣ ਲਈ ਸਵੈ ਇਛੁੱਕ ਘਰ ਵਿੱਚ ਰਹਿਣ ਅਤੇ ਸਮਾਜਿਕ ਦੂਰੀ ਵਰਗੇ ਅਹਿਮ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ।
ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵਲੋਂ ਸਕਾਈਲਾਰਕ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਗੁਰੂ ਅਮਰਦਾਸ ਚੌਕ, Çਲੰਕ ਰੋਡ, ਡਾ.ਅੰਬੇਦਕਰ ਚੌਕ, ਭਗਵਾਨ ਵਾਲਮੀਕਿ (ਜੋਤੀ) ਚੌਕ, ਬਸਤੀ ਅੱਡਾ ਚੌਕ, ਜੇਲ੍ਹ ਚੌਕ, ਪਟੇਲ ਚੌਕ, ਵਰਕਸ਼ਾਪ ਚੌਕ, ਡੀ.ਏ.ਵੀ. ਕਾਲਜ, ਮਕਸੂਦਾਂ ਚੌਕ, ਵੇਰਕਾ ਮਿਲਕ ਪਲਾਂਟ ,ਸਰਬ ਮਲਟੀਪਲੈਕਸ, ਪਠਾਨਕੋਟ ਚੌਕ, ਲੰਬਾ ਪਿੰਡ ਚੌਕ, ਚੁਗਿੱਟੀ ਚੌਕ, ਪੀ.ਏ.ਪੀ. ਚੌਕ, ਬੀ.ਐਸ.ਐਫ ਚੌਕ, ਡਿਫੈਂਸ ਕਲੋਨੀ, ਮੋਤਾ ਸੰਘ ਨਗਰ, ਬੱਸ ਸਟੈਂਡ ਅਤੇ ਬੀ.ਐਮ.ਸੀ.ਚੌਕ ਵਿਖੇ ਫਲੈਗ ਮਾਰਚ ਕੱਢਿਆ ਗਿਆ।
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ