ਅੱਜ-ਨਾਮਾ
ਹਰ ਇੱਕ ਹੱਦ ਨੂੰ ਟੱਪ ਇਸਰਾਈਲ ਚੁੱਕਾ,
ਚੁਤਰਫੀ ਕਰੀ ਜਾਂਦਾ ਨਿੱਤ ਹੀ ਮਾਰ ਬੇਲੀ।
ਗਾਜ਼ਾ ਪੱਟੀ ਤੋਂ ਜਿਹੜੀ ਜੰਗ ਛਿੜੀ ਸੀਗੀ,
ਇਰਾਨ, ਲਿਬਨਾਨ ਤੋਂ ਟੱਪਦੀ ਪਾਰ ਬੇਲੀ।
ਦੁਨੀਆ ਚੀਕਦੀ ਪਈ ਪਰਵਾਹ ਕੋਈ ਨਾ,
ਖੜੋਇਆ ਨਾਲ ਆ ਨਾਟੋ ਪਰਵਾਰ ਬੇਲੀ।
ਰੋਕਣ ਲਈ ਨਹੀਂ ਆ ਰਿਹਾ ਕੋਈ ਮੂਹਰੇ,
ਬੈਠਕਾਂ ਕਰਦਾ ਪਿਆ ਉਂਜ ਸੰਸਾਰ ਬੇਲੀ।
ਦੋਵਾਂ ਕੌਮਾਂ ਨਾ ਦੇਸ਼ਾਂ ਦੀ ਬਾਤ ਰਹਿ ਗਈ,
ਅੱਗੇ ਬਹੁਤ ਇਹ ਵਧੀ ਪਈ ਬਾਤ ਬੇਲੀ।
ਛੱਡਦੀ ਲਾਂਬੂ ਪਈ ਮੱਚਦੀ ਅੱਗ ਜਿਹੜੀ,
ਕਰਦੀ ਮਨੁੱਖਤਾ ਦਾ ਸਿਰਫ ਘਾਤ ਬੇਲੀ।
ਤੀਸ ਮਾਰ ਖਾਂ
23 ਸਤੰਬਰ, 2024