Saturday, September 28, 2024
spot_img
spot_img
spot_img
spot_img
spot_img

ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ 9 ਭਾਰਤੀ ਲੜਕੀਆਂ ਇਰਾਕ, ਉਮਾਨ ਅਤੇ ਕਤਰ ਤੋਂ ਵਾਪਸ ਪਰਤੀਆਂ

ਯੈੱਸ ਪੰਜਾਬ
ਸੁਲਤਾਨਪੁਰ ਲੋਧੀ, 28 ਸਤੰਬਰ, 2024

ਟਰੈਵਲ ਏਜੰਟਾਂ ਵੱਲੋਂ ਮਨੁਖੀ ਤਸਕਰੀ ਕਰਕੇ ਖਾੜੀ ਦੇਸ਼ਾਂ ਵਿੱਚ ਵੇਚੀਆਂ ਭਾਰਤੀ ਲੜਕੀਆਂ ਵਿੱਚੋਂ 9 ਲੜਕੀਆਂ ਵਤਨ ਪਰਤ ਆਈਆਂ ਹਨ। ਇਹਨਾਂ ਲੜਕੀਆਂ ਨੂੰ ਇਰਾਕ, ਓਮਾਨ ਅਤੇ ਕਤਰ ਦੇਸ਼ਾਂ ਵਿੱਚ ਟਰੈਵਲ ਏਜੰਟਾਂ ਨੇ ਮੋਟੀਆਂ ਰਕਮਾਂ ਲੈ ਕੇ ਵੇਚ ਦਿੱਤਾ ਸੀ। ਪਰ ਇਹ ਲੜਕੀਆਂ ਇਸ ਗੱਲ ਤੋਂ ਅਨਜਾਣ ਸਨ।

ਖਾੜੀ ਦੇਸ਼ਾਂ ਵਿੱਚ ਵਾਪਿਸ ਪਰਤੀਆਂ ਲੜਕੀਆਂ ਨੇ ਦੱਸਿਆ ਕਿ ਓਮਾਨ ਵਿੱਚ ਅਜੇ ਵੀ ਇੱਕ ਸਥਾਨ ਤੇ 20 ਤੋਂ 25 ਲੜਕੀਆਂ ਫਸੀਆਂ ਸਨ। ਜਿੱਥੇ ਬੇਬੱਸ ਲੜਕੀਆਂ ਨਾਲ ਪਸ਼ੂਆਂ ਤੋਂ ਵੱਧ ਭੈੜਾ ਵਤੀਰਾ ਕੀਤਾ ਜਾ ਰਿਹਾ ਹੈ। ਵਾਪਿਸ ਆਈਆਂ ਲੜਕੀਆਂ ਨੇ ਦੱਸਿਆ ਕਿ ਏਅਰਪੋਰਟ ਤੋਂ ਬਾਹਰ ਆਉਂਦੇ ਸਾਰ ਹੀ ਉਹਨਾਂ ਕੋਲੋਂ ਸਭ ਤੋਂ ਪਹਿਲਾਂ ਉਹਨਾਂ ਦੇ ਪਾਸਪੋਰਟ ਖੋਹ ਲਏ ਗਏ ਤੇ ਉਹਨਾਂ ਨੂੰ ਬਹੁ ਮੰਜ਼ਲੀ ਇਮਾਰਤ ਵਿੱਚ ਰੱਖਿਆ ਗਿਆ ਜਿਸਨੂੰ ਉਹ ਦਫਤਰ ਵਜੋਂ ਵਰਤਦੇ ਸਨ।

ਇੱਥੋਂ ਹੀ ਲੜਕੀਆਂ ਨੂੰ ਕੰਮ ਕਰਨ ਲਈ ਭੇਜਿਆ ਜਾਂਦਾ ਸੀ ਤੇ ਮੁੜ ਦਫਤਰ ਲਿਆ ਕਿ ਉਹਨਾਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ। ਇਹਨਾਂ ਲੜਕੀਆਂ ਨੇ ਦੱਸਿਆ ਕਿ ਇਹ ਕਮਰੇ ਇੱਕ ਤਰ੍ਹਾਂ ਨਾਲ ਉਹਨਾਂ ਲਈ ਜੇਲ੍ਹ ਸਨ ਕਿਉਂਕਿ ਕਮਰਿਆਂ ਨੂੰ ਬਾਹਰੋ ਜ਼ਿੰਦਾ ਲਗਾ ਦਿੱਤਾ ਜਾਂਦਾ ਸੀ।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਜੀ ਦੇ ਯਤਨਾ ਸਦਕਾ ਜ਼ਿਲ੍ਹਾ ਜਲੰਧਰ, ਕਪੂਰਥਲਾ, ਫਿਰੋਜ਼ਪੁਰ ਅਤੇ ਮੋਗੇ ਨਾਲ ਸੰਬੰਧਤ ਇਹ 9 ਲੜਕੀਆਂ ਸੁਖੀ ਸਾਂਦੀ ਆਪਣੇ ਘਰਾਂ ਵਿੱਚ ਪਰਤ ਆਈਆਂ ਹਨ। ਇਹਨਾਂ ਲੜਕੀਆਂ ਵਿੱਚੋਂ ਅੱਜ ਤਿੰਨ ਲੜਕੀਆਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀਆਂ।

ਉਹਨਾਂ ਨੇ ਆਪਣੀ ਹੱਡਬੀਤੀ ਸੁਣਾਉਂਦਿਆ ਦੱਸਿਆ ਕਿ ਕਿਵੇਂ ਉਹਨਾਂ ਨੂੰ 35 ਤੋਂ 40 ਹਜ਼ਾਰ ਪ੍ਰਤੀ ਮਹੀਨਾ ਤਨਖਾਹ ਦਾ ਲਾਲਚ ਦੇ ਕੇ ਉਹਨਾਂ ਤੇ ਖਾੜੀ ਦੇਸ਼ਾਂ ਵਿੱਚ ਅਣਮਨੁੱਖੀ ਤਸ਼ਦੱਦ ਕੀਤਾ ਜਾਂਦਾ ਰਿਹਾ। ਜ਼ਿਕਰਯੋਗ ਹੈ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਹੁਣ ਤੱਕ ਖਾੜੀ ਦੇਸ਼ਾਂ ਵਿੱਚੋਂ 100 ਤੋਂ ਵੱਧ ਲੜਕੀਆਂ ਨੂੰ ਸੁਰੱਖਿਅਤ ਆਪਣੇ ਘਰਾਂ ਵਿੱਚ ਪਹੁੰਚਾਇਆ ਜਾ ਚੁੱਕਾ ਹੈ।

ਜ਼ਿਲ਼੍ਹਾ ਜਲੰਧਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਲੜਕੀ ਜਿਹੜੀ ਹਾਲ ਹੀ ਵਿੱਚ ਇਰਾਕ ਤੋਂ ਆਈ ਹੈ। ਉਸਤੇ ਮਹਿਲਾ ਟਰੈਵਲ ਏਜੰਟ ਵੱਲੋਂ ਇਸ ਕਦਰ ਤਸ਼ਦੱਦ ਕੀਤਾ ਗਿਆ ਕਿ ਉਹ ਹਲੇ ਵੀ ਇਸ ਸਦਮੇਂ ਵਿੱਚ ਨਹੀ ਉਭਰ ਰਹੀ। ਇਸ ਲੜਕੀ ਨਾਲ ਆਈ ਉਸਦੀ ਮਾਤਾ ਨੇ ਦੱਸਿਆ ਕਿ ਉਸਦੀ ਧੀ ਨੂੰ ਇਰਾਕ ਵਿੱਚ ਉਸਦੀ ਚਾਚੀ ਨੇ ਹੀ ਲਿਜਾ ਕਿ ਫਸਾ ਦਿੱਤਾ ਸੀ।

ਉਸਦੀ ਚਾਚੀ ਹਲੇ ਵੀ ਉਹਨਾਂ ਨੂੰ ਧਮਕੀਆਂ ਦੇ ਰਹੀ ਹੈ ਅਤੇ ਇਰਾਕ ਵਿੱਚ ਖਰਚੇ ਪੈਸੇ ਉਹਨਾਂ ਕੋਲੋਂ ਮੰਗੇ ਜਾ ਰਹੇ ਹਨ। ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਸਦੀ ਲੜਕੀ ਤੇ ਇੰਨਾ ਜ਼ਿਆਦਾ ਤਸ਼ਦੱਦ ਕੀਤਾ ਗਿਆ ਕਿ ਵਾਪਸੀ ਤੋਂ ਬਾਅਦ ਵੀ ਲੜਕੀ ਡਿਪਰੈਸ਼ਨ ਵਿੱਚ ਹੈ ਤੇ ਜਦੋਂ ਦੀ ਉਹ ਘਰ ਪਰਤੀ ਹੈ। ਉਹ ਡਰੀ-ਡਰੀ ਤੇ ਸਹਿਮੀ-ਸਹਿਮੀ ਰਹਿੰਦੀ ਹੈ।

ਜ਼ਿਲ਼੍ਹਾ ਜਲੰਧਰ ਦੀ ਹੀ ਰਹਿਣ ਵਾਲੀ ਓਮਾਨ ਤੋਂ ਆਈ ਇੱਕ ਹੋਰ ਪੀੜਤਾ ਨੇ ਦੱਸਿਆ ਕਿ ਉੱਥੇ ਜਿਸ ਘਰ ਵਿੱਚ ਉਸਨੂੰ ਕੰਮ ਕਰਨ ਲਈ ਭੇਜਿਆ ਗਿਆ ਸੀ। ਉੱਥੇ ਉਸ ਨਾਲ ਬਹੁਤ ਹੀ ਜ਼ਿਆਦਾ ਬਦਸਲੂਕੀ ਤੇ ਸਰੀਰਿਕ ਸ਼ੋਸ਼ਣ ਕੀਤਾ ਗਿਆ। ਪੀੜਤਾ ਨੇ ਦੱਸਿਆ ਕਿ ਉਸ ਵੱਲੋਂ ਵਿਰੋਧ ਕਰਨ ਤੇ ਉਸਦੀ ਬਹੁਤ ਬੁਰੀ ਤਰ੍ਹਾਂ ਨਾਲ ਮਾਰ ਕੁੱਟ ਕੀਤੀ ਜਾਂਦੀ ਸੀ।

ਸੰਤ ਸੀਚੇਵਾਲ ਨੇ ਕੀਤੀ ਪੰਜਾਬੀਆਂ ਨੂੰ ਅਪੀਲ

ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੜ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਖਾੜੀ ਦੇਸ਼ਾਂ ਵਿੱਚ ਆਪਣੀਆਂ ਧੀਆਂ ਨੂੰ ਭੇਜਣ ਤੋਂ ਗੁਰੇਜ਼ ਕਰਨ। ਸੰਤ ਸੀਚੇਵਾਲ ਨੇ ਦੱਸਿਆ ਕਿ ਅਰਬ ਦੇਸ਼ਾਂ ਵਿੱਚ ਫਸੀਆਂ ਲੜਕੀਆਂ ਦੀ ਕਹਾਣੀ ਬਹੁਤ ਹੀ ਦੁੱਖਾਂ ਭਰੀਆਂ ਹੁੰਦੀਆਂ ਹਨ, ਕਿ ਕਿਵੇਂ ਟਰੈਵਲ ਏਜੰਟ ਅਤੇ ਖਾਸ ਕਰਕੇ ਪੀੜਤ ਲੜਕੀਆਂ ਦੇ ਰਿਸ਼ਤੇਦਾਰ ਹੀ ਕੁੱਝ ਪੈਸਿਆਂ ਦੇ ਲਾਲਚ ਵਿੱਚ ਇਹਨਾਂ ਲੜਕੀਆਂ ਨੂੰ ਅਰਬ ਦੇਸ਼ਾਂ ਵਿੱਚ ਲਿਜਾ ਕਿ ਫਸਾ ਦਿੰਦੇ ਹਨ।

ਉਹ ਉਹਨਾਂ ਮੋਟੀ ਤਨਖਾਹ ਤੇ ਚੰਗੇ ਭਵਿੱਖ ਦਾ ਝਾਂਸਾ ਦੇ ਕੇ ਗੱਲਾਂ ਵਿੱਚ ਫਸਾ ਲੈਂਦੇ ਹਨ ਤੇ ਬਾਅਦ ਵਿੱਚ ਉਹਨਾਂ ਨੂੰ ਉਹਨਾਂ ਮੁਲਕਾਂ ਵਿੱਚ ਨਰਕ ਭਰੀ ਜ਼ਿੰਦਗੀ ਜਿਊਣ ਲਈ ਛੱਡ ਦਿੰਦੇ ਹਨ। ਜਿੱਥੇ ਉਹਨਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਝੱਲਣੇ ਪੈਂਦੇ ਹਨ ਤੇ ਉਹਨਾਂ ਲਈ ਵਾਪਿਸ ਮੁੜਨਾ ਵੀ ਮੁਸ਼ਕਿਲ ਹੋ ਜਾਂਦਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ