Friday, September 13, 2024
spot_img
spot_img
spot_img

ਮੁਲਾਜ਼ਮਾਂ ਦੇ ਸਿਰਮੌਰ ਆਗੂ ਸਾਥੀ ਵੇਦ ਪ੍ਰਕਾਸ਼ ਸਸਕੌਰ ਸਦੀਵੀ ਵਿਛੋੜਾ ਦੇ ਗਏ – ਪਾਸਲਾ, ਹਰਕੰਵਲ, ਜਾਮਾਰਾਏ, ਰਾਣਾ ਨੇ ਦਿੱਤੀ ਸੂਹੀ ਸ਼ਰਧਾਂਜਲੀ

ਦਲਜੀਤ ਕੌਰ
ਚੰਡੀਗੜ੍ਹ/ਜਲੰਧਰ, 24 ਅਗਸਤ, 2024

ਪੰਜਾਬ ਦੀ ਮੁਲਾਜ਼ਮ ਲਹਿਰ ਦੇ ਸਿਰਮੌਰ ਆਗੂ ਮਿਸਾਲੀ ਟਰੇਡ ਯੂਨੀਅਨਿਸਟ ਸਾਥੀ ਵੇਦ ਪ੍ਰਕਾਸ਼ ਸ਼ਰਮਾ ਸਸਕੌਰ ਦੇ ਅਸਹਿ ਵਿਛੋੜੇ ਦੀ ਖਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ। ਮਰਹੂਮ ਸਾਥੀ ਵੇਦ ਪ੍ਰਕਾਸ਼ ਲੰਮਾ ਸਮਾਂ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ (1406-22ਬੀ ਚੰਡੀਗੜ੍ਹ) ਦੇ ਜਨਰਲ ਸਕੱਤਰ ਅਤੇ ਕੁਲ ਹਿੰਦ ਰਾਜ ਸਰਕਾਰ ਕਰਮਚਾਰੀ ਫੈਡਰੇਸ਼ਨ ਦੇ ਮੀਤ ਪ੍ਰਧਾਨ ਰਹੇ ਸਨ। ਆਪ ਜੀ ਨੇ ਸੈਂਕੜੇ ਮੁਲਾਜ਼ਮਾਂ ਨੂੰ ਪੱਕੇ ਕਰਾਉਣ ਸਮੇਤ ਗਿਨਣਯੋਗ ਪ੍ਰਾਪਤੀਆਂ ਵਾਲੇ ਅਨੇਕਾਂ ਜੇਤੂ ਘੋਲਾਂ ਦੀ ਸ਼ਾਨਾਮੱਤੀ ਅਗਵਾਈ ਕੀਤੀ ਸੀ।

ਸੇਵਾ ਮੁਕਤੀ ਉਪਰੰਤ ਆਪ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸਤਿਕਾਰਤ ਆਗੂ ਵਜੋਂ ਸਰਗਰਮ ਸਨ। ਇਸ ਵੇਲੇ ਆਪ ਪਾਰਟੀ ਦੀ ਰਾਜ ਕਮੇਟੀ ਦੇ ਸਕੱਤਰੇਤ ਦੇ ਮੈਂਬਰ ਸਨ।

ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ, ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ, ਰੋਪੜ ਜਿਲ੍ਹਾ ਕਮੇਟੀ ਦੇ ਸਕੱਤਰ ਸਾਥੀ ਮੋਹਨ ਸਿੰਘ ਧਮਾਣਾ ਅਤੇ ਪਸਸਫ ਦੇ ਪ੍ਰਧਾਨ ਸਤੀਸ਼ ਰਾਣਾ ਨੇ ਸਾਥੀ ਵੇਦ ਪ੍ਰਕਾਸ਼ ਸ਼ਰਮਾ ਦੇ ਬੇਵਕਤ ਵਿਛੋੜੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਆਪਣੇ ਵਿਛੜੇ ਯੁੱਧਸਾਥੀ ਨੂੰ ਇਨਕਲਾਬੀ ਸ਼ਰਧਾਂਜਲੀ ਭੇਂਟ ਕੀਤੀ ਹੈ।

ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਜਨਰਲ ਸਕੱਤਰ ਹਰਦੀਪ ਸਿੰਘ ਟੋਡਰਪੁਰ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਸਾਥੀ ਵੇਦ ਪ੍ਰਕਾਸ਼ ਜੀ ਦਾ ਅਚਾਨਕ ਵਿਛੋੜਾ ਮੁਲਾਜ਼ਮ ਲਹਿਰ ਵਾਸਤੇ ਦੁਖ਼ਦਾਇਕ ਹੈ। ਉਹ ਇੱਕ ਦਿਆਨਤਦਾਰ ਅਤੇ ਇਮਾਨਦਾਰ ਮੁਲਾਜ਼ਮ ਆਗੂ ਸਨ। ਸਾਂਝੇ ਮੁਲਾਜ਼ਮ ਘੋਲਾਂ ਅੰਦਰ ਉਹਨਾ ਦਾ ਜ਼ਿਕਰ ਹਮੇਸ਼ਾ ਸਤਿਕਾਰ ਨਾਲ ਕੀਤਾ ਜਾਇਆ ਕਰੇਗਾ।

ਸਾਥੀ ਵੇਦ ਪ੍ਰਕਾਸ਼ ਜੀ ਦਾ ਅੰਤਮ ਸਸਕਾਰ ਭਲਕੇ 25 ਅਗਸਤ ਨੂੰ ਉਨ੍ਹਾਂ ਦੇ ਪਿੰਡ ਸਸਕੌਰ ਵਿਖੇ ਕੀਤਾ ਜਾਵੇਗਾ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ