ਯੈੱਸ ਪੰਜਾਬ
ਚੰਡੀਗੜ੍ਹ, 19 ਮਾਰਚ, 2025
ਪਿਛਲੇ ਲੰਬੇ ਸਮੇਂ ਤੋਂ ਮਰਨਵਰਤ ’ਤੇ ਬੈਠੇ ਸੀਨੀਅਰ ਕਿਸਾਨ ਆਗੂ Jagjit Singh Dallewal, ਉਨ੍ਹਾਂ ਦੇ ਸਾਥੀ ਕਿਸਾਨ ਆਗੂ Sarwan Singh Pandher ਸਣੇ ਖ਼ਨੌਰੀ ਅਤੇ ਸ਼ੰਭੂ ਮੋਰਚਾ ਚਲਾ ਰਹੇ ਪ੍ਰਮੁੱਖ ਆਗੂਆਂ ਨੂੰ ਅੱਜ ਉਸ ਵੇਲੇ ਹਿਰਾਸਤ ਵਿੱਚ ਲੈ ਲਿਆ ਗਿਆ ਜਦ ਉਹ ਕੇਂਦਰੀ ਮੰਤਰੀਆਂ ਨਾਲ Chandigarh ਵਿਖ਼ੇ ਗੱਲਬਾਤ ਕਰਨ ਉਪਰੰਤ ਆਪੋ ਆਪਣੇ ਮੋਰਚਿਆਂ ਵੱਲ ਵਾਪਸੀ ਕਰ ਰਹੇ ਸਨ।
ਹਿਰਾਸਤ ਵਿੱਚ ਲਏ ਗਏ ਕਿਸਾਨ ਆਗੂਆਂ ਵਿੱਚ ਕਾਕਾ ਸਿੰਘ ਕੋਟੜਾ ਅਤੇ ਅਭਿਮੰਨਯੂ ਕੋਹਾੜ ਸਣੇ ਹੋਰ ਆਗੂ ਸ਼ਾਮਲ ਸਨ।
ਪੁਲਿਸ ਨੇ ਇਹ ਕਾਰਵਾਈ ਉਸ ਵੇਲੇ ਕੀਤੀ ਜਦ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਦੇ 7ਵੇਂ ਗੇੜ ਦੇ ਲਗਪਗ 4 ਘੰਟੇ ਚੱਲਣ ਮਗਰੋਂ ਦੋਹਾਂ ਮੋਰਚਿਆਂ ਦੇ ਆਗੂ ਜਿਵੇਂ ਹੀ ਚੰਡੀਗੜ੍ਹ ਤੋਂ ਪੰਜਾਬ ਵਿੱਚ ਦਾਖ਼ਲ ਹੋਏ ਤਾਂ ਆਗੂਆਂ ਦੀਆਂ ਗੱਡੀਆਂ ਰੋਕ ਕੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਮਰਨਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਐਂਬੂਲੈਂਸ ਨੂੰ ਪੁਲਿਸ ਕਰਮੀ ਆਪ ਚਲਾ ਕੇ ਲੈ ਗਏ। ਅਜੇ ਇਹ ਸਪਸ਼ਟ ਨਹੀਂ ਹੈ ਕਿ ਹਿਰਾਸਤ ਵਿੱਚ ਲਏ ਗਏ ਕਿਸਾਨ ਆਗੂਆਂ ਨੂੰ ਕਿੱਥੇ ਲਿਜਾਇਆ ਗਿਆ ਹੈ ਅਤੇ ਕੀ ਉਨ੍ਹਾਂ ਨੂੰ ਹਿਰਾਸਤ ਵਿੱਚ ਹੀ ਰੱਖਿਆ ਗਿਆ ਹੈ ਜਾਂ ਫ਼ਿਰ ਉਨ੍ਹਾਂ ਦੀ ਗ੍ਰਿਫ਼ਤਾਰੀ ਪਾਈ ਗਈ ਹੈ।
ਇਹ ਵੀ ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਬੀਤੇ ਕਲ੍ਹ ਤੋਂ ਹੀ ਕਿਸਾਨ ਆਗੂਆਂ ਦੀ ਮੀਟਿੰਗ ਤੋਂ ਬਾਅਦ ਗ੍ਰਿਫ਼ਤਾਰੀ ਅਤੇ ਸ਼ੰਭੂ ਅਤੇ ਖ਼ਨੌਰੀ ਮੋਰਚਿਆਂ ਵਾਲੀਆਂ ਥਾਂਵਾਂ ਖ਼ਾਲੀ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਫ਼ੋਰਸ ਨੂੰ ਲੱਡਾ ਕੋਠੀ ਅਤੇ ਹੋਰ ਟਿਕਾਣਿਆਂ ’ਤੇ ਇਕੱਠੇ ਕੀਤਾ ਹੋਇਆ ਸੀ ਅਤੇ ਪੁਲਿਸ ਦੀਆਂ ਗੱਡੀਆਂ, ਬੱਸਾਂ, ਪ੍ਰਾਈਵੇਟ ਬੱਸਾਂ, ਐਂਬੂਲੈਂਸਾਂ, ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਹੋਰ ਇੰਤਜ਼ਾਮ ਕੀਤੇ ਗਏ ਸਨ। ਇੱਥੇ ਹੀ ਬੱਸ ਨਹੀਂ, ਨੇੜਲੇ ਹਸਪਤਾਲਾਂ ਆਦਿ ਵਿੱਚ ਵੀ ਡਾਕਟਰਾਂ ਨੂੰ ਐਮਰਜੈਂਸੀ ਡਿਊਟੀਆਂ ’ਤੇ ਰਹਿਣ ਲਈ ਕਿਹਾ ਗਿਆ ਸੀ।
ਇਸ ਤੋਂ ਪਹਿਲਾਂ ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਨੇ ਵੱਖ-ਵੱਖ ਤੌਰ ’ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਗੱਲਬਾਤ ’ਤੇ ਤਸੱਲੀ ਪ੍ਰਗਟਾਈ ਸੀ ਅਤੇ ਕਿਹਾ ਸੀ ਕਿ ਅਗਲੀ ਮੀਟਿੰਗ 4 ਮਈ ਨੂੰ ਹੋਵੇਗੀ। ਇਹ ਵੀ ਦੱਸਿਆ ਗਿਆ ਕਿ ਕੇਂਦਰ ਸਰਕਾਰ ਨੇ ਅਜੇ ਹੋਰਨਾਂ ਧਿਰਾਂ ਅਤੇ ਵੱਖ-ਵੱਖ ਮੰਤਰਾਲਿਆਂ ਵਿੱਚ ਸਲਾਹ ਕਰਨ ਉਪਰੰਤ ਹੀ ਐੱਮ.ਐੱਸ.ਪੀ. ਮਾਮਲੇ ’ਤੇ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ, ਇਸ ਲਈ ਗੱਲਬਾਤ ਦਾ ਅਗਲਾ ਦੌਰ 4 ਮਈ ਲਈ ਰੱਖ ਲਿਆ ਜਾਵੇ।
ਇਹ ਵੀ ਪੜ੍ਹੋ: Shambhu ਅਤੇ Khanauri ਮੋਰਚੇ ਹਟਾਏ ਗਏ; Punjab Police ਦੀ ਕਾਰਵਾਈ ਤਹਿਤ ਸਾਰੇ ਕਿਸਾਨ ਹਿਰਾਸਤ ਵਿੱਚ ਲਏ ਗਏ