Wednesday, November 13, 2024
spot_img
spot_img
spot_img

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਸ਼ੇ ’ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਆਯੋਜਿਤ

ਯੈੱਸ ਪੰਜਾਬ
ਬਠਿੰਡਾ, 8 ਨਵੰਬਰ, 2024

ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਦੀ ਸਰਪ੍ਰਸਤੀ ਹੇਠ ਪੰਜਾਬ ਦਿਵਸ ਨੂੰ ਸਮਰਪਿਤ “ਪੰਜਾਬ, ਪੰਜਾਬੀ’ ਅਤੇ ਪੰਜਾਬੀਅਤ: ਵਿਰਸਾ ਅਤੇ ਵਰਤਮਾਨ” ਵਿਸ਼ੇ ’ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਸ਼ੁੱਕਰਵਾਰ ਨੂੰ ਕਰਵਾਇਆ ਗਿਆ।

ਇਸ ਸੈਮੀਨਾਰ ਵਿਚ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ, ਧਰਮ-ਅਧਿਐਨ, ਇਤਿਹਾਸ, ਅਰਥ-ਸ਼ਾਸਤਰ ਤੇ ਰਾਜਨੀਤੀ ਸ਼ਾਸਤਰ ਆਦਿ ਅਨੁਸ਼ਾਸਨਾਂ ਨਾਲ ਸੰਬੰਧਿਤ ਉੱਘੇ ਬੁਲਾਰਿਆਂ ਡਾ. ਮਨਮੋਹਨ, ਡਾ. ਚਰਨ ਸਿੰਘ, ਡਾ. ਹਰਪਾਲ ਸਿੰਘ ਪੰਨੂ, ਡਾ. ਪ੍ਰਿਯਤੋਸ਼ ਸ਼ਰਮਾ, ਡਾ. ਪੀ.ਐਸ. ਢੀਂਗਰਾ ਅਤੇ ਕਰਨਲ (ਸੇਵਾ-ਮੁਕਤ) ਜੈਬੰਸ ਸਿੰਘ ਨੇ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਨੇ ਪੰਜਾਬ ਦੇ ਵਿਰਸੇ, ਇਸਦੀ ਆਰਥਿਕਤਾ, ਭਾਸ਼ਾਈ ਵਿਰਾਸਤ ਅਤੇ ਰਾਸ਼ਟਰੀ ਸੁਰੱਖਿਆ ਵਿੱਚ ਪੰਜਾਬ ਦੀ ਭੂਮਿਕਾ ਬਾਰੇ ਵੱਡਮੁੱਲੀ ਜਾਣਕਾਰੀ ਦਿੰਦਿਆਂ ਤੇਜ਼ੀ ਨਾਲ ਬਦਲ ਰਹੀ ਦੁਨੀਆਂ ਵਿੱਚ ਪੰਜਾਬ ਦੀ ਸੱਭਿਆਚਾਰਕ ਪਛਾਣ ਨੂੰ ਸੰਭਾਲਣ ਅਤੇ ਇਸ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ਬਾਰੇ ਆਪਣੇ ਦ੍ਰਿਸ਼ਟੀਕੋਣ ਸਾਂਝੇ ਕੀਤੇ।

ਇਸ ਮੌਕੇ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਜੀ ਨੇ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਸ਼ੇਸ ਗੌਰਵ ਨਾਲ ਜੁੜਿਆ ਹੋਇਆ ਸੰਕਲਪ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਰਾਸ਼ਟਰ ਨਿਰਮਾਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ ਜਿਨ੍ਹਾਂ ਵਿਚ ਵਾਤਾਵਰਣ ਪ੍ਰਦੂਸ਼ਣ ਅਤੇ ਆਰਥਿਕ ਪੱਖੋਂ ਦਿਨੋਂ-ਦਿਨ ਵੱਧ ਰਿਹਾ ਪਾੜਾ ਸ਼ਾਮਿਲ ਹੈ।

ਪਰ ਉਨ੍ਹਾਂ ਇਹ ਵਿਸ਼ਵਾਸ ਜਤਾਇਆ ਕਿ ਪੰਜਾਬ ਸਦੀਆਂ ਤੋਂ ਹਰ ਸੰਕਟ ਭਰਪੂਰ ਸਥਿਤੀ ਤੋਂ ਉਭਰ ਕੇ ਨਵਾਂ-ਨਕੋਰ ਬਣਦਾ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸੈਮੀਨਾਰ ਵਿੱਚ ਪੰਜਾਬ ਦੀ ਅਮੀਰ ਇਤਿਹਾਸਕ ਵਿਰਾਸਤ ਅਤੇ ਸੱਭਿਆਚਾਰਕ ਪ੍ਰਾਪਤੀਆਂ ਬਾਰੇ ਕੀਤੀ ਗਈ ਵਿਚਾਰ-ਚਰਚਾ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਵਿਰਸੇ ਤੋਂ ਜਾਣੂ ਹੋਣ ਦਾ ਮੌਕਾ ਪ੍ਰਦਾਨ ਕਰਦੀ ਹੈ।

ਉਨ੍ਹਾਂ ਨੇ ਪੰਜਾਬ ਦੀ ਵਿਲੱਖਣ ਪਛਾਣ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਲਈ ਇੱਕ ਅਗਾਂਹਵਧੂ ਪਹੁੰਚ ਨੂੰ ਉਤਸ਼ਾਹਿਤ ਕਰਦਿਆਂ ਸਮਕਾਲੀ ਮੁੱਦਿਆਂ ਅਤੇ ਆਉਣ ਵਾਲੀਆਂ ਚੁਣੌਤੀਆਂ ਨੂੰ ਸੰਬੋਧਿਤ ਕਰਨ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ।

ਇਸ ਸੈਮੀਨਾਰ ਵਿਚ ਮੁੱਖ ਬੁਲਾਰਿਆਂ ਵਿਚੋਂ ਡਾ. ਮਨਮੋਹਨ, ਪ੍ਰੋਫ਼ੈਸਰ ਆਫ਼ ਐਮੀਨੈਂਸ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ “ਪੰਜਾਬੀਅਤ ਦਾ ਸੰਕਲਪ ਅਤੇ ਸਰੂਪ: ਵਿਰਸਾ ਅਤੇ ਵਰਤਮਾਨ” ਵਿਸ਼ੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ ਦੀ ਭੂਗੋਲਿਕ ਰੂਪ-ਰੇਖਾ ਸਦੀਆਂ ਤੋਂ ਬਦਲਦੀ ਰਹਿਣ ਕਾਰਨ ਪੰਜਾਬੀਅਤ ਦਾ ਸੰਕਲਪ ਵੀ ਇਕ ਗਤੀਸ਼ੀਲ ਸੰਕਲਪ ਅਤੇ ਗੁੰਝਲਦਾਰ ਵਿਹਾਰ ਵਜੋਂ ਸਾਡੇ ਸਾਹਮਣੇ ਆਉਂਦਾ ਹੈ ਪ੍ਰੰਤੂ ਸੱਭਿਆਚਾਰਕ ਵੰਨ-ਸੁਵੰਨਤਾ ਅਤੇ ਬਹੁਲਤਾਵਾਦੀ ਵਿਹਾਰ ਇਸਦੇ ਮੂਲ ਸੁਭਾਅ ਵਜੋਂ ਉਜਾਗਰ ਹੁੰਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀਅਤ ਇੱਕ ਸੱਭਿਆਚਾਰਕ ਪ੍ਰਗਟਾਵਾ ਹੀ ਨਹੀਂ; ਸਗੋਂ ਇਹ ਇੱਕ ਫ਼ਲਸਫਾ ਅਤੇ ਜੀਵਨ-ਸ਼ੈਲੀ ਦਾ ਢੰਗ ਹੈ।

ਇਸ ਤੋਂ ਬਾਅਦ ਡਾ. ਚਰਨ ਸਿੰਘ, ਸਾਬਕਾ ਚੇਅਰ ਪ੍ਰੋਫੈਸਰ ਆਰਬੀਆਈ, ਆਈ.ਆਈ.ਐਮ. ਬੰਗਲੌਰ ਨੇ “ਵਿਕਸਿਤ ਭਾਰਤ ਦੇ ਪਰਿਪੇਖ ਵਿੱਚ ਪੰਜਾਬ ਦੀ ਆਰਥਿਕਤਾ” ਵਿਸ਼ੇ ‘ਤੇ ਭਾਸ਼ਣ ਦਿੱਤਾ। ਉਹਨਾਂ ਨੇ ਭਾਰਤ ਦੀ ਆਰਥਿਕਤਾ, ਖਾਸ ਕਰਕੇ ਖੇਤੀਬਾੜੀ ਅਤੇ ਉਦਯੋਗ ਵਿੱਚ ਪੰਜਾਬ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕੀਤਾ। ਭਵਿੱਖ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਇੱਕ ਵਿਕਸਤ ਪਹੁੰਚ ਦੀ ਲੋੜ ਨੂੰ ਪਛਾਣਦੇ ਹੋਏ, ਉਹਨਾਂ ਨੇ ਇੱਕ ਵਿਕਸਤ ਭਾਰਤ ਦੇ ਵਿਆਪਕ ਦ੍ਰਿਸ਼ਟੀਕੋਣ ਨਾਲ ਪੰਜਾਬ ਦੇ ਆਰਥਿਕ ਵਿਕਾਸ ਨੂੰ ਜੋੜਨ ਲਈ ਰਣਨੀਤੀਆਂ ਤਿਆਰ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਸਾਬਕਾ ਚੇਅਰ ਪ੍ਰੋਫ਼ੈਸਰ ਡਾ. ਹਰਪਾਲ ਸਿੰਘ ਪੰਨੂ ਨੇ “ਭਾਰਤੀ ਦਾਰਸ਼ਨਿਕ ਪਰੰਪਰਾ ਅਤੇ ਗੁਰਬਾਣੀ ਦੇ ਪਰਿਪੇਖ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ” ਵਿਸ਼ੇ ’ਤੇ ਆਪਣਾ ਭਾਸ਼ਣ ਦਿੱਤਾ। ਉਹਨਾਂ ਨੇ ਇਸ ਤੱਥ ’ਤੇ ਚਾਨਣਾ ਪਾਇਆ ਕਿ ਪੰਜਾਬੀਅਤ ਦਾ ਤੱਤ ਭਾਰਤ ਦੇ ਦਾਰਸ਼ਨਿਕ ਵਿਰਸੇ ਦੇ ਤਾਣੇ-ਬਾਣੇ ਵਿੱਚ ਬੁਣਿਆ ਗਿਆ ਹੈ, ਜਿਸ ਦੀਆਂ ਕਦਰਾਂ-ਕੀਮਤਾਂ ਖੇਤਰੀ ਸਰਹੱਦਾਂ ਤੋਂ ਬਹੁਤ ਉੱਚੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀਅਤ ਦੇ ਪਿਛੋਕੜ ਵਿਚ ਪਈਆਂ ਵਿਭਿੰਨ ਦਾਰਸ਼ਨਿਕ ਪਰੰਪਰਾਵਾਂ ਨੇ ਭਾਰਤ ਦੀ ਰਾਸ਼ਟਰੀ ਪਛਾਣ ਨੂੰ ਮਹੱਤਵਪੂਰਨ ਰੂਪ ਦਿੱਤਾ ਹੈ ਅਤੇ ਇਸਨੂੰ ਅਮੀਰ ਬਣਾਇਆ ਹੈ।

ਡਾ. ਪ੍ਰਿਯਤੋਸ਼ ਸ਼ਰਮਾ, ਪ੍ਰੋਫੈਸਰ, ਇਤਿਹਾਸ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ “ਪੰਜਾਬ ਦਾ ਬਦਲਦਾ ਮੁਹਾਂਦਰਾ: ਇਤਿਹਾਸਕ ਦ੍ਰਿਸ਼ਟੀਕੋਣ” ਵਿਸ਼ੇ ’ਤੇ ਚਰਚਾ ਕਰਦਿਆਂ ਦੱਸਿਆ ਕਿ ਪੰਜਾਬ ਦੀ ਪੁਰਾਤਨ ਵਿਰਾਸਤ ਤੋਂ ਲੈ ਕੇ ਵਰਤਮਾਨ ਤੱਕ ਦਾ ਸਫ਼ਰ ਨਿਰੰਤਰ ਵਿਕਾਸ ਦਾ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ, ਮੁਕਤਸਰ ਦੇ ਸਾਬਕਾ ਡਾਇਰੈਕਟਰ ਡਾ. ਪੀ.ਐਸ. ਢੀਂਗਰਾ ਨੇ ਪੰਜਾਬੀ ਭਾਸ਼ਾ ਦੀ ਅਮੀਰ ਵਿਰਾਸਤ ਅਤੇ ਵਰਤਮਾਨ ਬਾਰੇ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ। ਉਹਨਾਂ ਪੰਜਾਬੀ ਦੀ ਭਾਸ਼ਾਈ ਵਿਰਾਸਤ ਅਤੇ ਇਸਦੀ ਸੰਭਾਲ ਅਤੇ ਵਿਕਾਸ ਦੀ ਲੋੜ ਬਾਰੇ ਚਰਚਾ ਕੀਤੀ।

ਕਰਨਲ (ਸੇਵਾ-ਮੁਕਤ) ਜੈਬੰਸ ਸਿੰਘ, ਸੁਰੱਖਿਆ ਅਤੇ ਰਣਨੀਤੀ ਮਾਹਿਰ ਨੇ “ਰਾਸ਼ਟਰੀ ਸੁਰੱਖਿਆ ਵਿੱਚ ਪੰਜਾਬ ਦਾ ਯੋਗਦਾਨ: ਗੌਰਵਸ਼ਾਲੀ ਵਿਰਸਾ ਅਤੇ ਸਮਕਾਲੀ ਚੁਣੌਤੀਆਂ” ਬਾਰੇ ਭਾਰਤ ਦੀ ਰਾਸ਼ਟਰੀ ਸੁਰੱਖਿਆ ਵਿੱਚ ਪੰਜਾਬ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਇਸ ਪੱਖ ’ਤੇ ਵਿਸ਼ੇਸ ਰੌਸ਼ਨੀ ਪਾਈ ਕਿ ਭਾਰਤ ਦੀ ਸੁਰੱਖਿਆ ਵਿਚ ਪੰਜਾਬ ਦੇ ਨਾਲ-ਨਾਲ ਬਾਕੀ ਸੂਬਿਆਂ ਦਾ ਯੋਗਦਾਨ ਵੀ ਉੰਨਾ ਹੀ ਅਹਿਮ ਹੈ। ਸੁਰੱਖਿਆ ਪੱਖੋਂ ਪੰਜਾਬ ਨੂੰ ਬਾਕੀ ਸੂਬਿਆਂ ਨਾਲੋਂ ਨਿਖੇੜਨ ਵਾਲਾ ਪੱਖ ਇਸਦੀ ਕੁਦਰਤੀ ਅੰਤਰ-ਰਾਸ਼ਟਰੀ ਸਰਹੱਦ ਦਾ ਨਾ ਹੋਣਾ ਹੈ। ਉਨ੍ਹਾਂ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸੰਬੋਧਿਤ ਹੁੰਦਿਆਂ ਆਪਣੀ ਗੌਰਵਸ਼ਾਲੀ ਵਿਰਾਸਤ ਨੂੰ ਬਰਕਰਾਰ ਰੱਖਣ ਦੀ ਪ੍ਰੇਰਣਾ ਦਿੱਤੀ।

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਭਾਸ਼ਾਵਾਂ, ਸਾਹਿਤ ਅਤੇ ਸਭਿਆਚਾਰ ਸਕੂਲ ਦੇ ਡੀਨ ਪ੍ਰੋ. ਅਲਪਨਾ ਸੈਣੀ ਨੇ ਆਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ ਅਤੇ ਪੰਜਾਬੀ ਵਿਭਾਗ ਦੇ ਮੁਖੀ, ਡਾ. ਰਮਨਪ੍ਰੀਤ ਕੌਰ ਨੇ ਇਸ ਸੈਮੀਨਾਰ ਨੂੰ ਆਯੋਜਿਤ ਕਰਨ ਦੇ ਉਦੇਸ਼ ਅਤੇ ਵਿਸ਼ੇ ਦੀ ਰੂਪ-ਰੇਖਾ ਬਾਰੇ ਚਾਣਨਾ ਪਾਇਆ। ਇਸ ਸੈਮੀਨਾਰ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਡਾ. ਅਮਨਦੀਪ ਸਿੰਘ ਨੇ ਨਿਭਾਈ ਅਤੇ ਡਾ. ਸਰਬਜੀਤ ਸਿੰਘ ਦੁਆਰਾ ਸਭ ਦਾ ਰਸਮੀ ਤੌਰ ’ਤੇ ਧੰਨਵਾਦ ਕੀਤਾ ਗਿਆ।

ਇਸ ਸੈਮੀਨਾਰ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਸਮੇਤ ਹੋਰਨਾਂ ਸੰਸਥਾਵਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੀ ਭਰਵੀਂ ਸ਼ਿਰਕਤ ਕੀਤੀ ਅਤੇ ਇਸ ਅੰਤਰ ਅਨੁਸ਼ਾਸਨੀ ਇਕ ਰੋਜ਼ਾ ਸੈਮੀਨਾਰ ਰਾਸ਼ਟਰੀ ਤੋਂ ਬਹੁ-ਦਿਸ਼ਾਵੀਂ ਅੰਤਰ-ਦ੍ਰਿਸ਼ਟੀਆਂ ਪ੍ਰਾਪਤ ਕੀਤੀਆਂ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ

error: Content is protected !!