Friday, September 13, 2024
spot_img
spot_img
spot_img

ਅੰਮ੍ਰਿਤਸਰ NRI ਗੋਲੀਬਾਰੀ ਕਾਂਡ ਮਾਮਲੇ ਵਿੱਚ ਪੁਲਿਸ ਨੇ 5 ਲੋਕਾਂ ਖਿਲਾਫ਼ ਦਰਜ ਕੀਤੀ FIR, ਹਮਲਾਵਰਾਂ ਦੀ ਹੋਈ ਪਛਾਣ

ਯੈੱਸ ਪੰਜਾਬ
ਅੰਮ੍ਰਿਤਸਰ, 24 ਅਗਸਤ, 2024

ਅਮਰੀਕਾ ਤੋਂ ਆ ਕੇ ਅੰਮ੍ਰਿਤਸਰ ਵਿੱਚ ਸਥਾਪਤ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਐੱਨ.ਆਰ.ਆਈ. ਸੁਖ਼ਚੈਨ ਸਿੰਘ ਰਿੰਕੂ ਦੇ ਘਰ ਦੇ ਅੰਦਰ ਵੜ ਕੇ ਪਰਿਵਾਰ ਦੇ ਸਾਹਮਣੇ ਗੋਲੀਆਂ ਮਾਰ ਜਾਣ ਦੇ ਮਾਮਲੇ ਵਿੱਚ ਪੁਲਿਸ ਨੇ ਐੱਫ.ਆਈ.ਆਰ. ਦਰਜ ਕੀਤੀ ਹੈ ਅਤੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਇਹ ਜਾਣਕਾਰੀ ਦਿੰਦਿਆਂ ਏ.ਡੀ.ਜੀ.ਪੀ. ਸ੍ਰੀ ਆਰ.ਐਨ.ਢੋਕੇ ਅਤੇ ਪੁਲਿਸ ਕਮਿਸ਼ਨਰ ਸ: ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐੱਨ.ਆਰ.ਆਈ. ਦੇ ਪਰਿਵਾਰ ਦੇ ਬਿਆਨਾਂ ’ਤੇ ਸੁਖ਼ਚੈਨ ਸਿੰਘ ਦੀ ਸੱਸ, ਉਸਦੇ ਸਾਲੇ, ਉਸਦੇ ਸਾਂਢੂ ਅਤੇ ਦੋ ਹੋਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇੱਕ ਵਿਅਕਤੀ ਨੂੰ ‘ਰਾਊਂਡ ਅਪ’ ਕਰ ਲਿਆ ਗਿਆ ਹੈ।

ਪੁਲਿਸ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਹਮਲੇ ਲਈ ਤਿੰਨ ਵਿਅਕਤੀ ਆਏ ਸਨ ਜਦਕਿ ਦੋ ਹੀ ਵਿਅਕਤੀ ਬਿਨਾਂ ਮੂੰਹ ਢਕੇ ਘਰ ਦੇ ਅੰਦਰ ਗਏ ਅਤੇ ਘਟਨਾ ਨੂੰ ਅੰਜਾਮ ਦਿੱਤਾ।

ਦਾਅਵਾ ਇਹ ਵੀ ਕੀਤਾ ਗਿਆ ਕਿ ਦੋਹਾਂ ਹਮਲਾਵਰਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਮੋਟਰ ਸਾਈਕਲ ਬਾਰੇ ਵੀ ਜਾਣਕਾਰੀ ਮਿਲ ਚੁੱਕੀ ਹੈ ਅਤੇ ਇਹ ਮਾਮਲਾ ਛੇਤੀ ਹੀ ਹੱਲ ਹੋ ਜਾਵੇਗਾ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਹਮਲਾਵਰਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਿਵੇਂ ਹੀ ਦੋਵੇਂ ਹੱਥ ਲੱਗਣਗੇ ਤਾਂ ਸਾਰਾ ਕੁਝ ਸਾਫ਼ ਹੋ ਜਾਵੇਗਾ ਕਿ ਇਸ ਵਾਰਦਾਤ ਦੇ ਮਗਰ ਕਿਸ ਦਾ ਹੱਥ ਸੀ ਅਤੇ ਇਸ ਵਾਰਦਾਤ ਦਾ ਮਕਸਦ ਕੀ ਸੀ।

ਸੁਖ਼ਚੈਨ ਸਿੰਘ ਦੀ ਮਾਤਾ ਅਤੇ ਪਤਨੀ ਨੇ ਦੋਸ਼ ਲਗਾਇਆ ਸੀ ਕਿ ਸੁਖ਼ਚੈਨ ਸਿੰਘ ਨੂੰ ਉਸਦੀ ਪਹਿਲੀ ਪਤਨੀ ਦੇ ਪਰਿਵਾਰ ਵੱਲੋਂ ਲਗਾਤਾਰ ਧਮਕੀਆਂ ਮਿਲਦੀਆਂ ਸਨ। ਇਹ ਸਾਹਮਣੇ ਆਇਆ ਹੈ ਕਿ ਸੁਖ਼ਚੈਨ ਸਿੰਘ ਦੀ ਪਹਿਲੀ ਪਤਨੀ ਨੇ ਦਸੰਬਰ 2022 ਵਿੱਚ ਖੁਦਕੁਸ਼ੀ ਕਰ ਲਈ ਸੀ ਜਿਸ ਬਾਰੇ ਸੁਖ਼ਚੈਨ ਸਿੰਘ, ਉਸਦੇ ਅਮਰੀਕਾ ਰਹਿੰਦੇ ਭਰਾ ਅਤੇ ਮਾਤਾ ਦੇ ਖਿਲਾਫ਼ ਮਾਮਲਾ ਦਰਜ ਹੋਇਆ ਸੀ ਪਰ ਸੁਖ਼ਚੈਨ ਸਿੰਘ ਅਤੇ ਉਸਦੇ ਭਰਾ ਨੂੰ ਇਸ ਮਾਮਲੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ ਜਦਕਿ ਮਾਤਾ ਦੇ ਖ਼ਿਲਾਫ਼ ਚਲਾਨ ਪੇਸ਼ ਹੋਇਆ ਸੀ।

ਦੋਸ਼ ਲਗਾਇਆ ਗਿਆ ਕਿ ਇਸੇ ਨੂੰ ਲੈ ਕੇ ਧਮਕੀਆਂ ਮਿਲਦੀਆਂ ਸਨ ਅਤੇ ਇਸੇ ਲਈ ਅੱਜ ਘਰ ਵਿੱਚ ਵੜ ਕੇ ਦੋ ਬੰਦਿਆਂ ਨੇ ਬੱਚਿਆਂ ਸਣੇ ਹੋਰ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਗੋਲੀਆਂ ਚਲਾ ਕੇ ਸੁਖ਼ਚੈਨ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ