ਯੈੱਸ ਪੰਜਾਬ
ਜਲੰਧਰ, 28 ਸਤੰਬਰ, 2024
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਪ੍ਰੈਸ ਨੋਟ ਜਾਰੀ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਅੱਜ ਦੇ ਸਮਾਗਮ ਦੇ ਮੁੱਖ ਬੁਲਾਰੇ ਕਮੇਟੀ ਦੇ ਟਰੱਸਟੀ ਮੰਗਤ ਰਾਮ ਪਾਸਲਾ ਜੀ ਤੇ ਕਮੇਟੀ ਮੈਂਬਰ ਰੁਮਿੰਦਰ ਸਿੰਘ ਪਟਿਆਲਾ ਸਨ। ਆਗੂਆਂ ਨੇ ਕਿਹਾ ਕਿ ਭਗਤ ਸਿੰਘ ਦੇ ਵਿਚਾਰ ਅਜੋਕੇ ਪ੍ਰਸੰਗ ਵਿੱਚ ਵਿੱਚ ਵੀ ਉਨੀਂ ਹੀ ਮਹੱਤਤਾ ਰੱਖਦੇ ਹਨ ਜਿੰਨੀਂ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਸਮੇਂ ਸਨ।
ਸਗੋਂ ਇਸ ਵੇਲੇ ਤਾਂ ਆਜ਼ਾਦੀ ਸੰਗਰਾਮ ਤੋਂ ਵੀ ਵਧੇਰੇ ਭਗਤ ਸਿੰਘ ਦੇ ਵਿਚਾਰਾਂ ਦੀ ਲੋੜ ਹੈ। ਕਿਉਂਕਿ ਬੀਜੇਪੀ ਦੀ ਹਕੂਮਤ ਜਿਸ ਨੂੰ ਆਰ ਐਸ ਐਸ ਚਲਾ ਰਹੀ ਉਹ ਭਗਤ ਸਿੰਘ ਰੂਪ ਵਿਗਾੜ ਕੇ ਪੇਸ਼ ਕਰ ਰਹੀ ਹੈ। ਉਹ ਤਾਂ ਭਗਤ ਸਿੰਘ ਨੂੰ ਟੋਪੀ ਵਾਲਾ ਪੇਸ਼ ਕਰਕੇ ਹਿੰਦੂ ਪੱਖੀ ਬਨਾ ਰਹੀ ਹੈ। ਸਿੱਖ ਫਿਰਕੇ ਦੀਆਂ ਕੁੱਝ ਤਾਕਤਾਂ ਭਗਤ ਸਿੰਘ ਨੂੰ ਪੱਗ ਵਾਲੇ ਸਰਦਾਰ ਦੇ ਤੌਰ ਤੇ ਪੇਸ਼ ਕਰਦੀਆਂ ਹਨ।
ਇਸ ਲਈ ਅਜਿਹੀਆਂ ਫਿਰਕੂ ਤਾਕਤਾਂ ਦਾ ਜਵਾਬ ਭਗਤ ਦੇ ਵਿਚਾਰਾਂ ਰਾਹੀਂ ਹੀ ਦਿੱਤਾ ਜਾ ਸਕਦਾ ਹੈ। ਭਗਤ ਸਿੰਘ ਨੇ ਗਦਰ ਪਾਰਟੀ ਦੇ ਯੋਧਿਆਂ ਦੇ ਪੱਧ ਚਿੰਨਾਂ ਤੇ ਚੱਲਦੇ ਹੋਏ ਮਹਾਤਮਾ ਗਾਂਧੀ ਦੇ ਵਿਚਾਰ ਤੇ ਸਮਾਜਵਾਦੀ ਵਿਚਾਰਾਂ ਦਾ ਵਖਰੇਵਾਂ ਕੀਤਾ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਬਣਾਈ ਸੀ। ਸੋਸ਼ਲਿਸਟ ਖੁਸ਼ਹਾਲੀ ਦਾ ਪ੍ਰਤੀਕ ਹੈ।ਇਸ ਲਈ ਭਗਤ ਸਿੰਘ ਦੇ ਵਿਚਾਰਾਂ ਦੀ ਪੂਰਤੀ ਹੋਣ ਨਾਲ ਹੀ ਸਮਾਜ ਵਿੱਚ ਖੁਸ਼ਹਾਲੀ ਪਰਤੇਗੀ।
ਜਦੋਂ ਕਿ ਅੱਜ ਸਾਡਾ ਦੇਸ਼ ਭੁੱਖਮਰੀ ਵਾਲੇ ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਹਿੰਦੁਸਤਾਨ ਵਿੱਚ ਔਰਤਾਂ ਨਾਲ ਬਲਾਤਕਾਰ ਦਾ ਵਰਤਾਰਾ ਰੁੱਕਣ ਦਾ ਨਾ ਨਹੀਂ ਲੈ ਰਿਹਾ। ਹੁਣ ਤਾਂ ਸਭ ਹੱਦਾਂ ਹੀ ਟੱਪ ਗਈਆਂ ਹਨ ਤਿੰਨ ਤਿੰਨ ਸਾਲ ਦੀ ਬਾਲੜੀਆਂ ਨਾਲ ਦਰਿੰਦੇ ਬਲਾਤਕਾਰ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਕੌਮਾਂਤਰੀ ਪੱਧਰ ਤੇ ਤੀਜਾ ਵਿਸ਼ਵ ਜੰਗ ਵਾਲੇ ਹਾਲਾਤ ਬਣਦੇ ਜਾ ਰਹੇ ਹਨ। ਇਜ਼ਰਾਈਲ ਤੇ ਫਲਸਤੀਨ ਦੀ ਜੰਗ ਵਿੱਚ ਇਜਰਾਈਲੀਆਂ ਨੇ ਹੁਣ ਤੱਕ 80000 ਹਜ਼ਾਰ ਫ਼ਲਸਤੀਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਯੂਕਰੇਨ ਤੇ ਰੂਸ ਦੀ ਯੰਗ ਕਰਾਉਣ ਵਾਲਾ ਸਾਮਰਾਜ ਅਮਰੀਕਾ ਹੈ ਕਿਉਂਕਿ ਅਮਰੀਕਾ ਯੂਕਰੇਨ ਵਿੱਚ ਰੂਸ ਨੂੰ ਘੇਰਨ ਲਈ ਨਾਟੋ ਦਾ ਅੱਡਾ ਬਨਾ ਰਿਹਾ ਹੈ। ਵਿਸ਼ਵ ਲਈ ਇਹ ਹਾਲਾਤ ਬਹੁਤ ਘਾਤਕ ਸਾਬਤ ਹੋ ਸਕਦੇ ਹਨ।
ਯੂਕਰੇਨ ਵਿੱਚ ਖਾਦ ਖੁਰਾਕ ਦੀਆਂ ਮੁੱਖ ਵਸਤਾਂ ਹਨ ਜੇ ਫ਼ਸਲਾਂ ਨਾ ਪੈਦਾ ਹੋ ਸਕੀਆਂ ਤਾਂ ਵਿਸ਼ਵ ਵਿੱਚ ਭੁੱਖਮਰੀ ਫੈਲ ਸਕਦੀ ਹੈ। ਸਮਾਗਮ ਨੂੰ ਕਮੇਟੀ ਦੇ ਮੀਤ ਸਕੱਤਰ ਚਾਰੰਜੀਲਾਲ ਕੰਗਣੀਵਾਲ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ, ਕਮੇਟੀ ਦੇ ਖਜ਼ਾਨਚੀ ਸੀਤਲ ਸਿੰਘ ਸੰਘਾ, ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਰੀ ਕੋਛੜ, ਡਾਕਟਰ ਸ਼ੈਲਸ, ਵਿਜੇ ਬੰਬੇਲੀ ਹਾਜ਼ਰ ਸਨ।