Monday, September 30, 2024
spot_img
spot_img
spot_img
spot_img
spot_img

ਦੇਸ਼ ਦੇ ਕਿਰਤੀ RSS-BJP ਦੀ ਫਿਰਕੂ ਵੱਢ-ਟੁੱਕ ਦੀ ਸਾਜ਼ਿਸ਼ ਫੇਲ੍ਹ ਕਰਨਗੇ: ਪਾਸਲਾ

ਯੈੱਸ ਪੰਜਾਬ
ਬਠਿੰਡਾ, 13 ਸਤੰਬਰ, 2024

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਅਤੇ ਸੀਪੀਆਈ (ਐਮਐਲ) ਲਿਬ੍ਰੇਸ਼ਨ ਵਲੋਂ ਸੰਘ ਪਰਿਵਾਰ ਦੀਆਂ ਵੰਡਵਾਦੀ ਕੁਚਾਲਾਂ ਅਤੇ ਲੋਕਾਈ ਦਾ ਕਚੂੰਮਰ ਕੱਢਣ ਵਾਲੀਆਂ ਮੋਦੀ-ਮਾਨ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਖਿਲਾਫ਼ ਇੱਥੋਂ ਦੇ ਅੰਬੇਡਕਰ ਪਾਰਕ ਵਿਖੇ ਕੀਤੇ ਗਏ ਵਿਸ਼ਾਲ ਰੋਸ ਪ੍ਰਦਰਸ਼ਨ ਵਿਚ ਭਾਰੀ ਗਿਣਤੀ ਔਰਤਾਂ ਸਮੇਤ ਹਜ਼ਾਰਾਂ ਕਿਰਤੀ-ਕਿਸਾਨ ਸ਼ਾਮਲ ਹੋਏ।

ਇਸ ਮੌਕੇ ਉਚੇਚੇ ਪੁੱਜੇ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਆਰਐਸਐਸ ਦੀ ਧਰਮ ਅਧਾਰਤ ਕੱਟੜ ਹਿੰਦੂਤਵੀ ਰਾਜ ਕਾਇਮ ਕਰਨ ਦੀ ਵੰਡਵਾਦੀ ਸਾਜ਼ਿਸ਼ ਨੂੰ ਤਿੱਖੇ ਵਿਚਾਰਧਾਰਕ ਤੇ ਸਿਆਸੀ ਜਨ ਸੰਗਰਾਮ ਰਾਹੀਂ ਫੇਲ੍ਹ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੇ ਸੰਘ ਪਰਿਵਾਰ ਦੇ ਕੋਝੇ ਮਨਸੂਬੇ ਸਿਰੇ ਚੜ੍ਹ ਗਏ ਤਾਂ ਭਾਰਤ ਦਾ ਸੰਵਿਧਾਨ ਅਤੇ ਜਮਹੂਰੀ, ਧਰਮ ਨਿਰਪੱਖ ਤੇ ਫੈਡਰਲ ਢਾਂਚਾ, ਲਹੂ ਵੀਟਵੀਆਂ ਕੁਰਬਾਨੀਆਂ ਸਦਕਾ ਹਾਸਲ ਕੀਤੀ ਆਜ਼ਾਦੀ ਅਤੇ ਦੇਸ਼ ਦੀ ਏਕਤਾ-ਅਖੰਡਤਾ ਲਈ ਗਭੀਰ ਖਤਰੇ ਖੜ੍ਹੇ ਹੋ ਜਾਣਗੇ।

ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਭਾਰਤੀ ਲੋਕਾਈ ਦੀਆਂ ਬੇਰੁਜ਼ਗਾਰੀ-ਮਹਿੰਗਾਈ, ਸਿੱਖਿਆ-ਸਿਹਤ ਸਹੂਲਤਾਂ, ਘਰਾਂ ਤੇ ਸਮਾਜਿਕ ਸੁਰੱਖਿਆ ਦੀ ਅਣਹੋਂਦ ਆਦਿ ਮੁਸੀਬਤਾਂ ‘ਚ ਅੰਤਾਂ ਦਾ ਵਾਧਾ ਕਰਕੇ ਅਡਾਨੀ-ਅੰਬਾਨੀ ਜਿਹੇ ਜੁੰਡੀ ਪੂੰਜੀਪਤੀਆਂ ਦੇ ਖਜ਼ਾਨੇ ਨੱਕੋ-ਨੱਕ ਭਰਨ ਵਾਲੀਆਂ ਨਵ ਉਦਾਰਵਾਦੀ ਨੀਤੀਆਂ ਦਾ ਫਸਤਾ ਵੱਢਣ ਦੇ ਸੰਗਰਾਮ ਪ੍ਰਚੰਡ ਕਰਨ ਦੀ ਅਪੀਲ ਕੀਤੀ।
ਸੀਪੀਆਈ (ਐਮਐਲ) ਲਿਬ੍ਰੇਸ਼ਨ ਦੇ ਸੂਬਾਈ ਆਗੂ ਸਾਥੀ ਗੁਰਤੇਜ ਸਿੰਘ ਮਹਿਰਾਜ ਨੇ ਵੀ ਵਿਚਾਰ ਰੱਖੇ।

ਸਾਥੀ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਮੰਚ ਦੀ ਕਾਰਵਾਈ ਚਲਾਈ। ਸਾਥੀ ਰਜਿੰਦਰ ਸਿੰਘ ਸਿਵੀਆਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੰਚ ‘ਤੇ ਸਾਥੀ ਸੰਪੂਰਨ ਸਿੰਘ, ਹਰਜੀਤ ਸਿੰਘ ਬਰਾੜ, ਮਲਕੀਤ ਸਿੰਘ ਮਹਿਮਾ ਸਰਜਾ ਅਤੇ ਗੁਰਮੀਤ ਸਿੰਘ ਜੈ ਸਿੰਘ ਵਾਲਾ ਵੀ ਬਿਰਾਜਮਾਨ ਸਨ।
ਸੰਸਦ ਮੈਂਬਰ ਸ਼੍ਰੀ ਮਤੀ ਹਰਸਿਮਰਤ ਕੌਰ ਬਾਦਲ ਦੇ ਪ੍ਰਤੀਨਿਧੀ ਸ਼੍ਰੀ ਇਕਬਾਲ ਸਿੰਘ ਢਿਲੋਂ ‘ਬਬਲੀ’ ਰਾਹੀਂ ਕੇਂਦਰੀ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ ਗਿਆ। ਉਪਰੰਤ ਬੱਸ ਅੱਡੇ ਤੱਕ ਰੋਸ ਮੁਜ਼ਾਹਰਾ ਵੀ ਕੀਤਾ ਗਿਆ।

ਦੱਸਣਯੋਗ ਹੈ ਕਿ ਦੋਨੋਂ ਪਾਰਟੀਆਂ ਵਲੋਂ ਉਕਤ ਕਿਸਮ ਦੇ ਰੋਸ ਮੁਜ਼ਾਹਰੇ 9 ਤੋਂ 17 ਸਤੰਬਰ ਤੱਕ ਸਾਰੇ ਪੰਜਾਬ ਅੰਦਰ ਕੀਤੇ ਜਾ ਰਹੇ ਹਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ