Thursday, October 3, 2024
spot_img
spot_img
spot_img
spot_img
spot_img

ਤੀਸਰਾ ਪ੍ਰੋ. ਮੋਹਨ ਸਿੰਘ ਯਾਦਗਾਰੀ ਪੁਰਸਕਾਰ ਸੁਖਵਿੰਦਰ ਅੰਮ੍ਰਿਤ ਦੀ ਝੋਲੀ, ਡਾ. ਸੁਰਜੀਤ ਪਾਤਰ ਨੂੰ ਸਮਰਪਿਤ ‘ਤੀਜਾ ਅਦਬੀ ਉਤਸਵ-2024’ ਆਯੋਜਿਤ

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 29 ਜੁਲਾਈ, 2024

ਦੁਨੀਆ ਦੇ ਨਕਸ਼ੇ ’ਤੇ ਵਿਸ਼ਵ ਦੇ ਛੇਵੇਂ ਵੱਡੇ ਦੇਸ਼ ਆਸਟਰੋਲੀਆ (ਖੇਤਰਫਲ 77 ਲੱਖ ਵਰਗ ਕਿਲੋਮੀਟਰ) ਦੀ ਵਿਕਟੋਰੀਆ ਸਟੇਟ ਦੀ ਰਾਜਧਾਨੀ ਮੈਲਬੌਰਨ ਵਿਖੇ ਪੰਜਾਬੀ ਅਤੇ ਪੰਜਾਬੀਅਤ ਦੀ ਗੂੰਜ ਅਕਸਰ ਸੁਣਾਈ ਦਿੰਦੀ ਰਹਿੰਦੀ ਹੈ। ਪੰਜਾਬੀ ਸਾਹਿਤਕ ਗਤੀਵਿਧੀਆਂ ਦੀ ਰਵਾਨਗੀ ਪੰਜਾਬੀਅਤ ਦੀ ਪੌਣ ਦਾ ਅਹਿਸਾਸ ਕਰਾ ਜਾਂਦੀ ਹੈ।

ਇਕ ਅਜਿਹਾ ਹੀ ਸਾਹਿਤਕ ਸਮਾਗਮ ‘ਸਾਹਿਤਕ ਸੱਥ ਮੈਲਬੌਰਨ’ ਵੱਲੋਂ ਸਵ. ਡਾ. ਸੁਰਜੀਤ ਪਾਤਰ ਹੋਰਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਇਹ ਤੀਸਰਾ ਅਦਬੀ ਉਤਸਵ ਮੈਲਬੌਰਨ-2024 ਦੇ ਨਾਂਅ ਹੇਠ ਹੋਇਆ। ਵਰਨਣਯੋਗ ਹੈ ਕਿ ਪ੍ਰੋ. ਮੋਹਨ ਸਿੰਘ ਦੇ ਨਾਂਅ ਉਤੇ ਇਸ ਸਮਾਗਮ ਵਿਚ ਹਰ ਸਾਲ ਪੁਰਸਕਾਰ ਵੀ ਦਿੱਤਾ ਜਾਂਦਾ ਹੈ। ਅੱਜ ਦੇ ਸਮਾਗਮ ਵਿਚ ਜਿੱਥੇ ਆਸਟਰੇਲੀਆ ਤੋਂ ਨਾਮਵਰ ਹਸਤੀਆਂ ਪਹੁੰਚੀਆਂ ਸਨ ਉਥੇ ਨਿਊਜ਼ੀਲੈਂਡ ਤੋਂ ਵੀ ਲੇਖਕ ਅਤੇ ਪੱਤਰਕਾਰ ਆਏ ਸਨ।

ਸਾਹਿਤਕ ਸਮਗਾਮ ਦੀ ਆਰੰਭਤਾ ਮੰਚ ਸੰਚਾਲਕ ਅਤੇ ਪ੍ਰਸਿੱਧ ਰੇਡੀਓ ਪੇਸ਼ਕਾਰ ਪ੍ਰੀਤਇੰਦਰ ਗਰੇਵਾਲ ਅਤੇ ਮੈਡਮ ਰਮਾ ਸੇਖੋਂ ਹੋਰਾਂ ਆਏ ਮਹਿਮਾਨਾ ਅਤੇ ਸਰੋਤਿਆਂ ਦਾ ਸਵਾਗਤ ਕਰਦਿਆਂ ਕੀਤੀ। ਬਿੱਕਰ ਬਾਈ ਅਤੇ ਉਨ੍ਹਾਂ ਦੇ ਸਹਿਯੋਗੀ ਸਾਥੀਆਂ ਨੇ ਸਾਰਿਆਂ ਨੂੰ ਪਿਆਰ ਸਤਿਕਾਰ ਸਾਹਿਤ ਜੀ ਆਇਆਂ ਆਖਿਆ।

ਡਾ. ਹਰਭਜਨ ਸਿੰਘ, ਸੁਖਵਿੰਦਰ ਅੰਮ੍ਰਿਤ, ਸ. ਪਰਮਿੰਦਰ ਸਿੰਘ, ਪ੍ਰਭਜੀਤ ਸਿੰਘ ਸੰਧੂ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ ਤਾਂ ਕਿ ਇਸ ਸਾਹਿਤਕ ਸਮਾਗਮ ਦੇ ਵਿਚ ਸਾਹਿਤ ਦੀਆਂ ਕਿਰਨਾਂ ਵਾਲੀ ਲੋਅ ਆਪਣਾ ਰੰਗ ਬਿਖੇਰਦੀ ਰਹੇ। ਪ੍ਰਧਾਨਗੀ ਮੰਡਲ ਦੇ ਵਿਚ ਡਾ. ਸੁਖਵਿੰਦਰ ਅੰਮ੍ਰਿਤ, ਡਾ. ਹਰਦੀਪ ਕੌਰ ਸ਼ਾਹੀ, ਡਾ. ਅਰਵਿੰਦਰ ਕੌਰ ਭਾਟੀਆ, ਪ੍ਰੋ. ਹਰਜਿੰਦਰ ਸਿੰਘ, ਸ. ਪਭ੍ਰਜੋਤ ਸਿੰਘ ਸੰਧੂ ਅਤੇ ਸ. ਹਰਪਾਲ ਸਿੰਘ ਨਾਗਰਾ, ਪਾਲ ਰਾਓਕੇ, ਬਿਕਰਮਜੀਤ ਪਟਿਆਲਾ, ਸਰਬਜੀਤ ਸੋਹੀ ਅਤੇ ਹੋਰ ਸਖਸ਼ੀਅਤਾਂ ਹਾਜ਼ਿਰ ਸਨ।

ਇਸ ਤੋਂ ਉਪਰੰਤ ਡਾ. ਸੁਰਜੀਤ ਪਾਤਰ ਹੋਰਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਸਮੁੱਚੇ ਜੀਵਨ ਉਤੇ ਪੰਛੀ ਝਾਤ ਪਾਉਂਦਾ ਸਲਾਈਡ ਸ਼ੋਅ ਚਲਾਇਆ ਗਿਆ। ਉਨ੍ਹਾਂ ਦੀ ਸ਼ਖਸੀਅਤ ਦੇ ਵੱਖ-ਵੱਖ ਪਹਿਲੂ ਵੇਖ ਕੇ ਜੀਵਨ ਜੀਉਣ ਦੇ ਬਹੁਤ ਸਾਰੇ ਸੁਨੇਹੇ ਦਿਲਾਂ-ਦਿਮਾਗਾਂ ਵਿਚ ਬਹੁਤ ਕੁਝ ਉਕਰ ਗਏ।

ਇਸਦੇ ਨਾਲ ਹੀ ਕਵੀ ਸੰਮੇਲਨ ਦੀ ਸ਼ੁਰੂਆਤ ਹੋ ਗਈ ਜਿਸ ਦੇ ਵਿਚ ਇੰਦਰ ਨੰਗਲ, ਮਨਪ੍ਰੀਤ ਬਰਾੜ, ਗੁਰਪ੍ਰੀਤ ਕੌਰ ਬਰਾੜ, ਮਨਦੀਪ ਕੌਰ ਰੰਧਾਵਾ, ਪ੍ਰਵੇਸ਼ ਸੰਨੀ ਕਸ਼ਿਅਪ ਤੇ ਸਤਵਿੰਦਰ ਸਿੰਘ ਹੋਰਾਂ ਨੇ ਕਵਿਤਾਵਾਂ ਗਾ ਕੇ ਵੱਖਰਾ ਹੀ ਰੰਗ ਬੰਨਿ੍ਹਆ। ਇਸ ਉਤਸਵ ਦੇ ਮੁੱਖ ਮਹਿਮਾਨ ਡਾ. ਹਰਭਜਨ ਸਿੰਘ ਭਾਟੀਆਂ ਨੇ ਸੰਬੋਧਨ ਕਰਦਿਆਂ ਜਿੱਥੇ ਆਪਣੀ ਯਾਦਾਂ ਡਾ. ਸੁਰਜੀਤ ਪਾਤਰ ਹੋਰਾਂ ਨਾਲ ਸਾਂਝੀਆਂ ਕੀਤੀਆਂ ਉਥੇ ਸਾਰਥਿਕ ਸ਼ੇਅਰਾਂ ਦੀ ਝੜੀ ਦੇ ਨਾਲ ਵੱਡਮੁੱਲੇ ਸੁਨੇਹੇ ਵੰਡੇ। ਇਕ ਮਿੰਟ ਦਾ ਮੋਨ ਰੱਖ ਕੇ ਡਾ. ਸੁਰਜੀਤ ਪਾਤਰ ਹੋਰਾਂ ਨੂੰ ਵਧਾਈ ਦਿੱਤੀ ਗਈ।

ਮਾਹੌਲ ਨੂੰ ਸੰਗੀਤਕ ਛੋਹ ਦੇਣ ਦੇ ਲਈ ਗਜ਼ਲਗੋ ਕੁਲਵੰਤ ਸਿੰਘ ਹੋਰਾਂ ਨੇ ਡਾ. ਸੁਰਜੀਤ ਪਾਤਰ ਹੋਰਾਂ ਦੀਆਂ ਖੂਬਸੂਰਤ ਰਚਨਾਵਾਂ ‘ਛੱਡ ਪਰ੍ਹੇ’, ਬਲਦਾ ਬਿਰਖ ਹਾਂ ਤੇ ਮਿਲਦੀ ਨਹੀਂ ਮੁਸਕਾਨ ਹੋਠੀਂ ਸਜਾਉਣ ਨੂੰ’ ਦੀ ਸੁਰਾਂ ਸੰਗ ਗਾ ਕੇ ਝੜੀ ਲਾ ਦਿੱਤੀ।

ਮਾਨ-ਸਨਮਾਨ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਤੀਸਰਾ ਪ੍ਰੋ. ਮੋਹਨ ਸਿੰਘ ਯਾਦਗਾਰੀ ਪੁਰਸਕਾਰ ਕਵੀਤਰੀ ਸੁਖਵਿੰਦਰ ਅੰਮ੍ਰਿਤ ਦੀ ਝੋਲੀ ਪਾਇਆ ਗਿਆ। ਨਿਊਜ਼ੀਲੈਂਡ ਤੋਂ ਨਵਤੇਜ ਰੰਧਾਵਾ ਨੂੰ ਰੇਡੀਓ ਪ੍ਰਸਾਰਣ ਲਈ, ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੂੰ ਕੀਵੀ ਭਾਸ਼ਾ, ਖੋਜ ਤੇ ਸਮੀਖਿਆ ਲਈ, ਅੰਤਰ ਰਾਸ਼ਟਰੀ ਭੰਗੜਾ ਕੋਚ ਅਜੀਤਪਾਲ ਡਡਵਾਲ ਨੂੰ ਲੋਕ ਨਾਚ ਲਈ ਦਿੱਤੀਆਂ ਸੇਵਾਵਾਂ ਅਤੇ ਅਮਰਦੀਪ ਕੌਰ ਜੀ ਨੂੰ ਥੀਏਟਰ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਚਾਰ ਕਿਤਾਬਾਂ ਜਿਸ ਵਿਚ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਦੀ ਪੁਸਤਕ ਕੀਵੀਨਾਮਾ, ਮਨਜੀਤ ਕੌਰ ਅੰਬਾਲਵੀ ਦੀ ਬਾਲ ਪੁਸਤਕ “ਆ ਜਾ ਚਿੜੀਏ”, ਲਵਲੀਨ ਕੌਰ ਵੱਲੋਂ ਸੰਪਾਦਿਤ ਪੁਸਤਕ “ਸ਼ਗਨਾਂ ਦੇ ਗੀਤ” ਅਤੇ ਰੁਬਿੰਦਰ ਕੌਰ ਜੀ ਦੀ ਪੁਸਤਕ “ਚੇਤਨਾ ਦੀ ਲੋਅ” ਲੋਕ ਅਰਪਣ ਕੀਤੀ ਗਈ। ਡਾ. ਸੁਖਵਿੰਦਰ ਅੰਮ੍ਰਿਤ ਹੋਰਾਂ ਨੇ ਇਸ ਮੌਕੇ ਆਪਣੀਆਂ ਖੂਬਸੂਰਤ ਰਚਨਾਵਾਂ ਦੇ ਨਾਲ ਸਾਹਿਤਕ ਮਾਹੌਲ ਦੇ ਵਿਚ ਬੈਠੇ ਸਰੋਤਿਆਂ ਨੂੰ ਸਾਹਿਤ ਦੇ ਛਿੱਟਿਆਂ ਨਾਲ ਸਿੰਜ ਦਿੱਤਾ।

ਕੁਲਜੀਤ ਸੰਧੂ ਵੱਲੋਂ ਗਾਏ ਗੀਤ ਇਸ ਸਮਾਗਮ ਨੂੰ ਹੋਰ ਲੰਬਾ ਰੱਖਣ ਦੀ ਸਮਰੱਥਾ ਰੱਖ ਗਏ। ਪ੍ਰਸਿੱਧ ਗਾਇਕਾ ਗੁਲਸ਼ਨ ਕੋਮਲ ਨੇ ਵੀ ਇਕ ਗੀਤ ਨਾਲ ਹਾਜ਼ਰੀ ਲਗਵਾਈ ਅਤੇ ਬਿੱਕਰ ਬਾਈ ਨੇ ਉਨ੍ਹਾਂ ਦਾ ਸਾਥ ਦਿੱਤਾ।

ਸੁਖਜਿੰਦਰ ਲਾਡੀ ਹੋਰਾਂ ਲੋਕ ਸਾਜ਼ ਪ੍ਰਦਰਸ਼ਨੀ ਲਗਾਈ ਜਦ ਕਿ ਵਿਸ਼ਾਲ ਵਿਜੇ ਸਿੰਘ ਹੋਰਾਂ ਨੇ ਪੁਸਤਕ ਪ੍ਰਦਰਸ਼ਨੀ ਲਗਾਈ। ਪੰਜਾਬੀ ਹੈਰਲਡ ਨਿਊਜ਼ੀਲੈਂਡ ਦੇ ਸੰਪਾਦਕ ਸ. ਹਰਜਿੰਦਰ ਸਿੰਘ ਬਸਿਆਲਾ ਨੇ ‘ਨਿਊਜ਼ੀਲੈਂਡ ਦੇ ਵਿਚ ਪੰਜਾਬੀ ਭਾਸ਼ਾ ਹਫਤੇ’ ਸਬੰਧੀ ਸੰਬੋਧਨ ਕੀਤਾ, ਪੰਜਾਬੀ ਦੇ ਇਤਿਹਾਸ ਬਾਰੇ ਤਿਆਰ ਮੈਗਜ਼ੀਨ ਅਤੇ ਗੁਰਮੁਖੀ ਵਰਣਮਾਲਾ ਦਾ ਕੈਲੰਡਰ ਰਿਲੀਜ਼ ਕੀਤਾ। ਪ੍ਰਬੰਧਕਾਂ ਵੱਲੋਂ ਸ. ਬਸਿਆਲਾ, ਸ. ਸਤਨਾਮ ਸਿੰਘ ਪਾਬਲਾ ਅਤੇ ਸ. ਹਰਪ੍ਰੀਤ ਸਿੰਘ ਹੈਪੀ ਨਿਊਜ਼ੀਲੈਂਡ ਦਾ ਵੀ ਸਨਮਾਨ ਕੀਤਾ ਗਿਆ।

ਅੰਤ ਇਹ ਸਾਹਿਤਕ ਸਮਾਗਮ ਬਹੁਤ ਹੀ ਸਫਲਤਾ ਦੇ ਨਾਲ ਜਿੱਥੇ ਸਾਹਿਤਕ ਸ਼ਖਸੀਅਤਾਂ ਦਾ ਮਾਨ-ਸਨਮਾਨ ਕਰ ਗਿਆ ਉਥੇ ਸਾਹਿਤ ਪ੍ਰੇਮੀਆ ਨੂੰ ਵੀ ਅਗਲੇ ਸਾਲ ਦੇ ਲਈ ਅਜਿਹੀ ਇਕ ਹੋਰ ਆਸ ਛੱਡ ਗਿਆ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ