Tuesday, October 1, 2024
spot_img
spot_img
spot_img
spot_img
spot_img

ਔਕਲੈਂਡ ਕੌਂਸਿਲ ਵੱਲੋਂ ‘ਸਮਾਲ ਬਿਜ਼ਨਸ ਅਡਵਾਈਜ਼ਰੀ ਪੈਨਲ’ ਗਠਿਤ: ਪੰਜਾਬੀ ਕਮਿਊਨਿਟੀ ਤੋਂ ਰਘਬੀਰ ਸਿੰਘ ਜੇ.ਪੀ. ਅਤੇ ਸੰਨੀ ਕੌਸ਼ਿਲ ਬੋਰਡ ਵਿਚ ਸ਼ਾਮਿਲ

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 12 ਜੁਲਾਈ, 2024

ਔਕਲੈਂਡ ਕੌਂਸਿਲ ਵੱਲੋਂ ਸਥਾਨਿਕ ਛੋਟੇ ਕਾਰੋਬਾਰੀਆਂ ਦੀਆਂ ਮੁਸ਼ਕਿਲਾਂ ਨੂੰ ਹੋਰ ਨੇੜਿਓ ਵੇਖਣ, ਸਮਝਣ, ਉਨ੍ਹਾਂ ਦੇ ਹੱਲ ਅਤੇ ਸਿਸਟਮ ਦੇ ਵਿਚ ਤਬਦੀਲੀਆਂ ਦੀ ਸ਼ਿਫਾਰਸ਼ ਦੇ ਲਈ ‘ਸਮਾਲ ਬਿਜ਼ਨਸ ਅਡਵਾਈਜ਼ਰੀ ਪੈਨਲ’ (ਛੋਟੇ ਕਾਰੋਬਾਰੀਆਂ ਲਈ ਸਲਾਹਕਾਰ ਬੋਰਡ) ਬਣਾਇਆ ਗਿਆ ਹੈ, ਜਿਸ ਨੇ ਪਹਿਲੀ ਜੁਲਾਈ ਤੋਂ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਔਕਲੈਂਡ ਦੇ ਮੇਅਰ ਸ੍ਰੀ ਵੇਅ ਬ੍ਰਾਉਨ ਨੇ ਇਨ੍ਹਾਂ ਨਿਯੁਕਤੀਆਂ ਨੂੰ ਪ੍ਰਵਾਨਗੀ ਦਿੱਤੀ ਹੈ। ਭਾਰਤੀਆਂ ਖਾਸ ਕਰ ਪੰਜਾਬੀਆਂ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਇਸ ਸਲਾਹਕਾਰ ਦਲ ਦੇ ਵਿਚ ਦੋ ਪੰਜਾਬੀ ਚਿਹਰੇ ਵੀ ਸ਼ਾਮਿਲ ਕੀਤੇ ਹਨ ਜਿਨ੍ਹਾਂ ਵਿਚ ਸ. ਰਘਬੀਰ ਸਿੰਘ ਸ਼ੇਰਗਿੱਲ (ਜੇ.ਪੀ.) ਅਤੇ ਸ੍ਰੀ ਸੰਨੀ ਕੌਸ਼ਿਲ (ਡੇਅਰੀ ਅਤੇ ਬਿਜ਼ਨਸ ਆਨਰ ਗਰੁੱਪ ਦੇ ਚੇਅਰਮੈਨ) ਹਨ।

ਸ. ਰਘਬੀਰ ਸਿੰਘ ਇਕ ਸਫਲ ਕਾਰੋਬਾਰੀ ਹਨ ਅਤੇ ਲੰਬਾ ਸਮਾਂ ਪਾਪਾਟੋਏਟੋਏ ਦੇ ਵਿਚ ਪੀਜ਼ਾ ਫੈਕਟਰੀ ਦੇ ਮਾਲਕ ਰਹੇ ਹਨ। ਉਹ ਇਸ ਵੇਲੇ ਵੀ ਕਈ ਆਪਣੇ ਵਪਾਰਕ ਅਦਾਰਿਆਂ ਦੇ ਨਾਲ ਸਿੱਧੇ ਅਤੇ ਅਸਿੱਧੇ ਤੌਰ ਉਤੇ ਜੁੜੇ ਹੋਏ ਹਨ। ਇਸੇ ਤਰ੍ਹਾਂ ਸ੍ਰੀ ਸੰਨੀ ਕੌਸ਼ਿਲ ਵੀ ਲੰਬੇ ਸਮੇਂ ਤੋਂ ਛੋਟੇ ਕਾਰੋਬਾਰੀਆਂ ਅਤੇ ਡੇਅਰੀ ਬਿਜ਼ਨਸ ਅਦਾਰਿਆਂ ਦੀ ਰਾਸ਼ਟਰੀ ਮੀਡੀਏ ਤੱਕ ਨੁਮਾਇੰਦਗੀ ਕਰਦੇ ਰਹੇ ਹਨ ਅਤੇ ਛੋਟੇ ਕਾਰੋਬਾਰੀਆਂ ਦੀ ਸਹਾਇਤਾ ਲਈ ਬਣੇ ‘ਡੇਅਰੀ ਅਤੇ ਬਿਜ਼ਨਸ ਔਨਰ ਗਰੁੱਪ੍ਯ ਦੇ ਚੇਅਰਮੈਨ ਵੀ ਹਨ।

ਹਾਲ ਹੀ ਦੇ ਵਿਚ ਅਪਰਾਧਿਕ ਮਾਮਲਿਆਂ ਨੂੰ ਲੈ ਕੇ ਨੈਸ਼ਨਲ ਸਰਕਾਰ ਵੱਲੋਂ ਇਕ ਕਮਿਸ਼ਨ ਵੀ ਬਣਾਇਆ ਜਾ ਰਿਹਾ ਹੈ, ਜਿਸ ਦੇ ਚੇਅਰਮੈਨ ਸ੍ਰੀ ਸੰਨੀ ਕੌਸ਼ਿਲ ਨੂੰ ਲਾਇਆ ਜਾ ਰਿਹਾ ਹੈ। ਇਹ ਕਮਿਸ਼ਨ ਸਰਕਾਰ ਨੂੰ ਸ਼ਿਫਾਰਸ ਕਰੇਗਾ ਕਿ ਅਪਰਾਧਿਕ ਮਾਮਲਿਆਂ ਨੂੰ ਘੱਟ ਕਰਨ ਵਾਸਤੇ ਕੀ ਸੰਭਾਵਨਾ ਅਪਣਾਈਆਂ ਜਾ ਸਕਦੀਆਂ ਹਨ।

ਇਨ੍ਹਾਂ ਦੋਹਾਂ ਪੰਜਾਬੀਆਂ ਵੱਲੋਂ ਛੋਟੇ ਕਾਰੋਬਾਰੀਆਂ ਦੇ ਨਾਲ ਹੋਰ ਰਾਬਤਾ ਕਾਇਮ ਕਰਕੇ ਕਿਹੜੀਆਂ ਤਬਦੀਲੀਆਂ ਲਿਆਂਦੀਆਂ ਜਾ ਸਕਦੀਆਂ ਹਨ, ਸਮਾਂ ਹੀ ਦੱਸੇਗਾ ਪਰ ਐਨੀ ਆਸ ਜ਼ਰੂਰ ਰੱਖੀ ਜਾ ਸਕਦੀ ਹੈ ਕਿ ਇਹ ਦੋਵੇਂ ਸਥਾਨਕ ਅਤੇ ਰਾਸ਼ਟਰੀ ਸਰਕਾਰ ਦੇ ਕੰਨਾਂ ਤੱਕ ਆਪਣੀ ਗੱਲ ਪਹੁੰਚਾਉਣ ਦੇ ਲਈ ਘੰਟੀ ਉਤੇ ਠੋਲੂ ਮਾਰਨ ਦਾ ਕੰਮ ਜਰੂਰ ਕਰਨਗੇ।

ਪੰਜਾਬੀ ਮੀਡੀਆ ਕਰਮੀਆਂ ਰੇਡੀਓ ਸਪਾਈਸ, ਪੰਜਾਬੀ ਹੈਰਲਡ ਅਤੇ ਏਥਨਿਕ ਕਮਿਊਨਿਟੀਜ਼ ਅਡਵਾਈਜ਼ਰੀ ਪੈਨਲ ਦੇ ਮੈਂਬਰ ਸ.ਪਰਮਿੰਦਰ ਸਿੰਘ ਪਾਪਾਟੋਏਟੋਏ, ਅਤੇ ਸੰਨੀ ਸਿੰਘ ਇਮੀਗ੍ਰੇਸ਼ਨ ਸਲਾਹਕਾਰ ਨੇ ਇਨ੍ਹਾਂ ਦੋਹਾਂ ਸਲਾਹਕਾਰਾਂ ਨੂੰ ਵਧਾਈ ਦਿੱਤੀ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ