ਅੱਜ-ਨਾਮਾ
ਅਕਾਲੀ ਧੜਾ ਜਾਂ ਇੱਕ ਸੀ ਉੱਠ ਤੁਰਿਆ,
ਦੂਸਰਾ ਧੜਾ ਬੱਸ ਉੱਠ ਪਿਆ ਝੱਟ ਬੇਲੀ।
ਭਰਤੀ ਪਾਰਟੀ ਦੀ ਕਰਨ ਲੱਗ ਪਏ ਉਹ,
ਠਿੱਲ੍ਹ ਪਏ ਕੱਢਣ ਸੀ ਕੰਮ ਦੇ ਵੱਟ ਬੇਲੀ।
ਨੀਤੀ-ਈਮਾਨ ਦਾ ਕੋਈ ਨਾ ਫਿਕਰ ਹੋਣਾ,
ਅੱਗੇ ਨਿਕਲਣ ਦੀ ਲੱਗੀ ਬੱਸ ਰੱਟ ਬੇਲੀ।
ਉੱਡਦਾ ਮਜ਼ਾਕ ਜੇ ਕਿਤੇ ਤਾਂ ਜਾਏ ਉੱਡੀ,
ਸ਼ਾਬਾਸ਼ ਲੀਡਰ ਦੀ ਲੈਣੀ ਆ ਖੱਟ ਬੇਲੀ।
ਪਾਰਟੀ ਇੱਕ, ਪਰ ਭਰਤੀ ਹੈ ਦੋਂਹ ਜਿੰਨੀ,
ਕੋਈ ਨਾ ਜਾਣਦਾ ਨਕਲ ਜਾਂ ਅਸਲ ਬੇਲੀ।
ਜਿਹੋ ਜਿਹਾ ਬੀਜ ਹੈ ਬੀਜਿਆ ਜਾਣ ਲੱਗਾ,
ਉਹੋ ਜਿਹੀ ਹੋਵਣੀ ਅੰਤ ਤਾਂ ਫਸਲ ਬੇਲੀ।
-ਤੀਸ ਮਾਰ ਖਾਂ
20 ਮਾਰਚ, 2025