Tuesday, October 1, 2024
spot_img
spot_img
spot_img
spot_img
spot_img

ਸਾਂਝੇ ਕਿਸਾਨੀ ਸੰਘਰਸ਼ਾਂ ਦੇ ਝੰਡਾਬਰਦਾਰ ਆਗੂ ਬਲਕਾਰ ਸਿੰਘ ਡਕੌਂਦਾ ਦੀ 14ਵੀਂ ਬਰਸੀ ਮੌਕੇ ਸੂਬੇ ਭਰ ‘ਚ ਸਮਾਗਮ

ਯੈੱਸ ਪੰਜਾਬ
ਚੰਡੀਗੜ੍ਹ, 13 ਜੁਲਾਈ, 2024

ਸਾਂਝੇ ਕਿਸਾਨੀ ਸੰਘਰਸ਼ਾਂ ਦੇ ਝੰਡਾਬਰਦਾਰ ਅਤੇ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਬਾਨੀ ਮਰਹੂਮ ਬਲਕਾਰ ਸਿੰਘ ਡਕੌਂਦਾ ਦੀ 14ਵੀਂ ਬਰਸੀ ਮੌਕੇ ਸੂਬੇ ਭਰ ਵਿੱਚ ਦਰਜ਼ਨਾਂ ਥਾਵਾਂ ‘ਤੇ ਭਰਵੇਂ ਸ਼ਰਧਾਂਜਲੀ ਸਮਾਗਮ ਕੀਤੇ ਗਏ।

ਅਖਾੜਾ (ਲੁਧਿਆਣਾ), ਮਸਤੂਆਣਾ ਸਾਹਿਬ(ਸੰਗਰੂਰ),
ਫਫੜੇ ਭਾਈਕੇ(ਮਾਨਸਾ), ਰਾਮਪੁਰਾ(ਬਠਿੰਡਾ), ਬਰਨਾਲਾ,

ਲਾਧੂਕਾ(ਫਾਜ਼ਿਲਕਾ), ਚੰਨੂ(ਮੁਕਤਸਰ ਸਾਹਿਬ), ਕਪੂਰਥਲਾ, ਜਲੰਧਰ ਅਤੇ ਮਲੇਰਕੋਟਲਾ ਸਮੇਤ ਹੋਰਨਾਂ ਥਾਵਾਂ ‘ਤੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ, ਸੂਬਾਈ ਆਗੂ ਬਲਵੰਤ ਸਿੰਘ ਉੱਪਲੀ, ਕੁਲਵੰਤ ਸਿੰਘ ਕਿਸ਼ਨਗੜ੍ਹ, ਮਹਿੰਦਰ ਸਿੰਘ ਦਿਆਲਪੁਰਾ, ਮੱਖਣ ਸਿੰਘ ਭੈਣੀਬਾਘਾ, ਹਰੀਸ਼ ਨੱਢਾ ਅਤੇ ਭੈਣ ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਬਲਕਾਰ ਸਿੰਘ ਡਕੌਂਦਾ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਜਵਾਨੀ ਪਹਿਰੇ ਤੋਂ ਹੀ ਵਿਗਿਆਨਕ ਨਜ਼ਰੀਆ ਹਾਸਲ ਕਰ ਲਿਆ ਸੀ।

ਬਲਕਾਰ ਸਿੰਘ ਡਕੌਂਦਾ 30-35 ਸਾਲ ਲੋਕ ਪੱਖੀ ਜਥੇਬੰਦੀਆਂ ਵਿੱਚ ਆਗੂ ਹੈਸੀਅਤ ਵਿੱਚ ਵਿਚਰਦੇ ਰਹੇ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ‘ਚ ਏਕਤਾ ਸਥਾਪਤ ਕਰਨ ਲਈ ਪਹਿਲਕਦਮੀ ਕਰਨ ਵਾਲੇ ਬਲਕਾਰ ਸਿੰਘ ਡਕੌਂਦਾ ਨੇ 2007 ‘ਚ ਜਥੇਬੰਦੀ ਦੀ ਸਥਾਪਨਾ ਵੇਲੇ ਵਡੇਰੀ ਜ਼ਿੰਮੇਵਾਰੀ ਸੰਭਾਲੀ ਸੀ।

ਬਲਕਾਰ ਸਿੰਘ ਡਕੌਂਦਾ 1991’ਚ ਦੇਸ਼ ਵਿੱਚ ਲਾਗੂ ਕੀਤੀਆਂ ਵਿਸ਼ਵੀਕਰਨ, ਨਿੱਜੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਤੋਂ ਚਿੰਤਤ ਸਨ। ਉਨ੍ਹਾਂ ਵੱਲੋਂ ਦਿੱਤੀ ਸੇਧ ‘ਤੇ ਚੱਲਦਿਆਂ ਹੀ ਬੀਕੇਯੂ ਏਕਤਾ ਡਕੌਂਦਾ ਸਾਂਝੇ ਸੰਘਰਸ਼ਾਂ ਦੀ ਮੂਹਰੈਲ ਜਥੇਬੰਦੀ ਵਜੋਂ ਉੱਭਰੀ ਹੈ। ਇਸੇ ਅਧਾਰ ‘ਤੇ ਹੀ ਇਤਿਹਾਸਕ ਕਿਸਾਨ ਘੋਲ ਦਿੱਲੀ ਦੇ ਬਾਰਡਰਾਂ ‘ਤੇ ਲੜਿਆ ਗਿਆ ਅਤੇ ਜੇਤੂ ਹੋ ਨਿੱਬੜਿਆ।

ਬਲਕਾਰ ਸਿੰਘ ਡਕੌਂਦਾ ਨਾ ਸਿਰਫ਼ ਆਰਥਿਕ ਹੀ ਸਗੋਂ ਸਮਾਜਿਕ ਸਮੱਸਿਆਵਾਂ ਖਾਸ ਕਰ ਔਰਤਾਂ ਉੱਪਰ ਹੁੰਦੇ ਜ਼ਬਰ ਨੂੰ ਵੀ ਭਲੀ ਭਾਂਤ ਸਮਝਦੇ ਸਨ। ਮਹਿਲ ਕਲਾਂ ਵਿਖੇ ਬੀਬੀ ਕਿਰਨਜੀਤ ਕੌਰ ਦੀ ਸ਼ਹਾਦਤ ਸਮੇਂ ਚੱਲੇ ਘੋਲ ਸਮੇਂ ਜਥੇਬੰਦੀ ਦੀ ਨਿਡਰਤਾ ਅਤੇ ਸੂਝ ਬੂਝ ਨਾਲ ਅਗਵਾਈ ਕੀਤੀ। ਉਹ ਸਾਰੀ ਬੁਰਾਈ ਦੀ ਜੜ੍ਹ ਲੁਟੇਰੇ ਤੇ ਜਾਬਰ ਪ੍ਰਬੰਧ ਨੂੰ ਸਮਝਦੇ ਹੋਏ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਨਵਾਂ ਜਮਹੂਰੀ ਸਮਾਜ ਸਿਰਜਣਾ ਲੋਚਦਾ ਸੀ।

ਬੁਲਾਰਿਆਂ ਨੇ ਕਿਹਾ ਕਿ ਭਾਵੇਂ ਉਹ ਆਪਣੀ ਧਰਮ ਪਤਨੀ ਜਸਬੀਰ ਕੌਰ ਸਮੇਤ ਇੱਕ ਦਰਦਨਾਕ ਸੜਕ ਹਾਦਸੇ ਵਿੱਚ 13 ਜੁਲਾਈ 2010 ਨੂੰ ਸਾਨੂੰ ਸਰੀਰਕ ਤੌਰ ‘ਤੇ ਸਦੀਵੀ ਵਿਛੋੜਾ ਦੇ ਗਏ ਸਨ, ਪਰ ਉਹ ਵਿਚਾਰਾਂ ਦੇ ਰੂਪ’ ਚ ਸਾਡੇ ਦਿਲਾਂ ਵਿੱਚ ਹਮੇਸ਼ਾ ਵੱਸਦੇ ਹਨ ਤੇ ਸਾਡੇ ਲਈ ਪ੍ਰੇਰਨਾ ਦਾ ਸਰੋਤ ਹਨ।

ਇਨ੍ਹਾਂ ਸਮਾਗਮਾਂ ਨੂੰ ਬਹੁਤ ਸਾਰੀਆਂ ਭਰਾਤਰੀ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਰਧਾਂਜਲੀਆਂ ਭੇਂਟ ਕਰਦਿਆਂ ਇੱਕ ਜੁੱਟਤਾ ਦਾ ਇਜ਼ਹਾਰ ਕੀਤਾ। ਇਨਾਂ ਸਮਾਗਮਾਂ ਸਮੇਂ ਹੀ ਜਥੇਬੰਦੀ ਦੀ ਮਜ਼ਬੂਤੀ ਲਈ ਜ਼ਿਲ੍ਹਾ ਸੰਗਰੂਰ ਅਤੇ ਫਾਜ਼ਿਲਕਾ ਦੀ ਜਥੇਬੰਦਕ ਚੋਣ ਵੀ ਕਰਵਾਈ ਗਈ।

ਆਗੂਆਂ ਨੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਅਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਆ ਰਹੇ ਪ੍ਰੋਗਰਾਮਾਂ ਨੂੰ ਵੱਧ ਚੜ ਕੇ ਲਾਗੂ ਕਰਨ ਦਾ ਜ਼ੋਰਦਾਰ ਅਹਿਦ ਕੀਤਾ। ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਦੇ ਕਿਸਾਨਾਂ ਨੂੰ ਇਨਸਾਫ਼ ਦੇਣ ਲਈ ਪੰਜਾਬ ਸਰਕਾਰ ਅਤੇ ਮਾਨਸਾ ਦੇ ਪ੍ਰਸ਼ਾਸਨ ਵੱਲੋਂ 15 ਦਿਨ ਦਾ ਸਮਾਂ ਲਿਆ ਗਿਆ ਸੀ ਜੋ ਕਿ 18 ਜੁਲਾਈ ਨੂੰ ਪੂਰਾ ਹੋ ਰਿਹਾ ਹੈ। ਜੇਕਰ ਮਾਨਸਾ ਦੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੇ ਕੁੱਲਰੀਆਂ ਦੇ ਕਿਸਾਨਾਂ ਨੂੰ ਇਨਸਾਫ਼ ਦੇਣ ਲਈ ਆਪਣਾ ਵਾਅਦਾ ਪੂਰਾ ਨਾ ਕੀਤਾ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ