36.7 C
Delhi
Sunday, May 19, 2024
spot_img
spot_img

Khattar ਨੇ ਗੱਲ ਕਰਨ ਲਈ ਮੇਰੇ ਮੋਬਾਈਲ ’ਤੇ ਕਾਲ ਕਿਉਂ ਨਹੀਂ ਕੀਤੀ ਜਾਂ ਅਧਿਕਾਰਤ ਢੰਗ-ਤਰੀਕਾ ਕਿਉਂ ਨਹੀਂ ਵਰਤਿਆ: Amarinder

ਯੈੱਸ ਪੰਜਾਬ
ਚੰਡੀਗੜ੍ਹ, 29 ਨਵੰਬਰ, 2020:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਵਿੱਚ ਉਹਨਾਂ ਦੇ ਹਮਰੁਤਬਾ ਵੱਲੋਂ ਜਾਰੀ ਕੀਤੇ ਅਖੌਤੀ ਕਾਲ ਰਿਕਾਰਡ ਨੂੰ ਮੁਕੰਮਲ ਤੌਰ ਉਤੇ ਢਕਵੰਜ ਦੱਸਦੇ ਹੋਏ ਰੱਦ ਕਰ ਦਿੱਤਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਆਪਣੇ ਹੀ ਸਰਕਾਰੀ ਰਜਿਸਟਰ ਦਾ ਪੰਨਾ ਦਿਖਾਉਣ ਨਾਲ ਐਮ.ਐਲ. ਖੱਟਰ ਦੇ ਝੂਠਾਂ ਉਤੇ ਪਰਦਾ ਨਹੀਂ ਪੈ ਸਕਦਾ ਅਤੇ ਜੇਕਰ ਉਹ ਸੱਚਮੁੱਚ ਹੀ ਸੰਪਰਕ ਸਾਧਣਾ ਚਾਹੁੰਦੇ ਸਨ ਤਾਂ ਉਹ ਅਧਿਕਾਰਤ ਢੰਗ-ਤਰੀਕਾ ਵਰਤ ਸਕਦੇ ਸਨ ਜਾਂ ਫਿਰ ਉਹਨਾਂ ਦੇ ਮੋਬਾਈਲ ਫੋਨ ਉਤੇ ਕਾਲ ਕਰ ਸਕਦੇ ਸਨ।

ਖੱਟਰ ਵੱਲੋਂ ਆਪਣੇ ਦਾਅਵੇ ਸਿੱਧ ਕਰਨ ਲਈ ਕੀਤੀਆਂ ਤਰਸਯੋਗ ਕੋਸ਼ਿਸ਼ਾਂ ਨੂੰ ਰੱਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਲ ਰਿਕਾਰਡ ਦੀਆਂ ਕਾਪੀਆਂ ਜਿਨ੍ਹਾਂ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਉਹਨਾਂ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਨੂੰ ਦਰਸਾਉਣ ਦਾ ਯਤਨ ਕੀਤਾ ਗਿਆ ਹੈ, ਜਾਰੀ ਕਰਨ ਨਾਲ ਖੱਟਰ ਦੀ ਪਾਖੰਡਬਾਜੀ ਦਾ ਹੋਰ ਵੀ ਵੱਧ ਪਰਦਾਫਾਸ਼ ਹੋਇਆ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ,”ਜੇਕਰ ਖੱਟਰ ਦੇ ਦਫ਼ਤਰ ਵੱਲੋਂ ਮੇਰੀ ਰਿਹਾਇਸ਼ ਉਤੇ ਕਾਲ ਕੀਤੀ ਵੀ ਗਈ ਸੀ ਤਾਂ ਇਹ ਕਾਲਾਂ ਇਕ ਅਟੈਡੈਂਟ ਨੂੰ ਹੀ ਕਿਉਂ ਕੀਤੀਆਂ ਗਈਆਂ। ਮੇਰੇ ਨਾਲ ਸੰਪਰਕ ਕਾਇਮ ਕਰਨ ਲਈ ਅਧਿਕਾਰਤ ਤਰੀਕੇ ਦੀ ਵਰਤੋਂ ਕਿਉਂ ਨਹੀਂ ਕੀਤੀ ਗਈ?”

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿਖਰਲੇ ਅਧਿਕਾਰੀ ਜਿਹਨਾਂ ਵਿੱਚ ਪ੍ਰਮੁੱਖ ਸਕੱਤਰ ਅਤੇ ਡੀ.ਜੀ.ਪੀ. ਪੱਧਰ ਦੇ ਅਧਿਕਾਰੀ ਸ਼ਾਮਲ ਹਨ, ਕਿਸਾਨ ਮੁੱਦੇ ਉਤੇ ਪਿਛਲੇ ਕਈ ਦਿਨਾਂ ਤੋਂ ਦੋਵਾਂ ਪਾਸਿਆਂ ਤੋਂ ਇਕ-ਦੂਜੇ ਦੇ ਸੰਪਰਕ ਵਿੱਚ ਸਨ, ਇਹਨਾਂ ਵਿੱਚੋਂ ਵੀ ਕਿਸੇ ਅਧਿਕਾਰੀ ਨੇ ਕਿਸੇ ਵੀ ਮੌਕੇ ਉਤੇ ਮੇਰੇ ਨਾਲ ਗੱਲ ਕਰਨ ਬਾਰੇ ਖੱਟਰ ਦੀ ਇੱਛਾ ਬਾਰੇ ਨਹੀਂ ਦੱਸਿਆ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਵਿੱਚ ਉਹਨਾਂ ਦੇ ਹਮਰੁਤਬਾ ਦੀ ਕਿਸਾਨਾਂ ਦੇ ‘ਦਿੱਲੀ ਚੱਲੋ’ ਮਾਰਚ ਦੇ ਉੱਚੇ ਨੈਤਿਕ ਆਧਾਰ ਉਤੇ ਕਾਬਜ਼ ਹੋਣ ਦੀ ਕੋਸ਼ਿਸ਼ ਤਰਸਯੋਗ ਸੀ। ਮੁੱਖ ਮੰਤਰੀ ਨੇ ਕਿਹਾ,”ਬੀਤੇ ਸਮੇਂ ਵਿੱਚ ਖੱਟਰ ਨੇ ਮੇਰੇ ਨਾਲ ਸੰਪਰਕ ਕਰਨ ਲਈ ਕਿੰਨੇ ਵਾਰ ਅਟੈਡੈਂਟ ਵਾਲੇ ਚੈਨਲ ਦੀ ਵਰਤੋਂ ਕੀਤੀ? ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਝੂਠ ਬੋਲਣਾ ਬੰਦ ਕਰਨ ਲਈ ਆਖਿਆ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਮੇਰੀ ਰਿਹਾਇਸ਼ ਉਤੇ ਮੇਰਾ ਅਟੈਡੈਂਟ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਫੋਨ ਕਾਲਾਂ ਸੁਣਦਾ ਹੈ ਕਿਉਂਕਿ ਮੈਂ ਆਪਣੇ ਸਟਾਫ ਮੈਂਬਰਾਂ ਦਾ ਸ਼ੋਸ਼ਣ ਕਰਨ ਵਿੱਚ ਵਿਸ਼ਵਾਸ ਨਹੀਂ ਕਰਦਾ। ਖੱਟਰ ਸਿੱਧਾ ਆਪਣਾ ਫੋਨ ਚੁੱਕ ਕੇ ਮੇਰੇ ਮੋਬਾਈਲ ਫੋਨ ਉਤੇ ਕਾਲ ਕਰ ਸਕਦਾ ਸੀ।“

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਗੱਲ ਇਹ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਕਿਸਾਨਾਂ ਨੂੰ ਦਬਾਉਣ ਦੇ ਯਤਨ ਵਿੱਚ ਸਨ ਅਤੇ ਕਿਸਾਨ ਸੰਘਰਸ਼ ਬਾਰੇ ਵਿਚਾਰ-ਵਟਾਂਦਰਾ ਕਰਨ ਦਾ ਉਸ ਦਾ ਕੋਈ ਗੰਭੀਰ ਇਰਾਦਾ ਨਹੀਂ ਸੀ। ਉਹਨਾਂ ਤਨਜ਼ ਕੱਸਦਿਆਂ ਕਿਹਾ,”ਜੇਕਰ ਮੈਂ ਕਿਸਾਨਾਂ ਦੇ ਮੁੱਦੇ ਉਤੇ ਬਹੁਤ ਸਾਰੇ ਕੇਂਦਰੀ ਮੰਤਰੀਆਂ ਨਾਲ ਗੱਲ ਕਰ ਸਕਦਾ ਹਾਂ ਤਾਂ ਮੈਂ ਇਸ ਬਾਰੇ ਖੱਟਰ ਨਾਲ ਗੱਲ ਕਰਨ ਤੋਂ ਕਿਉਂ ਝਿਜਕਾਂਗਾ।“ ਉਹਨਾਂ ਨੇ ਆਪਣੇ ਹਰਿਆਣਵੀ ਹਮਰੁਤਬਾ ਵੱਲੋਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਅਤੇ ਜੀਵਨ ਨਿਰਬਾਹ ਲਈ ਕਿਸਾਨਾਂ ਦੀ ਜ਼ਮੀਨੀ ਪੱਧਰ ਦੀ ਲੜਾਈ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕਰਨ ਦੀ ਸਖ਼ਤ ਆਲੋਚਨਾ ਕੀਤੀ।

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਕੀਤੀ ਟਿੱਪਣੀ ਕਿ ਜੇਕਰ ਹੁਣ ਕੋਵਿਡ ਕਿਸਾਨਾਂ ਦੇ ਵਿਰੋਧ ਕਾਰਨ ਫੈਲਦਾ ਹੈ ਤਾਂ ਅਮਰਿੰਦਰ ਸਿੰਘ ਜ਼ਿੰਮੇਵਾਰ ਹੋਵੇਗਾ, ਇਸ `ਤੇ ਖੱਟਰ ਉਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਉਹ (ਖੱਟਰ) ਹਰਿਆਣਾ ਸੂਬਾ, ਜਿਸ ਦਾ ਟਰੈਕ ਰਿਕਾਰਡ ਮਹਾਂਮਾਰੀ ਦੇ ਮਾਮਲੇ ਵਿੱਚ ਕਾਫ਼ੀ ਮਾੜਾ ਰਿਹਾ ਹੈ, ਵਿਚ ਕਿਸਾਨਾਂ ਕਰਕੇ ਕੋਵਿਡ ਫੈਲਣ ਸਬੰਧੀ ਇੰਨੇ ਚਿੰਤਤ ਸਨ ਤਾਂ ਉਨ੍ਹਾਂ ਨੂੰ ਕਿਸਾਨਾਂ ਨੂੰ ਸੂਬੇ ਵਿੱਚ ਹੀ ਨਾ ਰੋਕ ਕੇ ਤੁਰੰਤ ਦਿੱਲੀ ਵੱਲ ਜਾਣ ਦੀ ਆਗਿਆ ਦੇਣੀ ਚਾਹੀਦੀ ਸੀ।

ਖੱਟਰ ਦੀ ਇਸ ਟਿੱਪਣੀ ਕਿ ਕਿਸਾਨਾਂ ਨੂੰ ਹਰਿਆਣਾ ਦੀਆਂ ਸਰਹੱਦਾਂ ਬੰਦ ਨਹੀਂ ਕਰਨੀਆਂ ਚਾਹੀਦੀਆਂ `ਤੇ ਬੋਲਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਖੱਟਰ ਦੀ ਸਰਕਾਰ ਅਤੇ ਹਰਿਆਣਾ ਪੁਲਿਸ ਸੀ ਜਿਸਨੇ ਪਿਛਲੇ 3 ਦਿਨਾਂ ਤੋਂ ਕਿਸਾਨਾਂ ਨੂੰ ਜ਼ਬਰਦਸਤੀ ਅੱਗੇ ਵਧਣ ਤੋਂ ਰੋਕ ਕੇ ਸਰਹੱਦਾਂ ਬੰਦ ਕਰਕੇ ਰੱਖੀਆਂ।

ਮੁੱਖ ਮੰਤਰੀ ਨੇ ਖੱਟਰ ਵੱਲੋਂ ਹਰਿਆਣਾ ਪੁਲਿਸ ਦੁਆਰਾ ਤਾਕਤ ਦੀ ਵਰਤੋਂ ਤੋਂ ਲਗਾਤਾਰ ਇਨਕਾਰ ਕਰਨ ਦੀ ਤਿੱਖੀ ਨਿੰਦਾ ਕੀਤੀ ਜਦਕਿ ਮੀਡੀਆ ਵੱਲੋਂ ਇਸ ਸਾਰੇ ਮਾਮਲੇ ਦੀ ਕੀਤੀ ਗਈ ਕਵਰੇਜ ਲੋਕਾਂ ਦੇ ਸਾਹਮਣੇ ਹੈ। ਜਿਹੜਾ ਮਾਮਲਾ ਸਾਰਿਆਂ ਸਾਹਮਣੇ ਸਾਫ਼ ਤੇ ਸਪੱਸ਼ਟ ਹੈ, ਉਸ ਤੋਂ ਇਨਕਾਰੀ ਹੋਣਾ ਹੈਰਾਨੀ ਵਾਲੀ ਗੱਲ ਹੈ।ਇਹ ਜ਼ਿਕਰ ਕਰਦਿਆਂ ਕਿ ਜ਼ਖ਼ਮੀ ਕਿਸਾਨਾਂ ਨੂੰ ਹਰ ਟੀ.ਵੀ. ਚੈਨਲ `ਤੇ ਵੇਖਿਆ ਜਾ ਸਕਦਾ ਹੈ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਖੱਟਰ ਦੇ ਝੂਠ ਦੀ ਹੱਦ ਨੂੰ ਦਰਸਾਉਂਦਾ ਹੈ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਮਾਮਲੇ `ਤੇ ਖੱਟਰ ਦੇ ਝੂਠ ਨੂੰ ਹਰਿਆਣੇ ਦੇ ਕਿਸਾਨਾਂ ਨੇ ਖ਼ੁਦ ਹੀ ਉਜਾਗਰ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਮੁੱਖ ਮੰਤਰੀ ਦੇ ਦਾਅਵਿਆਂ ਕਿ ਰਾਜ ਦਾ ਕੋਈ ਵੀ ਕਿਸਾਨ ਮਾਰਚ ਵਿੱਚ ਸ਼ਾਮਲ ਨਹੀਂ ਹੋਇਆ ਨੂੰ ਰੱਦ ਹੀ ਨਹੀਂ ਕੀਤਾ ਸਗੋਂ ਹਰਿਆਣਾ ਸਰਕਾਰ ਵੱਲੋਂ ਜਾਰੀ ਆਪਣੇ ਪਹਿਚਾਣ ਪੱਤਰ ਵੀ ਵਿਖਾਏ ਸਨ।

ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਆਪਣੇ ਖੁਦ ਦੇ ਕਿਸਾਨਾਂ ਤੋਂ ਮੂੰਹ ਫੇਰ ਸਕਦਾ ਹੈ ਅਤੇ ਇੱਥੋਂ ਤੱਕ ਕਿ ਸੰਕਟ ਦੀ ਇਸ ਘੜੀ ਵਿੱਚ ਉਨ੍ਹਾਂ ਨਾਲ ਖੜ੍ਹਨ ਦੀ ਬਜਾਏ ਉਨ੍ਹਾਂ ਨੂੰ ਖਾਲਿਸਤਾਨੀ ਪੁਕਾਰ ਸਕਦਾ ਹੈ, ਤੋਂ ਸਪੱਸ਼ਟ ਹੁੰਦਾ ਹੈ ਕਿ ਅਜਿਹੇ ਵਿਅਕਤੀ ਨੂੰ ਝੂਠ ਫੈਲਾਉਣ ਬਾਰੇ ਕੋਈ ਨੈਤਿਕ ਝਿਜਕ, ਸ਼ਰਮ ਨਹੀਂ ਹੈ।ਉਨ੍ਹਾਂ ਅੱਗੇ ਕਿਹਾ ਕਿ ਸਪੱਸ਼ਟ ਤੌਰ ‘ਤੇ ਖੱਟਰ `ਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION