23.1 C
Delhi
Friday, May 3, 2024
spot_img
spot_img

ਹਾਕੀ ਓਲੰਪੀਅਨ ਸੁਰਜੀਤ ਸਿੰਘ ਦਾ ਆਦਮ ਕੱਦ ਬੁੱਤ ਸਥਾਪਤ; ਉਬਰਾਏ, ਸ਼ੈਰੀ ਕਲਸੀ, ਓਲੰਪੀਅਨ ਹਰਚਰਨ ਸਿੰਘ ਤੇ ਸੁਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਉਦਘਾਟਨ

Hockey Olympian Surjit Singh’s statue inaugurated in Batala

ਯੈੱਸ ਪੰਜਾਬ
ਬਟਾਲਾ, 26 ਫਰਵਰੀ, 2023:
ਸੁਰਜੀਤ ਸਪੋਰਟਸ ਐਸੋਸੀਏਸ਼ਨ ਕੋਟਲਾ ਸ਼ਾਹੀਆ ਵੱਲੋਂ ਸਥਾਨਕ ਹੰਸਲੀ ਪੁੱਲ ਚੌਕ ਵਿਖੇ ਸਥਾਪਤ ਕੀਤੇ ਮਹਾਨ ਹਾਕੀ ਓਲੰਪੀਅਨ ਸਵ. ਸੁਰਜੀਤ ਸਿੰਘ ਰੰਧਾਵਾ ਦੇ ਆਦਮ ਕੱਦ ਬੁੱਤ ਦਾ ਉਦਘਾਟਨ ਕੀਤਾ ਗਿਆ।

ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਸੁਰਿੰਦਰ ਪਾਲ ਸਿੰਘ ਉਬਰਾਏ, ਹਾਕੀ ਓਲੰਪੀਅਨ ਤੇ ਸੁਰਜੀਤ ਸਿੰਘ ਦੇ ਸਾਥੀ ਰਹੇ ਬ੍ਰਿਗੇਡੀਅਰ ਹਰਚਰਨ ਸਿੰਘ, ਸੁਰਜੀਤ ਸਿੰਘ ਦੀ ਪਤਨੀ ਤੇ ਕੌੰਮਾਂਤਰੀ ਹਾਕੀ ਖਿਡਾਰਨ ਚੰਚਲ ਰੰਧਾਵਾ ਤੇ ਪੁੱਤਰ ਸਰਬ ਰੰਧਾਵਾ ਅਤੇ ਹਲਕਾ ਵਿਧਾਇਕ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਬੁੱਤ ਤੋਂ ਪਰਦਾ ਉਠਾ ਕੇ ਇਹ ਉਦਘਾਟਨ ਕੀਤਾ ਗਿਆ।

ਇਸ ਤੋਂ ਪਹਿਲਾਂ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਗੁਰਦਾਸਪੁਰ ਜ਼ਿਲਾ ਦੀਆਂ ਸਮੂਹ ਕਲੱਬਾਂ ਤੇ ਖੇਡ ਸੰਸਥਾਵਾਂ ਦੀ ਖੇਡ ਕਨਵੈਨਸ਼ਨ ਕਰਵਾਈ ਗਈ। ਸਮਾਗਮ ਦੇ ਮੁੱਖ ਮਹਿਮਾਨ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਸੁਰਿੰਦਰ ਪਾਲ ਸਿੰਘ ਉਬਰਾਏ ਨੇ ਬੁੱਤ ਸਥਾਪਤ ਕਰਨ ਲਈ ਐਸੋਸੀਏਸ਼ਨ ਨੂੰ ਚਾਰ ਲੱਖ ਰੁਪਏ ਦੀ ਵਿੱਤੀ ਮੱਦਦ ਕਰਨ ਦਾ ਐਲਾਨ ਕੀਤਾ।

ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਅਤੇ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਖੇਡਾਂ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ। ਉਨ੍ਹਾਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਸੰਦੇਸ਼ ਸਾਂਝਾ ਕਰਦਿਆਂ ਦੱਸਿਆ ਕਿ ਖਿਡਾਰੀਆਂ ਦੇ ਪਿੰਡਾਂ ਨੂੰ ਵਿਸ਼ੇਸ਼ ਵਿਕਾਸ ਗਰਾਂਟ ਜਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੂਨ 2007 ਵਿੱਚ ਇਸੇ ਥਾਂ ਐਸੋਸੀਏਸ਼ਨ ਵੱਲੋਂ ਸਵ. ਸੁਰਜੀਤ ਸਿੰਘ ਦਾ ਬੁੱਤ ਲਗਾਇਆ ਸੀ ਅਤੇ ਉਦੋਂ ਪਹਿਲੀ ਵਾਰ ਪੰਜਾਬ ਵਿੱਚ ਕਿਸੇ ਖਿਡਾਰੀ ਦਾ ਬੁੱਤ ਲੱਗਿਆ ਸੀ।

ਹੁਣ ਇਸ ਚੌਕ ਦੇ ਨਵੀਨੀਕਰਨ ਤੋਂ ਬਾਅਦ ਓਲੰਪੀਅਨ ਸੁਰਜੀਤ ਸਿੰਘ ਦਾ ਨਵਾਂ ਅਤੇ ਪਹਿਲੇ ਬੁੱਤ ਨਾਲ਼ੋਂ ਵੱਡਾ ਅਤੇ ਦਰਸ਼ਨੀ ਬੁੱਤ ਸਥਾਪਤ ਕੀਤਾ ਗਿਆ ਹੈ।ਇਸ ਚੌਕ ਦਾ ਨਾਮ ਵੀ ਸੁਰਜੀਤ ਸਿੰਘ ਦੇ ਨਾਮ ਉੱਤੇ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਬਟਾਲਾ ਨੇੜਲੇ ਪਿੰਡ ਦਾਖਲਾ (ਹੁਣ ਸੁਰਜੀਤ ਸਿੰਘ ਵਾਲਾ) ਵਿਖੇ ਜਨਮੇ ਸੁਰਜੀਤ ਸਿੰਘ ਨੇ ਕੁੱਲ ਦੁਨੀਆ ਵਿੱਚ ਆਪਣੀ ਖੇਡ ਨਾਲ ਇਸ ਇਲਾਕੇ ਦਾ ਨਾਮ ਚਮਕਾਇਆ। ਛੋਟੀ ਉਮਰੇ ਤੁਰੇ ਸੁਰਜੀਤ ਸਿੰਘ ਦਾ ਨਾਮ ਬਹੁਤ ਵੱਡਾ ਹੈ ਜਿਨ੍ਹਾਂ ਸਾਡੇ ਖੇਤਰ ਵਿੱਚ ਖੇਡਾਂ ਦੀ ਚਿਣਗ ਲਾਈ।

ਚੰਚਲ ਰੰਧਾਵਾ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦਿਆਂ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ 38 ਵਰ੍ਹਿਆਂ ਤੋਂ ਸੁਰਜੀਤ ਸਿੰਘ ਦੀ ਯਾਦ ਵਿੱਚ ਉਪਰਾਲੇ ਕਰਨ ਲਈ ਉਚੇਚਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੁਰਜੀਤ ਸਿੰਘ ਚਾਹੇ ਜਲੰਧਰ ਰਹਿ ਕੇ ਪੜ੍ਹੇ ਪਰ ਸੁਰਜੀਤ ਸਿੰਘ ਉੱਪਰ ਸਭ ਤੋਂ ਪਹਿਲਾਂ ਤੇ ਵੱਧ ਹੱਕ ਬਟਾਲਾ ਵਾਸੀਆਂ ਦਾ ਹੈ।

ਹਾਕੀ ਓਲੰਪੀਅਨ ਤੇ ਸੁਰਜੀਤ ਸਿੰਘ ਦੇ ਸੀਨੀਅਰ ਰਹੇ ਬ੍ਰਿਗੇਡੀਅਰ ਹਰਚਰਨ ਸਿੰਘ ਨੇ ਮਹਾਨ ਖਿਡਾਰੀ ਦੀ ਯਾਦ ਨੂੰ ਸਦੀਵੀਂ ਕਾਇਮ ਰੱਖਣ ਲਈ ਐਸੋਸੀਏਸ਼ਨ ਵੱਲੋਂ ਨਿਰੰਤਰ ਕੀਤੇ ਜਾ ਰਹੇ ਇਸ ਵਿਸ਼ੇਸ਼ ਉਪਰਾਲੇ ਲਈ ਧੰਨਵਾਦ ਕਰਦਿਆਂ ਸੁਰਜੀਤ ਸਿੰਘ ਦੀਆਂ ਸਕੂਲੀ ਪੱਧਰ ਤੋਂ ਖੇਡ ਮੈਦਾਨ ਵਿੱਚ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ।

ਉਨ੍ਹਾਂ ਸੁਰਜੀਤ ਸਿੰਘ ਦੇ ਸੁਭਾਅ ਦੇ ਨਿਵੇਕਲੇ ਪੱਖਾਂ ਤੋਂ ਜਾਣੂੰ ਕਰਵਾਉਂਦਿਆਂ ਕਈ ਪੱਖਾਂ ਬਾਰੇ ਦੱਸਿਆ।ਸੁਰਜੀਤ ਸਿੰਘ ਦੇ ਖੇਡ ਜੀਵਨ ਦੀ ਗੱਲ ਕਰਦਿਆਂ ਉਨ੍ਹਾਂ ਭਾਵੁਕ ਹੋ ਕੇ ਕਿਹਾ ਕਿ ਜੇਕਰ 1972 ਦੀਆਂ ਮਿਊਨਿਖ ਓਲੰਪਿਕ ਖੇਡਾਂ ਦੀ ਭਾਰਤੀ ਟੀਮ ਵਿੱਚ ਸੁਰਜੀਤ ਸਿੰਘ ਹੁੰਦਾ ਤਾਂ ਭਾਰਤ ਕਾਂਸੀ ਦੇ ਤਮਗ਼ੇ ਦੀ ਬਜਾਏ ਸੋਨੇ ਦਾ ਤਮਗ਼ਾ ਜਿੱਤਿਆ।

ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਉੱਘੇ ਕਵੀ ਤੇ ਵਿਦਵਾਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਗੁਰਦਾਸਪੁਰ ਜ਼ਿਲੇ ਦਾ ਦੇਸ਼ ਦੀਆਂ ਖੇਡਾਂ ਵਿੱਚ ਵੱਡਾ ਯੋਗਦਾਨ ਹੈ। ਉਨ੍ਹਾਂ ਇਹ ਸੁਝਾਅ ਵੀ ਦਿੱਤਾ ਕਿ ਗੁਰਦਾਸਪੁਰ ਦੇ ਖਿਡਾਰੀਆਂ, ਖੇਡਾਂ ਅਤੇ ਖੇਡ ਨਰਸਰੀਆਂ ਦਾ ਡਾਟਾਬੇਸ ਤਿਆਰ ਕਰ ਕੇ ਡਾਕੂਮੈਂਟਰੀ ਬਣਾਈ ਜਾਵੇ।

ਉਨ੍ਹਾਂ ਕਿਹਾ ਕਿ ਖੇਡਾਂ, ਸੱਭਿਆਚਾਰ, ਸਿੱਖਿਆ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੂੰ ਮਿਲ ਕੇ ਖੇਡ ਸੱਭਿਆਚਾਰ ਪੈਦਾ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਸੁਰਜੀਤ ਸਿੰਘ ਦੇ ਪਰਿਵਾਰ ਨਾਲ ਆਪਣੀਆਂ ਨਿੱਜੀ ਸਾਂਝਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਗਲੇ ਸਾਲ ਤੱਕ ਸੁਰਜੀਤ ਸਿੰਘ ਦੀ ਜੀਵਨੀ ਰਿਲੀਜ਼ ਕੀਤੀ ਜਾਵੇਗੀ ਜਿਸ ਨੂੰ ਨਵਦੀਪ ਸਿੰਘ ਗਿੱਲ ਕਲਮਬੰਦ ਕਰਨਗੇ।

ਖੇਡ ਲੇਖਕ ਨਵਦੀਪ ਸਿੰਘ ਗਿੱਲ ਨੇ ਆਪਣਾ ਪੇਪਰ ਪੜ੍ਹਦਿਆਂ ਆਖਿਆ ਕਿ ਅਸਲ ਪੰਜਾਬ ਪਿੰਡਾਂ ਵਿੱਚ ਵੱਸਦਾ ਹੈ। ਰਈਆ-ਬਾਬਾ ਬਕਾਲਾ ਮੋੜ ਤੋਂ ਗੁਰਦਾਸਪੁਰ ਨੂੰ ਵਾਇਆ ਚੌਕ ਮਹਿਤਾ, ਬਟਾਲਾ ਜਾਂਦਿਆ ਇਸ ਛੋਟੀ ਜਿਹੀ ਬੈਲਟ ਦੇ ਨਿੱਕੇ ਪਿੰਡਾਂ ਨੇ ਵੱਡੇ ਖਿਡਾਰੀ ਪੈਦਾ ਕੀਤੇ ਹਨ ਜਿਨ੍ਹਾਂ ਕੌਮਾਂਤਰੀ ਪੱਧਰ ਉੱਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਖੇਡ ਹੀਰਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਸ੍ਰੋਤ ਵਜੋਂ ਪੇਸ਼ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਇਹ ਮਿਹਣਾ ਦੂਰ ਕਰਨਾ ਪਵੇਗਾ ਕਿ ਪੰਜਾਬੀ ਇਤਿਹਾਸ ਬਣਾਉਣਾ ਜਾਣਦੇ ਹਨ ਪਰ ਸਾਂਭਣਾ ਨਹੀਂ। ਸੁਰਜੀਤ ਸਿੰਘ ਇਕਲੌਤਾ ਭਾਰਤੀ ਖਿਡਾਰੀ ਹੈ ਜਿਸ ਦੇ ਨਾਮ ਉੱਤੇ ਉਸ ਦੇ ਪਿੰਡ ਦਾ ਨਾਮ, ਦੋ ਸਟੇਡੀਅਮਾਂ ਦੇ ਨਾਮ, ਅਕੈਡਮੀ ਦਾ ਨਾਮ, ਸੁਸਾਇਟੀ ਦਾ ਨਾਮ, ਐਸੋਸੀਏਸ਼ਨ ਦਾ ਨਾਮ, ਟੂਰਨਾਮੈਂਟ ਦਾ ਨਾਮ, ਐਵਾਰਡ ਦਾ ਨਾਮ ਅਤੇ ਦੋ ਬੁੱਤ ਲੱਗੇ ਹੋਏ ਹਨ।

ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਨਿਸ਼ਾਨ ਸਿੰਘ ਰੰਧਾਵਾ ਨੇ ਪਿੰਡਾਂ ਵਿੱਚ ਮਜ਼ਬੂਤ ਖੇਡ ਢਾਂਚਾ ਤਿਆਰ ਕਰਨ, ਖੇਡ ਸੱਭਿਆਚਾਰ ਪੈਦਾ ਕਰਨ ਅਤੇ ਪੇਂਡੂ ਤੇ ਖੇਡ ਕਲੱਬਾਂ ਨੂੰ ਤਕੜਾ ਕਰਨ, ਕੁੜੀਆਂ ਨੂੰ ਖੇਡਾਂ ਵਿੱਚ ਤਰਜੀਹ ਦੇਣ, ਖੇਡ ਬਜਟ ਵਿੱਚ ਵਾਧਾ ਕਰਨ ਆਦਿ ਸੰਬੰਧੀ ਕੁੱਲ 16 ਮਤੇ ਪੜ੍ਹੇ ਗਏ ਜਿਸ ਦੀ ਕਾਪੀ ਵਿਧਾਇਕ ਸ਼ੈਰੀ ਕਲਸੀ ਨੂੰ ਸੌਂਪੀ ਗਈ।

ਪ੍ਰਿੰਸੀਪਲ ਬਲਜੀਤ ਸਿੰਘ ਕਾਲਾ ਨੰਗਲ ਨੇ ਸੁਰਜੀਤ ਸਿੰਘ ਦੇ ਖੇਡ ਜੀਵਨ ਉੱਤੇ ਝਾਤ ਪਾਉਂਦਿਆਂ ਦੱਸਿਆ ਕਿ 1975 ਵਿੱਚ ਵਿਸ਼ਵ ਕੱਪ ਜਿੱਤਣ ਵਾਲੀ ਅਤੇ 1973 ਵਿੱਚ ਵਿਸ਼ਵ ਕੱਪ ਦੀ ਉਪ ਜੇਤੂ ਟੀਮ ਮੈਂਬਰ ਸੀ। 1976 ਦੀਆਂ ਮਾਂਟਰੀਅਲ ਓਲੰਪਿਕਸ ਵਿੱਚ ਖੇਡਣ ਵਾਲਾ ਸੁਰਜੀਤ ਸਿੰਘ ਏਸ਼ਿਆਈ ਖੇਡਾਂ ਵਿੱਚ ਦੋ ਵਾਰ ਚਾਂਦੀ ਦਾ ਤਮਗ਼ਾ ਜਿੱਤ ਚੁੱਕਾ ਹੈ।

ਐਸੋਸੀਏਸ਼ਨ ਦੇ ਪ੍ਰਧਾਨ ਪਿਰਥੀਪਾਲ ਸਿੰਘ ਨੇ ‘ਸਾਡਾ ਪੰਜਾਬ ਅਸੀਂ ਸੰਵਾਰਾਂਗੇ’ ਦਾ ਨਾਅਰਾ ਦਿੰਦਿਆਂ ਸਭਨਾਂ ਦਾ ਧੰਨਵਾਦ ਕੀਤਾ।ਪ੍ਰੋਗਰਾਮ ਦਾ ਮੰਚ ਸੰਚਾਲਨ ਕਰਦਿਆਂ ਪ੍ਰੋ ਪਰਮਿੰਦਰ ਕੌਰ ਅਤੇ ਇੰਜੀਨੀਅਰ ਜਗਦੀਸ਼ ਪਾਲ ਸਿੰਘ ਨੇ ਦੱਸਿਆ ਕਿ ਸੁਰਿੰਦਰ ਪਾਲ ਸਿੰਘ ਉਬਰਾਏ ਵੱਲੋਂ ਮਹਿਮਾਨਾਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮਹਿਮਾਨਾਂ, ਇਲਾਕੇ ਦੇ ਉੱਘੇ ਖਿਡਾਰੀਆਂ ਅਤੇ ਖੇਡ ਸੰਸਥਾਵਾਂ ਤੇ ਕਲੱਬਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗਿੱਧਾ ਤੇ ਭੰਗੜਾ ਦੀ ਪੇਸ਼ਕਾਰੀ ਖਿੱਚ ਦਾ ਕੇਂਦਰ ਰਹੀ। ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਨਾਲ ਕੀਤੀ ਗਈ।

ਇਸ ਮੌਕੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾ, ਡਾ ਐਸ ਐਸ ਨਿੱਝਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨਰੇਸ਼ ਗੋਇਲ, ਪ੍ਰਿੰਸੀਪਲ ਸਵਰਨ ਸਿੰਘ ਵਿਰਕ, ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ,, ਪ੍ਰਿੰਸੀਪਲ ਸੁਖਵੰਤ ਸਿੰਘ ਗਿੱਲ, ਸੁਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਵਿੱਚ ਪੁੱਤਰ ਸਰਬ ਰੰਧਾਵਾ, ਨੂੰਹ ਕੋਮਲਪ੍ਰੀਤ ਕੌਰ, ਪੋਤਰੀ ਊਦੇਨੂਰ ਕੌਰ, ਪੋਤਰਾ ਬਿਲਾਵਲ ਰੰਧਾਵਾ, ਭਰਾ ਬਲਜੀਤ ਸਿੰਘ, ਭੈਣਾਂ ਪਿੰਦਰਦੀਪ ਕੌਰ ਤੇ ਕਿੰਦਰਦੀਪ ਕੌਰ, ਗੁਰਮੀਤ ਮਾਨ ਤੇ ਕੁਲਦੀਪ ਸੰਧੂ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION