36.7 C
Delhi
Friday, April 26, 2024
spot_img
spot_img

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

ਸਤਿਕਾਰਯੋਗ ਪ੍ਰਧਾਨ ਸਾਹਿਬ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਕਲਕੱਤਾ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਕਰਕੇ ਪੰਡਾਲ ਬਣਾਏ ਜਾਣ ਦਾ ਇਕ ਵੀਡੀਉ ਅਤੇੇ ਖ਼ਬਰਾਂ ਸਾਹਮਣੇ ਆਉਣ ’ਤੇ ਕੌਮ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਆਪ ਜੀ ਦਾ ਬਿਆਨ ਆਇਆ ਹੈ।

ਕਲਕੱਤਾ ਵਿਚ ਦੁਰਗਾ ਪੂਜਾ ਮੌਕੇ ਬਣਾਏ ਇਸ ਪੰਡਾਲ ਬਾਰੇ ਪ੍ਰਤੀਕਰਮ ਪ੍ਰਗਟਾਉਂਦਿਆਂ ਆਪ ਨੇ ਸੰਗਤਾਂ ਦੇ ਇਤਰਾਜ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਚਾਉਣ ਦੀ ਇਸ ਕਾਰਵਾਈ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ।

ਇਸ ਕਾਰਵਾਈ ਨੂੰ ਸਿੱਖ ਰਵਾਇਤਾਂ, ਪ੍ਰੰਪਰਾਵਾਂ ਅਤੇ ਸਿਧਾਂਤਾਂ ਦੇ ਉਲਟ ਹੈ ਕਰਾਰ ਦਿੰਦਿਆਂ ਆਪ ਨੇ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਨਕਲ ਨਹੀਂ ਕੀਤੀ ਜਾ ਸਕਦੀ ਅਤੇ ਅਜਿਹਾ ਕਰਨ ਵਾਲਿਆਂ ਨੂੰ ਸਿੱਖ ਰਵਾਇਤਾਂ, ਮਾਨਤਾਵਾਂ ਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਸੀ। ਤੁਸੀਂ ਇਸ ਸੰਬੰਧ ਵਿਚ ਕਲਕੱਤਾ ਦੇ ਗੁਰਦੁਆਰਾ ਬੜਾ ਸਿੱਖ ਸੰਗਤ ਦੇ ਪ੍ਰਬੰਧਕਾਂ ਅਤੇ ਸਿੱਖ ਮਿਸ਼ਨ ਕਲਕੱਤਾ ਦੇ ਇੰਚਾਰਜ ਨੂੰ ਪੜਤਾਲ ਕਰਨ ਲਈ ਕਿਹਾ ਹੈ।

ਆਪ ਦੀ ਗੱਲ ਬੜੀ ਵਾਜਿਬ ਹੈ। ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਪਵਿੱਤਰ ਧਾਰਮਿਕ ਅਤੇ ਇÎਤਹਾਸਕ ਸਥਾਨ ਹੈ ਜਿਸ ਲਈ ਹਰ ਸਿੱਖ ਹੀ ਨਹੀਂ ਹੋਰਨਾਂ ਧਰਮਾਂ ਦੇ ਲੋਕਾਂ ਦੇ ਦਿਲਾਂ ਵਿਚ ਵੀ ਖ਼ਾਸ ਸ਼ਰਧਾ ਅਤੇ ਸਤਿਕਾਰ ਵਾਲੀ ਥਾਂ ਹੈ। ਇਸ ਦੀ ਨਕਲ ਕੀਤੀ ਜਾਣੀ ਬੜੀ ਮਾੜੀ ਗੱਲ ਹੈ ਕਿਉਂਕਿ ਇਹ ਕੋਈ ਆਮ ਇਮਾਰਤ ਨਹੀਂ ਸਗੋਂ ਗੁਰੂ ਸਾਹਿਬ ਵੱਲੋਂ ਸਾਜਿਆ ਪਵਿੱਤਰ ਧਰਮ ਅਸਥਾਨ ਹੈ।

ਬੰਗਾਲ ਵਾਲੇ ਤਾਜ਼ਾ ਮਾਮਲੇ ਨੂੰ ਦੋ ਤਰ੍ਹਾਂ ਲਿਆ ਜਾ ਸਕਦਾ ਹੈ। ਇਕ ਤਾਂ ਇਹ ਕੋਈ ਸ਼ਰਾਰਤ ਹੋ ਸਕਦੀ ਹੈ ਅਤੇ ਦੂਸਰਾ ਇਹ ਅਣਜਾਣਤਾ ਵੱਸ ਵੀ ਕੀਤਾ ਗਿਆ ਹੋ ਸਕਦਾ ਹੈ। ਹੁਣ ਤਕ ਦੀ ਜਾਣਕਾਰੀ ਅਨੁਸਾਰ ਬੰਗਾਲ ਵਾਲਾ ਆਯੋਜਨ ‘ਟੈਂਪਰੇਰੀ’ ਹੈ ਅਤੇ ਦੁਰਗਾ ਪੂਜਾ ਦੀ ਸਮਾਪਤੀ ਮਗਰੋਂ ਇਹ ਪੰਡਾਲ ਹਟਾ ਦਿੱਤੇ ਜਾਂਦੇ ਹਨ, ਪਰ ਫ਼ਿਰ ਵੀ ਇਸ ਨੂੰ ਠੀਕ ਨਹੀਂ ਠਹਿਰਾਇਆ ਜਾ ਸਕਦਾ ਅਤੇ ਨਾ ਹੀ ਮੈਂ ਬੰਗਾਲ ਵਾਲੇ ਆਯੋਜਕਾਂ ਦੀ ਗ਼ਲਤੀ ਨੂੰ ਠੀਕ ਨਹੀਂ ਠਹਿਰਾ ਰਿਹਾ।

ਪੰਜਾਬ ਤੋਂ ਦੂਰ ਇਕ ਸੂਬੇ ਦੇ ਲੋਕਾਂ ਵੱਲੋਂ, ਜੋ ਸਿੱਖ ਵੀ ਨਹੀਂ ਹਨ, ਇੰਜ ਕੀਤਾ ਜਾਣਾ ਸ਼ਾਇਦ ਇਸ ਕਰਕੇ ਵੀ ਹੋਵੇ ਕਿ ਉਨ੍ਹਾਂ ਨੂੰ ਇਸ ਦੀ ਮਹੱਤਤਾ ਅਤੇ ਪਵਿੱਤਰਤਾ ਦਾ ਉਹ ਗਿਆਨ ਨਾ ਹੋਵੇ। ਉਹਨਾਂ ਨੂੰ ਸ਼ਾਇਦ ਇਹ ਵੀ ਪਤਾ ਨਾ ਹੋਵੇ ਕਿ ਉਨ੍ਹਾਂ ਦੇ ਇਸ ਵਰਤਾਰੇ ਨਾਲ ਇਕ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਤੁਸਾਂ ਪੜਤਾਲ ਦੇ ਹੁਕਮ ਕੀਤੇ ਹਨ ਅਤੇ ਸਮਝਿਆ ਜਾਣਾ ਚਾਹੀਦਾ ਹੈ ਕਿ ਇਹ ਗੱਲ ਛੇਤੀ ਹੀ ਨਿੱਤਰ ਕੇ ਸਾਹਮਣੇ ਆ ਜਾਵੇਗੀ।

ਲੌਂਗੋਵਾਲ ਜੀ, ਮੈਂ ਤੁਹਾਡਾ ਧਿਆਨ ਲੰਬਾ ਸਮਾਂ ਪਿੱਛੇ ਵੱਲ, 6 ਜੂਨ, 2005 ਵੱਲ ਲੈ ਜਾਣਾ ਚਾਹੁੰਦਾ ਹਾਂ। ਇਸ ਦਿਨ ਮੈਂ ‘ਅਜੀਤ’ ਅਖ਼ਬਾਰ ਦੇ ਪ੍ਰਤੀਨਿਧ ਦੇ ਤੌਰ ’ਤੇ ਆਪਣੇ ਫ਼ੋਟੋਗ੍ਰਾਫ਼ਰ ਸਾਥੀ ਸਵਰਗੀ ਆਰ.ਐਨ. ਸਿੰਘ ਨਾਲ ਸੰਗਰੂਰ ਵਿਚ ਬਣੇ ਉਸ ਗੁਰਦੁਆਰੇ ਦੀ ਕਵਰੇਜ ਲਈ ਗਿਆ ਸੀ ਜਿਸਨੂੰ ਉਸ ਵੇਲੇ ‘ਮਾਲਵੇ ਦਾ ਹਰਿਮੰਦਰ’ ਕਿਹਾ ਜਾ ਰਿਹਾ ਸੀ।

ਸੰਗਰੂਰ ਤੋਂ 4 ਕਿਲੋਮੀਟਰ ਦੀ ਦੂਰੀ ’ਤੇ ਸੰਗਰੂਰ-ਬਰਨਾਲਾ ਰੋਡ ’ਤੇ ਸਥਿਤ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ, ਮਸਤੂਆਣਾ ਬਾਰੇ ਉਦੋਂ ਖ਼ਬਰ ਮਿਲੀ ਸੀ ਕਿ ਇਸ ਜਗ੍ਹਾ ਬਣਾਇਆ ਗਿਆ ਗੁਰਦੁਆਰਾ ਸ੍ਰੀ ਗੁਰੂ ਰਾਮ ਦਾਸ ਜੀ ਵੱਲੋਂ ਅੰਮਿਤਸਰ ਵਿਖ਼ੇ ਬਣਵਾਏ ਗਏ ਸ੍ਰੀ ਦਰਬਾਰ ਸਾਹਿਬ ਦੀ ਨਕਲ ਦੇ ਤੌਰ ’ਤੇ ਹੀ ਬਣਾਇਆ ਗਿਆ ਹੈ।

Golden Temple Pandal Kolkata 1ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਅੰਗੀਠਾ ਸਾਹਿਬ ਵਾਲੀ ਥਾਂ ’ਤੇ ਸਥਾਪਿਤ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੇ ਮਗਰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਤਰਜ਼ ’ਤੇ 1967 ਤੋਂ ਨਿਰਮਾਣ ਅਧੀਨ ‘ਦਰਬਾਰ ਸਾਹਿਬ’ਦੀ ਕਾਰ ਸੇਵਾ ਮੁੜ ਸ਼ੁਰੂ ਹੋਣ ਦੀਆਂ ਖ਼ਬਰਾਂ ਕਾਰਨ ਹੀ ਇਸ ਵਿਵਾਦਿਤ ਅਸਥਾਨ ਦੀ ਕਵਰੇਜ ਦਾ ਸਬੱਬ ਬਣਿਆ ਸੀ।

ਇਹ ਸਾਰਾ ਕੁਝ ਫ਼ਿਰ ‘ਅਜੀਤ’ ਵਿਚ ਤਸਵੀਰਾਂ ਸਹਿਤ ਛਪਿਆ ਸੀ। ਉੱਥੇ ਜਾ ਕੇ ਵੇਖ਼ਿਆਂ ਇਹ ਗੱਲੀ ਸਾਹਮਣੇ ਆਈ ਸੀ ਭਾਵੇਂ ਅਜੇ ਕੰਮ ਮੁਕੰਮਲ ਤਾਂ ਨਹੀਂ ਸੀ ਹੋਇਆ ਪਰ ਢਾਂਚਾ ਮੁਕੰਮਲ ਸੀ ਅਤੇ ਇਮਾਰਤ ਨੂੰ ਅੰਤਿਮ ਛੋਹਾਂ ਦੇਣੀਆਂ ਹੀ ਬਾਕੀ ਸਨ।

ਹਾਲਾਂਕਿ ਇਹ ਗੱਲ ਮੇਰੇ ਗਲਿਉਂ ਨਹੀਂ ਉੱਤਰੀ ਸੀ ਅਤੇ ਇਹ ਕਦੇ ਹੋ ਨਹੀਂ ਸਕਦਾ ਪਰ ਉੱਥੇ ਜਾ ਕੇ ਇਹ ਵੀ ਲੱਗਾ ਸੀ ਕਿ ਇਹ ਕੇਵਲ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਨਕਲ ਦੇ ਤੌਰ ਤੇ ਹੀ ਨਹੀਂ ਸੀ, ਸਗੋਂ ‘ਮਾਲਵੇ ਦੇ’ ਵੱਖਰੇ ‘ਦਰਬਾਰ ਸਾਹਿਬ’ ਵਜੋਂ ਸਥਾਪਿਤ ਕਰਨ ਦੀ ਇਕ ਕੋਸ਼ਿਸ਼ ਸੀ। (2005 ਦੀ ‘ਅਜੀਤ’ ਵਿਚਲੀ ਮੇਰੀ ਇਹ ਕਵਰੇਜ ਪੜ੍ਹਣ ਲਈ ਇੱਥੇ ਕਲਿੱਕ ਕਰ ਸਕਦੇ ਹੋ)

ਇਸ ਸੰਬੰਧੀ ਖ਼ਬਰ ਛਪਦਿਆਂ ਹੀ ਉਸੇ ਵੇਲੇ ਸ਼੍ਰੋਮਣੀ ਕਮੇਟੀ ਨੇ ਇਕ ਕਮੇਟੀ ਬਣਾ ਦਿੱਤੀ ਜੋ ਦੂਸਰੇ ਹੀ ਦਿਨ ਉੱਥੇ ਪੁੱਜ ਗਈ। ਲੌਂਗੋਵਾਲ ਜੀ, ਉਂਜ ਇਹ ਤੁਹਾਨੂੰ ਜਾਂ ਮੈਨੂੰ ਹੀ ਨਹੀਂ ਪਤਾ, ਸਾਰਾ ਸਿੱਖ ਜਗਤ ਜਾਣਦਾ ਹੈ ਕਿ ਇਸ ਤਰ੍ਹਾਂ ਬਣਾਈਆਂ ਜਾਂਦੀਆਂ ਕਮੇਟੀਆਂ ਦਾ ਰਿਪੋਰਟ ‘ਪ੍ਰਤੀਸ਼ਤ’ ਕੀ ਹੈ ਅਤੇ ਆਈਆਂ ਰਿਪੋਰਟਾਂ ’ਤੇ ਅਮਲ ਦਾ ‘ਪ੍ਰਤੀਸ਼ਤ’ ਕੀ ਹੈ।

ਇਹ ਗੱਲ ਆਮ ਹੈ ਕਿ ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਬਣਾਈਆਂ ਸਬ ਕਮੇਟੀਆਂ ਕਿਸੇ ਨਤੀਜੇ ’ਤੇ ਨਹੀਂ ਪਹੁੰਚਦੀਆਂ ਅਤੇ ਜੇ ਕਿਤੇ ਉਹ ਪਹੁੰਚ ਜਾਣ ਤਾਂ ਸ਼੍ਰੋਮਣੀ ਕਮੇਟੀ ਕਿਸੇ ਨਤੀਜੇ ’ਤੇ ਨਹੀਂ ਪਹੁੰਚਦੀ। ਇਹ ਕੋਈ ਲੁਕਵੀਂ ਗੱਲ ਨਹੀਂ ਕਿ ਬਹੁਤੇ ਮਾਮਲਿਆਂ ਵਿਚ ਇੰਜ ਹੀ ਹੁੰਦਾ ਹੈ।

ਜਾਣਕਾਰੀ ਅਨੁਸਾਰ ਉਕਤ ਮਾਮਲੇ ਵਿਚ 1967 ਵਿਚ ਉਸਾਰੀ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਪ੍ਰਮੁੱਖ ਤੌਰ ’ਤੇ ਇਤਰਾਜ਼ 1994 ਵਿਚ ਆਇਆ ਸੀ। ਸੰਨ 1996 ਵਿਚ ਅਕਾਲ ਤਖ਼ਤ ਦੇ ਜਥੇਦਾਰ ਪ੍ਰੋ: ਮਨਜੀਤ ਸਿੰਘ ਨੇ ਇਸ ਸੰਬੰਧੀ ਇਕ ਹੁਕਮਨਾਮਾ ਜਾਰੀ ਕੀਤਾ ਸੀ ਜਿਸ ਅਨੁਸਾਰ ਪ੍ਰਬੰਧਕਾਂ ਨੂੰ ਗੁਰਦੁਆਰੇ ਦੇ ਸਰੂਪ ਵਿਚ ਬਦਲਾਅ ਕਰਨ ਅਤੇ ਉਸਾਰੀ ਰੋਕਣ ਲਈ ਆਦੇਸ਼ ਕੀਤਾ ਗਿਆ ਸੀ। ਸੰਨ 2009 ਵਿਚ ਇਸ ਸੰਬੰਧੀ ਇਕ ਹੁਕਮਨਾਮਾ ਫ਼ਿਰ ਜਾਰੀ ਹੋਇਆ।

ਇਸ ਮਾਮਲੇ ਨਾਲ ਜੁੜੇ ਰਹੇ ਅਤੇ ‘ਮਾਲਵੇ ਦੇ ਹਰਿਮੰਦਰ’ ਦੀ ਸਥਾਪਨਾ ਦੇ ਇਸ ਵਰਤਾਰੇ ਵਿਰੁੱਧ ਸਰਗਰਮ ਭੂਮਿਕਾ ਨਿਭਾਉਣ ਵਾਲੇ ਯੂਨਾਈਟਿਡ ਅਕਾਲੀ ਦਲ ਦੇ ਉਸ ਵੇਲੇ ਦੇ ਜਨਰਲ ਸਕੱਤਰ ਸ: ਪ੍ਰਸ਼ੋਤਮ ਸਿੰਘ ਫ਼ੱਗੂਵਾਲਾ ਦਾ ਕਹਿਣਾ ਹੈ ਕਿ ਇਸ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਤੁਹਾਡੇ ਸਿਆਸੀ ਗੁਰੂ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਰੱਖ਼ਿਆ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ:ਸੁਖ਼ਦੇਵ ਸਿੰਘ ਢੀਂਡਸਾ ਲਗਪਗ ਮੁੱਢੋਂ ਲੈ ਕੇ ਹੁਣ ਤਕ ਇਸ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹਨ। ਢੀਂਡਸਾ ਜੀ, ਜਿਨ੍ਹਾਂ ਨੇ ਰਾਮ ਰਹੀਮ, ਬਰਗਾੜੀ, ਬਹਿਬਲ ਕਲਾਂ, ਕੋਟਕਪੂਰਾ ਆਦਿ ਦਾ ਹਵਾਲਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਬਣਾ ਲਈ ਹੈ। ਗੁਰਦੁਆਰੇ ਦੇ ਨਾਂਅ 385 ਏਕੜ ਜ਼ਮੀਨ ਅਤੇ ਕਈ ਵਿਦਿਅਕ ਅਦਾਰੇ ਹਨ ਜਿਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ‘ਵੱਡੀ ਗੋਲਕ’ ਵੀ ਹੈ।

2009 ਵਿਚ ਮਾਮਲਾ ਭਖ਼ਣ ’ਤੇ ਸ਼੍ਰੋਮਣੀ ਕਮੇਟੀ ਨੇ ਇਸ ਸੰਬੰਧ ਵਿਚ 55 ਪੰਥਕ ਜਥੇਬੰਦੀਆਂ ਦੀ ਸ਼ਮੂਲੀਅਤ ਵਾਲੀ ਇਕ ਮੀਟਿੰਗ ਤੇਜਾ ਸਿੰਘ ਸਮੁੰਦਰੀ ਹਾਲ, ਅੰਮ੍ਰਿਤਸਰ ਵਿਖ਼ੇ 20 ਜੂਨ ਨੂੰ ਕੀਤੀ ਤਾਂ ਇਕਮਤ ਹੋ ਕੇ ਇਸ ਵਰਤਾਰੇ ਦੇ ਵਿਰੁੱਧ ਫ਼ੈਸਲਾ ਲਿਆ।

ਉਸੇ ਦਿਨ ਭਾਵ 20 ਜੂਨ 2009 ਨੂੰ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ‘ਮਾਲਵੇ ਦੇ ਹਰਿਮੰਦਰ’ ਬਾਰੇ ਜੋ ਆਦੇਸ਼ ਜਾਰੀ ਕੀਤਾ ਉਸ ਅਨੁਸਾਰ ਇਸਦੀ ਦਿੱਖ ਸ੍ਰੀ ਦਰਬਾਰ ਸਾਹਿਬ ਤੋਂ ਵੱਖ ਕਰਨ ਦੇ ਉਦੇਸ਼ ਨਾਲ ਗੁਰਦੁਆਰੇ ਦੇ ਸਾਰੇ ਗੁੰਬਦ ਹਟਾਏ ਜਾਣੇ ਸਨ, ਇਸ ਦੇ ਦੁਆਲੇ ਇਕ ਬਰਾਂਡਾ ਬਣਾਇਆ ਜਾਣਾ ਸੀ, ਹਰਿ ਕੀ ਪਓੜੀ ਦੀ ਨਕਲ ਨੂੂੰ ਹਟਾਇਆ ਜਾਣਾ ਸੀ, ਗੁਰਦੁਆਰੇ ਦੇ ਦੁਆਲੇ ਬਣਾਏ ਸਰੋਵਰ ਨੂੰ ਪੂਰਿਆ ਜਾਣਾ ਸੀ ਅਤੇ ਗੁਰਦੁਆਰੇ ਵੱਲ ਨੂੰ ਸਰੋਵਰ ਦੇ ਵਿਚੋਂ ਜਾਂਦੇ ਰਸਤੇ ਨੂੰ ਵੀ ਹਟਾਇਆ ਜਾਣਾ ਸੀ।

Golden Temple Pandal Kolkata 2ਇਸ ਦਾ ਨਾਂਅ ਵੀ ਬਦਲ ਕੇ ਗੁਰਦੁਆਰਾ ਸਿੰਘ ਸਭਾ, ਮਸਤੂਆਣਾ ਰੱਖਣ ਲਈ ਕਿਹਾ ਗਿਆ ਸੀ ਪਰ ਸ: ਪਰਸ਼ੋਤਮ ਸਿੰਘ ਦੇ ਅਨੁਸਾਰ ਸਥਿਤੀ ਜਿਉਂ ਦੀ ਤਿਉਂ ਹੀ ਨਹੀਂ ਸਗੋਂ ਅੱਜ ਵੀ ਇਸ ਗੁਰਦੁਆਰੇ ਦੇ ਵਿਵਾਦਿਤ ਸਰੂਪ ਦੇ ਅੰਦਰ ਹੀ ਮੀਨਾਕਾਰੀ ਦਾ ਕੰਮ ਚੱਲ ਰਿਹਾ ਹੈ।

ਉਸ ਤੋਂ ਬਾਅਦ ਵੀ ਕਈ ਵਾਰ ਕਈ ਕੁਝ ਇਸ ਗੁਰਦੁਆਰਾ ਸਾਹਿਬ ਬਾਰੇ ਮੀਡੀਆ ਵਿਚ ਆਉਂਦਾ ਰਿਹਾ। ਇਸ ਦੇ ਬਾਵਜੂਦ ਨਕਲ ਦੇ ਰੂਪ ਵਿਚ ਬਣੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੀ ਚਾਲ ਭਾਵੇਂ ਮੱਠੀ ਪਈ ਹੋਵੇ ਪਰ ਪ੍ਰਬੰਧਕ ਆਪਣੇ ਇਰਾਦੇ ਤੋਂ ਟਲੇ ਨਹੀਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤਾਂ ਭਾਵੇਂ ਚਾਰ ਬਦਲ ਗਏ ਹੋਣ ਪਰ ਅਕਾਲ ਤਖ਼ਤ ਦੇ ਆਦੇਸ਼ ਅਨੁਸਾਰ ਕੋਈ ਵੀ ਤਬਦੀਲੀ ਕਰਵਾ ਲੈਣ ਤੋਂ ਸ਼੍ਰੋਮਣੀ ਕਮੇਟੀ ਲਾਚਾਰ ਅਤੇ ਅਸਮਰਥ ਰਹੀ।

‘ਟਾਈਮਜ਼ ਆਫ਼ ਇੰਡੀਆ’ ਦੀ 11 ਫ਼ਰਵਰੀ, 2018 ਦੀ ਰਿਪੋਰਟ, ਜੋ ਨੈਟ ’ਤੇ ਉਪਲਬਧ ਹੈ’ ਵਿਚ ਵੀ ਸਪਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਨੇ ਖ਼ੁਦ ਜਾ ਕੇ ਮੌਕੇ ’ਤੇ ਵੇਖ਼ਿਆ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਬਦੀਲੀਆਂ ਕਰਨ ਦਾ ਵਾਅਦਾ ਕਰਕੇ ਵੀ ਕਈ ਸਾਲਾਂ ਬਾਅਦ ਵੀ ਪ੍ਰਬੰਧਕ ਕਮੇਟੀ ਨੇ ਅਕਾਲ ਤਖ਼ਤ ਦੇ ਆਦੇਸ਼ ਮੁਤਾਬਕ ਤਬਦੀਲੀਆਂ ਨਹੀਂ ਕੀਤੀਆਂ ਅਤੇ ਨਾ ਹੀ ਗੁਰਦੁਆਰੇ ਦਾ ਨਾਂਅ ਬਦਲ ਕੇ ਗੁਰਦੁਆਰਾ ਸਿੰਘ ਸਭਾ ਕੀਤਾ ਗਿਆ ਹੈ।

ਪ੍ਰਧਾਨ ਜੀਓ, ਮੈਂ ਤੁਹਾਨੂੂੰ ਇਹ ਯਾਦ ਕਰਾਉਣ ਦੀ ਲੋੜ ਨਹੀਂ ਸਮਝਦਾ ਕਿ ਜਿਸ ਗੁਰਦੁਆਰਾ ਸਾਹਿਬ ਦੀ ਗੱਲ ਹੋ ਰਹੀ ਹੈ, ਸੰਜੋਗਵੱਸ ਉਹ ਤੁਹਾਡੇ ਆਪਣੇ ਹੀ ਇਲਾਕੇ ਵਿਚ ਹੈ। ਤੁਸੀਂ ਇਸੇ ਹੀ ਜ਼ਿਲ੍ਹੇ ਵਿਚੋਂ ਵਿਧਾਇਕ ਵੀ ਬਣਦੇ ਰਹੇ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਅਤੇ ਹੁਣ ਵਾਹਿਗੁਰੂ ਨੇ ਤੁਹਾਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਣ ਦਾ ਮਾਣ ਬਖ਼ਸ਼ਿਆ ਹੈ।

ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਤੁਹਾਡੇ ਪ੍ਰਧਾਨਗੀ ਕਾਰਜਕਾਲ ਵਿਚ ਇਹ ਮੁੱਦਾ ਨਹੀਂ ਉੱਭਰਿਆ। ਤੁਹਾਡੇ ਪ੍ਰਧਾਨਗੀ ਕਾਲ ਦੌਰਾਨ ਹੀ 20 ਜਨਵਰੀ 2019 ਨੂੰ ਸ: ਫ਼ੱਗੂਵਾਲਾ ਗੁਰਦੁਆਰਾ ਨਨਕਿਆਣਾ ਸਾਹਿਬ ਵਿਖ਼ੇ ਭੁੱਖ ਹੜਤਾਲ ’ਤੇ ਬੈਠ ਗਏ ਜਿਸ ਮਗਰੋਂ ਤੁਸੀਂ 23 ਜਨਵਰੀ ਨੂੰ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਿਸਨੇ 26 ਜਨਵਰੀ ਨੂੰ ਸ: ਫ਼ੱਗੂਵਾਲਾ ਦੀ ਭੁੱਖ ਹੜਤਾਲ ਖੁਲ੍ਹਵਾ ਦਿੱਤੀ। ਅਖ਼ਬਾਰੀ ਰਿਪੋਰਟਾਂ ਹਨ ਅਤੇ ਸ: ਫੁੱਗੂਵਾਲਾ ਦਾ ਵੀ ਦਾਅਵਾ ਹੈ ਕਿ ਤੁਸੀਂ ਹੀ ਫ਼ੋਨ ’ਤੇ ਉਨ੍ਹਾਂ ਨੂੰ ‘ਜਲਦੀ ਕਾਰਵਾਈ’ ਦਾ ਭਰੋਸਾ ਦੇ ਕੇ ਹੜਤਾਲ ਖ਼ਤਮ ਕਰਨ ਲਈ ਕਿਹਾ ਸੀ।

ਅੱਜ ਬੰਗਾਲ ਵਿਚ ਸਾਹਮਣੇ ਆਏ ਇਸ ਮਾਮਲੇ ਬਾਰੇ ਜੋ ਬਿਆਨ ਤੁਹਾਡਾ ਆਇਆ ਹੈ, ਸਿਰ ਮੱਥੇ, ਪਰ ਸ਼੍ਰੋਮਣੀ ਕਮੇਟੀ ਦੀ ਨੱਕ ਹੇਠ ਬਣੇ ਅਤੇ ਬਣਾਏ ਜਾ ਰਹੇ ਇਸ ਗੁਰਦੁਆਰੇ ਬਾਰੇ ਹੁਣ ਤਕ ਕੁਝ ਨਾ ਹੋ ਸਕਣ ਦੇ ਕਾਰਣਾਂ ਦੀ ਜੇ ਤੁਸਾਂ ਆਪਣੇ ਦੋ ਸਾਲ ਦੇ ਕਾਰਜਕਾਲ ਵਿਚ ਕੋਈ ਪੜਤਾਲ ਕੀਤੀ ਹੋਵੇ, ਕੋਈ ਕਾਰਵਾਈ ਕੀਤੀ ਹੋਵੇ ਤਾਂ ਸਾਂਝੀ ਜ਼ਰੂਰ ਕਰਨਾ।

ਇਹ ਵੀ ਸਾਂਝਾ ਕਰਿਉ ਕਿ ਦਹਾਕਿਆਂ ਤੋਂ ਲਟਕੇ ਆਉਂਦੇ ਇਸ ‘ਤੁਹਾਡੇ ਇਲਾਕੇ ਦੇ’ ਮਸਲੇ ਬਾਰੇ ਤੁਸਾਂ ਆਪਣੇ ਦੋ ਸਾਲ ਦੇ ਕਾਰਜਕਾਲ ਦੌਰਾਨ ਕੀ ਕਾਹਲੀ ਵਿਖ਼ਾਈ ਅਤੇ ਇਸ ਦਾ ਕੀ ਨਤੀਜਾ ਨਿਕਲਿਆ।

ਇਹ ਗੱਲ ਸਿੱਖਾਂ ਤੋਂ ਨਹੀਂ ਸਗੋਂ ਸ਼੍ਰੋਮਣੀ ਕਮੇਟੀ ਤੋਂ ਹੀ ਸਿੱਖਣੀ ਹੋਵੇਗੀ ਕਿ ਸਿੱਖੀ ਦੇ ਕਿਸੇ ਮਾਮਲੇ ’ਤੇ ਘੇਸ ਕਿਵੇਂ ਮਾਰੀ ਜਾ ਸਕਦੀ ਹੈ, ਚੁੱਪ ਕਿਵੇਂ ਵੱਟੀ ਜਾ ਸਕਦੀ ਹੈ, ਉਸਨੂੰ ਰੋਲਿਆ ਕਿਵੇਂ ਜਾ ਸਕਦਾ ਹੈ, ਠੰਢੇ ਬਸਤੇ ਵਿਚ ਕਿਵੇਂ ਪਾਇਆ ਜਾ ਸਕਦਾ ਹੈ ਅਤੇ ਜੇ ਦਿਲ ਆਵੇ ਤਾਂ ਕਿਸੇ ਮਾਮਲੇ ਨੂੰ ਮੁੱਦਾ ਬਣਾ ਕੇ ਉਸ ਨੂੰ ਉਜਾਗਰ ਕਿਵੇਂ ਕੀਤਾ ਜਾ ਸਕਦਾ ਹੈ, ਉਭਾਰਿਆ ਕਿਵੇਂ ਜਾ ਸਕਦਾ ਹੈ।

ਸਿੱਖੀ ਨੂੰ ਢਾਹ ਲਾਉਂਦੇ ਜਾਂ ਪੰਥ ਲਈ ਚਿੰਤਾ ਦਾ ਵਿਸ਼ਾ ਬਣੇ ਕਿਸੇ ਮਾਮਲੇ ਨੂੰ ਉਜਾਗਰ ਕਰਨ ਜਾਂ ਉਭਾਰਣ ’ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਮੈਂ ਤਾਂ ਪਹਿਲਾਂ ਹੀ ਤੁਹਾਨੂੂੰ ਬੰਗਾਲ ਵਾਲਾ ਭਾਵ ਕਲਕੱਤੇ ਵਾਲਾ ਮਾਮਲਾ ਚੁੱਕਣ ’ਤੇ ਤੁਹਾਡਾ ਧੰਨਵਾਦ ਕੀਤਾ ਹੈ ਅਤੇ ਪਰ ਮੈਂ ਇਹ ਸਮਝਦਾ ਹਾਂ ਕਿ ਬੰਗਾਲ ਵਾਲੇ ਮਾਮਲੇ ਨੂੰ ਭਾਵੇਂ ‘ਸੰਦੇਹ ਦਾ ਲਾਭ’ ਦਿੱਤਾ ਜਾ ਸਕਦਾ ਹੈ ਪਰ ਮਸਤੂਆਣਾ ਸਾਹਿਬ ਵਾਲਾ ਮਾਮਲਾ ਠੰਢੇ ਬਸਤੇ ਵਿਚ ਪਾਈ ਰੱਖਣ ਅਤੇ ਉਸਦਾ ਸਰੂਪ ਨਾ ਬਦਲੇ ਜਾਣ ਜਾਂ ਪ੍ਰਬੰਧਕਾਂ ਵਿਰੁੱਧ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਮਾਮਲੇ ਵਿਚ ਚੁੱਪ ਜ਼ਰੂਰ ਅਖ਼ਰਦੀ ਹੈ।

ਭਾਈ ਲੌਂਗੋਵਾਲ ਜੀ, ਪੰਜਾਬ ਆਪਣਾ ਘਰ ਹੈ। ਦੂਜੇ ਸੂਬਿਆਂ ’ਚ ਉੱਠਣ ਵਾਲੇ ਸਿੱਖ ਮਸਲੇ ਵੀ ਨਿਬੇੜੋ ਪਰ ਬੰਗਾਲ ਤਕ ਹਵਾਈ ਨਜ਼ਰਾਂ ਘੁਮਾਉਣ ਤੋਂ ਪਹਿਲਾਂ ਨਹੀਂ ਤਾਂ ਘੱਟੋ ਘੱਟ ਨਾਲੋ ਨਾਲ ਉਸ ਅਵੱਗਿਆ ਵੱਲ ਵੀ ਤਾਂ ਧਿਆਨ ਮਾਰੋ ਜਿਸਤੇ ਆਪਣੇ ਘਰ ਦੇ ਕੋਠੇ ’ਤੇ ਖੜ੍ਹ ਕੇ ਹੀ ਨਜ਼ਰ ਮਾਰੀ ਜਾ ਸਕਦੀ ਹੋਵੇ।

ਆਖ਼ਿਆ ਜਾ ਸਕਦੈ ਕਿ ‘ਅਸਾਂ ਸਿੱਖੀ ਦੇ ਬਹੁਤ ਕੰਮ ਕੀਤੇ ਹਨ। ਇਨ੍ਹਾਂ ਕੰਮਾਂ ਦੀ ਪ੍ਰਵਾਨਗੀ ਹੀ ਹੈ ਕਿ ਸਾਨੂੰ ਹੀ ਵਾਰ ਵਾਰ ਵੋਟਾਂ ਮਿਲਦੀਆਂ ਨੇ ਤੇ ਅਸੀਂ ਹੀ ਵਾਰ ਵਾਰ ਗੁਰਦੁਆਰਾ ਪ੍ਰਬੰਧਾਂ ’ਤੇ ਕਾਬਜ਼ ਹੁੰਦੇ ਹਾਂ। ਇਕ ਤਰ੍ਹਾਂ ਇਹ ਤਰਕ ਸਹੀ ਵੀ ਹੈ ਪਰ ਇਸਨੂੂੰ ਧਿਆਨ ਨਾਲ ਵਾਚਿਆ ਜਾਵੇ ਤਾਂ ਇਹ ਮਾਮਲਾ ਤੁਹਾਡੀਆਂ ‘ਪ੍ਰਾਪਤੀਆਂ’ ਨਾਲੋਂ ਵਿਰੋਧੀ ਧਿਰ ਦੀ ਅਣਹੋਂਦ ਦਾ ਮਸਲਾ ਵਧੇਰੇ ਹੈ।

ਲੱਗਦਾ ਇੰਜ ਹੈ ਕਿ ਤੁਹਾਡੀ ਵਿਰੋਧੀ ਧਿਰ ਕੋਈ ਨਹੀਂ ਹੈ, ਅਸਲ ਵਿਚ ਤੁਹਾਡੀਆਂ ਵਿਰੋਧੀ ਧਿਰਾਂ ਬਹੁਤ ਹਨ ਜਿਹੜੇ ਸਾਰੇ ਹੀ ਆਪੋ ਆਪਣੇ ਆਪ ਵਿਚ ਪ੍ਰਧਾਨ ਹਨ। ਜਦੋਂ ਬੰਦਾ ਇਕ ਵਾਰ ਪ੍ਰਧਾਨ ਬਣ ਜਾਂਦੈ, ਫ਼ਿਰ ਉਹ ਪ੍ਰਧਾਨ ਹੀ ਹੁੰਦੈ, ਫ਼ਿਰ ਉਹ ਕਿਸੇ ਦੇ ਮਗਰ ਨਹੀਂ ਲੱਗ ਸਕਦਾ। ਮੈਨੂੰ ਲੱਗਦੈ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਹੋਰ ਪੰਥਕ ਧਿਰਾਂ ਵਿਚ ਪ੍ਰਧਾਨ ਬਹੁਤੇ ਹੋ ਗਏ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਹ ਚੰਗੇ ਭਾਗ ਹਨ ਕਿ Çਂੲਨ੍ਹਾਂ ਪ੍ਰਧਾਨਾਂ ਵਿਚੋਂ ਕਿਸੇ ਨੇ ਕਦੇ ਪ੍ਰਧਾਨਗੀ ਨਹੀਂ ਛੱਡਣੀ, ਕਦੇ ਕਿਸੇ ਦੂਜੇ ਨੂੰ ਪ੍ਰਧਾਨ ਨਹੀਂ ਮੰਨਣਾ।

Golden Temple Pandal Kolkata 3ਚੱਲੋ, ਖ਼ੈਰ ਵਿਸ਼ਾ ਲੀਹੋਂ ਨਾ ਲਾਹੀਏ। ਸ਼੍ਰੋਮਣੀ ਕਮੇਟੀ ਦੀਆਂ ਸਬ ਕਮੇਟੀਆਂ ਸਹਿਮਤ ਹਨ ਕਿ ਗੁਰਦੁਆਰਾ ਦਰਬਾਰ ਸਾਹਿਬ ਦੀ ਨਕਲ ਹੈ, ਗ਼ਲਤ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਹਿਮਤ ਰਹੇ ਕਿ ਗੁਰਦੁਆਰਾ ਨਕਲ ਹੈ, ਗ਼ਲਤ ਹੈ। ਪਚਵੰਜਾਂ ਪੰਥਕ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਕਿ ਦਰਬਾਰ ਸਾਹਿਬ ਦੀ ਨਕਲ ਹੈ, ਗ਼ਲਤ ਹੈ। ਕੌਮ ਦੇ, ਅਕਾਲ ਤਖ਼ਤ ਦੇ ਜਥੇਦਾਰਾਂ ਨੇ ਕਿਹਾ ਕਿ ਗ਼ਲਤ ਹੈ, ਹੁਕਮਨਾਮਾ ਜਾਰੀ ਕਰ ਦਿੱਤਾ, ਆਦੇਸ਼ ਕਰ ਦਿੱਤੇ ਕਿ ਕੀ ਕੀ ਤਬਦੀਲੀਆਂ ਕਰਵਾਈਆਂ ਜਾਣ।

ਫ਼ਿਰ ਵੀ ਇਹ ਸਾਰੀਆਂ ਤਬਦੀਲੀਆਂ ਨਹੀਂ ਹੋ ਰਹੀਆਂ। ਕੀ ਹੈ ਸ਼੍ਰੋਮਣੀ ਕਮੇਟੀ ਦੀ ਮਜਬੂਰੀ? ਸਾਰੇ ਸਿੱਖਾਂ ਨੂੰ ਅਕਾਲ ਤਖ਼ਤ ਨੂੰ ਸਰਬਉੱਚ ਮੰਨਣ ਦਾ ਹੋਕਾ ਦੇਣ ਵਾਲੀ ਸ਼੍ਰੋਮਣੀ ਕਮੇਟੀ ਅਕਾਲ ਤਖ਼ਤ ਦੇ ਆਦੇਸ਼ਾਂ ਨੂੰ ਲਾਗੂ ਨਹੀਂ ਕਰਵਾ ਰਹੀ, ਅਣਗੌਲਿਆਂ ਕਰ ਰਹੀ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਗੱਲ ਪਤਾ ਤਾਂ ਕਰੋ, ਗੱਲ ਕੋਈ ਵੱਡੀ ਈ ਲੱਗਦੀ ਐ।

ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਵੱਖ ਵੱਖ ਸਮਿਆਂ ’ਤੇ ਆਏ ਵੱਖ ਵੱਖ ਜਥੇਦਾਰ ਵੀ ਇਸ ਗੰਭੀਰ ਮੁੱਦੇ ’ਤੇ ਗੰਭੀਰ ਨਹੀਂ ਹੋਏ ਅਤੇ ਅਕਾਲ ਤਖ਼ਤ ਦੇ ਫ਼ੈਸਲੇ ਲਾਗੂ ਕਰਵਾਉਣ ਲਈ ਕਿਸੇ ਜਥੇਦਾਰ ਨੇ ਸਪਸ਼ਟ ਸਟੈਂਡ ਨਹੀਂ ਲਿਆ। ਇੱਥੋਂ ਤਕ ਕਿ 2009 ਵਿਚ ਇਸ ਗੁਰਦੁਆਰੇ ਬਾਰੇ ‘ਹੁਕਮਨਾਮਾ’ ਜਾਰੀ ਕਰਕੇ ਤਬਦੀਲੀਆਂ ਦੇ ਆਦੇਸ਼ ਦੇਣ ਵਾਲੇ ਗਿਆਨੀ ਗੁਰਬਚਨ ਸਿੰਘ ਨੇ 2018 ਵਿਚ ਆਪਣੀ ਸੇਵਾਮੁਕਤੀ ਤਕ ਵੀ ਇਹ ਅਹਿਸਾਸ ਨਹੀਂ ਕੀਤਾ ਕਿ ਉਹਨਾਂ ਦੇ ‘ਆਦੇਸ਼ਾਂ’ ਦਾ ਕੀ ਬਣਿਆ। ਆਪਣੇ ਅਹੁਦੇ ਦਾ ਸਮਾਂ ਵਿਹਾਇਆ ਅਤੇ ਤੁਰ ਗਏ, ਆਪਣੇ ਹੀ ਹੁਕਮਾਂ ’ਤੇ ਆਪ ਪਹਿਰਾ ਨਹੀਂ ਦਿੱਤਾ।

ਲੌਂਗੋਵਾਲ ਜੀ, ਗੱਲਾਂ ਦੋ ਹੀ ਰਹਿ ਗਈਆਂ ਹਨ। ਜਾਂ ਤਾਂ ਪ੍ਰਬੰਧਕ ਕਮੇਟੀ ਵੱਲੋਂ ਬਣਾਏ ਢਾਂਚੇ ਨੂੰ ਸਹੀ ਕਰਾਰ ਦੇ ਦਿੱਤਾ ਜਾਵੇ ਅਤੇ ਜੇ ਇਹ ਢਾਂਚਾ ਠੀਕ ਨਹੀਂ ਹੈ ਤਾਂ ਫ਼ਿਰ ਇਸ ਬਾਰੇ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਲਾਗੂ ਕਰਵਾਇਆ ਜਾਵੇ।

ਇਸ ਮਾਮਲੇ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਕੰਮ ਰਤਾ ਔਖ਼ਾ ਹੈ, ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਰੁਤਬਾ ਵੀ ਤਾਂ ਵੱਡਾ ਹੈ। ਸੌਖ਼ੇ ਕੰਮਾਂ ਲਈ ਤਾਂ ਸ਼੍ਰੋਮਣੀ ਕਮੇਟੀ ’ਚ ਕਲਰਕ ਤੇ ਸੁਪਰਡੈਂਟ ਵਾਹਵਾ ਹੋਣੇ ਨੇ।

ਬੰਗਾਲ ਵਾਲਾ ਤਾਂ ਕੱਚਾ ਹੈ, ਅਣਜਾਣਤਾ ਵੱਸ ਵੀ ਬਣਿਆ ਹੋ ਸਕਦੈ, ਇਹ ਸੰਗਰੂਰ ਵਾਲਾ ਤਾਂ ਉਨ੍ਹਾਂ ਨੇ ਬਣਵਾਇਐ, ਜਾਂ ਬਣਵਾਉਣ ’ਤੇ ਅੜੇ ਹਨ ਜਿਨ੍ਹਾਂ ਨੂੰ ਸਿੱਖੀ ਦਾ ਪਤੈ ਪਰ ਮੈਨੂੰ ਲੱਗਦੈ ਕਿ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦਾ ਆਮ ਸਿੱਖਾਂ ਨਾਲੋਂ ਵੱਧ ਪਤੈ, ਉਨ੍ਹਾਂ ਨੂੰ ਪਤੈ ਬਈ ਜੇ 1967 ਤੋਂ ਕੁਝ ਨਹੀਂ ਹੋਇਆ, ਹੁਣ ਵੀ ਕੁਝ ਨਹੀਂ ਹੁੰਦਾ। ਉਨ੍ਹਾਂ ਕੋਲ ਹੈ ਕੋਈ ਘੁੰਡੀ।

ਮਾਮਲੇ ਅੱਗੇ ਦੀ ਅੱਗੇ ਪਾਉਣ ਵਾਲਿਆਂ ਦੇ ਨਾਂਅ ਵੀ ਇÎਤਿਹਾਸ ਵਿਚ ਦਰਜ ਹੋ ਰਹੇ ਹਨ ਅਤੇ ਜਿਹੜਾ ਕੋਈ ਨਿਰਣਾਇਕ ਫ਼ੈਸਲਾ ਲੈਣ ਦਾ ਹੌਂਸਲਾ ਕਰੇਗਾ, ਉਸ ਦਾ ਨਾਂਅ ਵੀ ਇਤਿਹਾਸ ਵਿਚ ਵੱਖਰੇ ਤੌਰ ’ਤੇ ਦਰਜ ਹੋਵੇਗਾ ਪਰ ਮੈਂ ਇਕ ਵੇਰਾਂ ਫ਼ਿਰ ਕਹਿ ਰਿਹਾਂ, ਲਿਖ਼ਦਿਆਂ ਲਿਖ਼ਦਿਆਂ ਜਿਹੜਾ ਪਰਚਾ ਪੈ ਗਿਐ, ਹੈ ਔਖ਼ਾ ਹੀ।

ਗੁਰੂ ਬਲ ਬਖ਼ਸ਼ੇ।

ਐੱਚ.ਐੱਸ.ਬਾਵਾ
ਸੰਪਾਦਕ, ਯੈੱਸ ਪੰਜਾਬ
7 ਅਕਤੂਬਰ, 2019.

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION