25.1 C
Delhi
Friday, May 3, 2024
spot_img
spot_img

ਸਾਮਰਾਜੀ ਅਤੇ ਫ਼ਿਰਕੂ ਫਾਸ਼ੀ ਹੱਲੇ ਖਿਲਾਫ਼ ਜੂਝਦੇ ਸੰਗਰਾਮੀਆਂ ਨੂੰ ਸਮਰਪਤ ਹੋਏਗਾ ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ

ਯੈੱਸ ਪੰਜਾਬ
ਜਲੰਧਰ, 24 ਜੁਲਾਈ, 2022:
ਸਾਮਰਾਜੀ ਅਤੇ ਫ਼ਿਰਕੂ ਫਾਸ਼ੀ ਹੱਲੇ ਖਿਲਾਫ਼ ਜੂਝਦੀਆਂ ਲਹਿਰਾਂ ਦੇ ਸੰਗਰਾਮੀਆਂ ਨੂੰ ਸਮਰਪਤ ਹੋਏਗਾ 31ਵਾਂ ਮੇਲਾ ਗ਼ਦਰੀ ਬਾਬਿਆਂ ਦਾ।

ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਹੋਈ ਦੇਸ਼ ਭਗਤ ਯਾਦਗਾਰ ਕਮੇਟੀ ਦੀ ਮੀਟਿੰਗ ਦਾ ਆਗਾਜ਼ ਆਜ਼ਾਦੀ ਜੱਦੋ ਜਹਿਦ ’ਚ ਵਿਲੱਖਣ ਇਤਿਹਾਸ ਸਿਰਜਣ ਵਾਲੇ ਮਹਾਨ ਗ਼ਦਰੀ ਇਨਕਲਾਬੀ ਸ਼ਹੀਦ ਊਧਮ ਸਿੰਘ ਅਤੇ ਇਨਕਲਾਬੀ ਸਾਹਿਤਕ ਪਿੜ ਦੀ ਮਾਣ-ਮੱਤੀ ਸਖਸ਼ੀਅਤ ਸੁਰੇਂਦਰ ਹੇਮ ਜਯੋਤੀ ਨੂੰ ਖੜ੍ਹੇ ਹੋ ਕੇ ਸ਼ਰਧਾਂਜ਼ਲੀ ਅਰਪਤ ਕਰਨ ਨਾਲ ਹੋਇਆ।

ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ’ਚ ਲਏ ਫੈਸਲਿਆਂ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਸਾਮਰਾਜੀ ਅਤੇ ਦੇਸੀ ਬਹੁ ਕੌਮੀ ਕੰਪਨੀਆਂ ਦੇ ਚੌਤਰਫ਼ੇ ਹੱਲੇ, ਫ਼ਿਰਕੂ ਫਾਸ਼ੀ ਹਨੇਰੀ ਅਤੇ ਬੁੱਧੀਜੀਵੀਆਂ ਪੱਤਰਕਾਰਾਂ ਨੂੰ ਚੋਣਵਾਂ ਨਿਸ਼ਾਨੇ ਬਣਾਏ ਜਾਣ ਦੇ ਮਾਰੂ ਹਮਲਿਆਂ ਨੂੰ ਪਛਾੜਨ ਲਈ ਸੰਘਰਸ਼ ਦੇ ਮੈਦਾਨ ’ਚ ਨਿਤਰੀਆਂ ਲਹਿਰਾਂ ਅਤੇ ਉਹਨਾਂ ਲਹਿਰਾਂ ’ਚ ਅਥਾਹ ਕੁਰਬਾਨੀਆਂ ਕਰ ਰਹੇ ਜੁਝਾਰੂਆਂ ਦੀ ਸ਼ਾਨਾਮੱਤੀ ਭੂਮਿਕਾ ਤੋਂ ਪ੍ਰੇਰਨਾ ਲੈਂਦਿਆਂ ਲੋਕਾਂ ਨੂੰ ਜਨਤਕ ਲਹਿਰ ਉਸਾਰਨ ਦਾ ਪੈਗ਼ਾਮ ਦੇਵੇਗਾ ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ।

ਉਹਨਾਂ ਦੱਸਿਆ ਕਿ ਇਸ ਮੇਲੇ ’ਚ ਪਹਿਲੀ ਨਵੰਬਰ ਸਵੇਰੇ 10 ਵਜੇ ਗ਼ਦਰੀ ਝੰਡਾ ਲਹਿਰਾਉਣ ਦੀ ਰਸਮ, ਕਮੇਟੀ ਦੇ ਮੈਂਬਰ ਅਤੇ ਉੱਘੇ ਖੋਜੀ ਲੇਖਕ ਸੁਵਰਨ ਸਿੰਘ ਵਿਰਕ ਕਰਨਗੇ।

ਜ਼ਿਕਰਯੋਗ ਹੈ ਕਿ ਮੁਲਕ ਉਪਰ ਚੜ੍ਹਦੇ ਸੂਰਜ ਗਾੜ੍ਹੇ ਹੋ ਰਹੇ ਫ਼ਿਰਕੂ ਦਹਿਸ਼ਤਗਰਦੀ ਦੇ ਬੱਦਲਾਂ ਅਤੇ ਲੋਕਾਂ ਦੀ ਜ਼ਿੰਦਗੀ ਨੂੰ ਜਕੜ ਰਹੇ ਸਾਮਰਾਜੀ ਤਾਣੇ ਬਾਣੇ ਖਿਲਾਫ਼ ਸਿਦਕਦਿੱਲੀ ਨਾਲ ਲੜਨ ਲਈ ਪ੍ਰੇਰਨਾ ਸਰੋਤ ਸ਼ਹੀਦ ਊਧਮ ਸਿੰਘ ਦੀ ਸੋਚ-ਦ੍ਰਿਸ਼ਟੀ ਅਤੇ ਕਰਨੀ ਨੂੰ ਸਿਜਦਾ ਕਰਦਿਆਂ ਦੇਸ਼ ਭਗਤ ਯਾਦਗਾਰ ਹਾਲ ਨੂੰ ਮੇਲੇ ਦੌਰਾਨ ‘ਮੁਹੰਮਦ ਸਿੰਘ ਆਜ਼ਾਦ ਨਗਰ’ ਦਾ ਨਾਂਅ ਦਿੱਤਾ ਜਾਏਗਾ ਅਤੇ ਪ੍ਰਮੁੱਖ ਪ੍ਰਵੇਸ਼ ਦੁਆਰ ਇਸ ਨਾਂਅ ’ਤੇ ਬਣਾਇਆ ਜਾਵੇਗਾ।

30, 31 ਅਕਤੂਬਰ ਅਤੇ 1 ਨਵੰਬਰ ਨੂੰ ਹੋ ਰਹੇ ਤਿੰਨ ਰੋਜ਼ਾ ਮੇਲੇ ’ਚ ਗਾਇਨ, ਭਾਸ਼ਣ, ਪੇਂਟਿੰਗ, ਕੁਇਜ਼ ਮੁਕਾਬਲੇ, ਕਵੀ ਦਰਬਾਰ, ਫ਼ਿਲਮ ਸ਼ੋਅ, ਗੀਤ-ਸੰਗੀਤ ਅਤੇ ਦਿਲਕਸ਼ ਨਾਟਕ ਆਦਿ ਹੋਣਗੇ।

ਪਹਿਲੀ ਨਵੰਬਰ ਸਵੇਰੇ ਸੰਗੀਤ ਓਪੇਰੇ ਝੰਡੇ ਦੇ ਗੀਤ ਉਪਰੰਤ ਸਾਰਾ ਦਿਨ ਵੰਨ-ਸੁਵੰਨਾ ਗੀਤ-ਸੰਗੀਤ ਅਤੇ ਵਿਚਾਰਾਂ ਹੋਣਗੀਆਂ। ਪਹਿਲੀ ਨਵੰਬਰ ਦੀ ਸਾਰੀ ਰਾਤ ਨਾਟਕਾਂ ਅਤੇ ਗੀਤਾਂ ਭਰੀ ਰਾਤ ਹੋਏਗਾ। ਮੇਲੇ ’ਚ ਪਾਕਿਸਤਾਨ ਤੋਂ ਕਵੀਆਂ, ਨਾਟਕਕਾਰਾਂ ਨੂੰ ਜਿੱਥੇ ਬੁਲਾਵਾ ਭੇਜਿਆ ਗਿਆ ਹੈ, ਉਥੇ ਪੰਜਾਬ ਅਤੇ ਇਸ ਤੋਂ ਬਾਹਰ ਤੋਂ ਵੀ ਵੰਨ-ਸੁਵੰਨੀਆਂ ਕਲਾ ਕਿਰਤਾਂ ਨਾਲ ਮੇਲਾ ਬੁਲੰਦੀਆਂ ਛੋਹੇਗਾ।

ਮੀਟਿੰਗ ’ਚ ਪਾਸ ਕੀਤੇ ਮਤਿਆਂ ’ਚ ਜ਼ੋਰਦਾਰ ਮੰਗ ਕੀਤੀ ਗਈ ਕਿ ਜਲ੍ਹਿਆਂਵਾਲਾ ਬਾਗ਼ ਦਾ ਮੂਲ ਸਰੂਪ ਬਹਾਲ ਕੀਤਾ ਜਾਏ। ਦਾਖਲਾ ਟਿਕਟਾਂ ਆਦਿ ਮੜ੍ਹਨ ਦਾ ਫੈਸਲਾ ਜਨਤਕ ਤੌਰ ’ਤੇ ਵਾਪਸ ਲਿਆ ਜਾਵੇ। ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਭਾਅ ਜੀ ਦੇ ਜੱਦੀ ਘਰ ਖਾਲਸਾ ਨਿਵਾਸ ਅੰਮ੍ਰਿਤਸਰ ਨੂੰ ਵਿਰਾਸਤੀ ਯਾਦਗਾਰ ਦਾ ਦਰਜਾ ਦਿੱਤਾ ਜਾਵੇ। ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ, ਜਮਹੂਰੀ ਕਾਮਿਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।

ਸਿਮਰਨਜੀਤ ਸਿੰਘ ਮਾਨ ਵਲੋਂ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਜੀਵਨ ਇਤਿਹਾਸ ਉਪਰ ਨਿਰਆਧਾਰ ਚਿੱਕੜ ਉਛਾਲੀ ਅਤੇ ਅਪਮਾਨਤ ਕਰਨ ਵਾਲੀਆਂ ਟਿੱਪਣੀਆਂ ਕਰਨ ਦੀ ਸਖ਼ਤ ਆਲੋਚਨਾ ਕਰਦਿਆਂ ਇਸਨੂੰ ਸਿਮਰਨਜੀਤ ਸਿੰਘ ਮਾਨ ਦੀ ਨੰਗੀ ਚਿੱਟੀ ਸਾਮਰਾਜ-ਭਗਤੀ ਕਰਾਰ ਦਿੱਤਾ ਗਿਆ। ਸਿਮਰਨਜੀਤ ਮਾਨ ਅਤੇ ਉਸਦੀ ਵਕਾਲਤ ਕਰਦੇ ‘ਆਪੇ ਸਜੇ ਬੁੱਧੀਜੀਵੀ’ ਵੱਲੋਂ ਮਾਣਯੋਗ ਸੰਪਾਦਕਾਂ, ਲੋਕ ਆਗੂਆਂ ਖਿਲਾਫ਼ ਨਫ਼ਰਤ ਉਗਲਣ ਦੀ ਵੀ ਕਮੇਟੀ ਵੱਲੋਂ ਤਿੱਖੀ ਆਲੋਚਨਾ ਕੀਤੀ ਗਈ।

ਮੀਟਿੰਗ ’ਚ ਇਹ ਸੱਦਾ ਵੀ ਦਿੱਤਾ ਗਿਆ ਕਿ 26, 27, 28 ਅਗਸਤ ਨੂੰ ਯਾਦਾਗਰ ਹਾਲ ’ਚ ਲੱਗ ਰਹੇ ਸਿਖਿਆਰਥੀ ਚੇਤਨਾ ਕੈਂਪ ’ਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ। ਮੀਟਿੰਗ ਉਪਰੰਤ ਬਾਬਾ ਸੋਹਣ ਸਿੰਘ ਭਕਨਾ ਗ਼ਦਰੀ ਮਿਊਜ਼ੀਅਮ ’ਚ ਬਣਾਏ ਹੋਮ ਥੀਏਟਰ ਦਾ ਕਮੇਟੀ ਵੱਲੋਂ ਉਦਘਾਟਨ ਕੀਤਾ ਗਿਆ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION