ਯੈੱਸ ਪੰਜਾਬ
ਜਲੰਧਰ, 27 ਸਤੰਬਰ, 2021:
ਜਲੰਧਰ ਵਿੱਚ ਅੱਜ ਸਵੇਰੇ ਇਕ ਔਰਤ ਦਾ ਗ਼ਲਾ ਘੁੱਟ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਘਟਨਾ ਵੇਰਕਾ ਮਿਲਕ ਪਲਾਂਟ ਕੋਲ ਪੈਂਦੇ ਸੰਤ ਵਿਹਾਰ ਦੀ ਗਲੀ ਨੰਬਰ ਇਕ ਵਿੱਚ ਵਾਪਰੀ ਜਿੱਥੇ ਇਕ ਸਾਬਕਾ ਫ਼ੌਜੀ ਪੂਰਨ ਸਿੰਘ ਦੀ ਲਗਪਗ 60 ਸਾਲਾ ਪਤਨੀ ਮਨਜੀਤ ਕੌਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ।
ਮੌਕੇ ’ਤੇ ਪੁੱਜੇ ਡੀ.ਸੀ.ਪੀ. ਸ: ਗੁਰਮੀਤ ਸਿੰਘ ਨੇ ਦੱਸਿਆ ਕਿ ਮਨਜੀਤ ਕੌਰ ਦੇ ਪਤੀ ਦੀ 6-7 ਸਾਲ ਪਹਿਲਾਂ ਮੌਤ ਹੋ ਗਈ ਸੀ ਜਿਸ ਮਗਰੋਂ ਉਹ ਆਪਣੇ ਘਰ ਵਿੱਚ ਇਕੱਲੀ ਹੀ ਰਹਿੰਦੀ ਸੀ।
ਪੁਲਿਸ ਅਨੁਸਾਰ ਘਟਨਾ ਦੇਰ ਰਾਤ ਅੰਜਾਮ ਦਿੱਤੀ ਗਈ ਹੋ ਸਕਦੀ ਹੈ। ਹਾਲਾਂਕਿ ਟਰੰਕ ਆਦਿ ਫ਼ੋਲੇ ਗਏ ਦੱਸੇ ਜਾਂਦੇ ਹਨ ਪਰ ਸ: ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਘਰ ਵਿੱਚ ਜ਼ਿਆਦਾ ਸਮਾਨ ਨਹੀਂ ਸੀ ਅਤੇ ਮ੍ਰਿਤਕਾ ਦੀ ਸੋਨੇ ਦੀ ਚੇਨ ਵੀ ਕੋਲ ਹੀ ਪਈ ਮਿਲੀ ਹੈ ਜਿਸ ਤੋਂ ਇਹ ਜਾਪਦਾ ਹੈ ਕਿ ਲੁੱਟ ਦਾ ਮਾਮਲਾ ਨਹੀਂ ਹੈ। ਉਹਨਾਂ ਕਿਹਾ ਕਿ ਇਹ ਪਰਿਵਾਰ ਪਿੱਛੋਂ ਪਿੰਡ ਖ਼ੋਸੇ ਦਾ ਰਹਿਣ ਵਾਲਾ ਹੈ ਅਤੇ ਇਕ ਡਾਇਰੀ ਮਿਲੀ ਹੈ ਜਿਸ ਵਿੱਚੋਂ ਸੰਪਰਕ ਤਲਾਸ਼ੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਔਰਤ ਦਾ ਕਿਸ ਨਾਲ ਸੰਪਰਕ ਸੀ ਅਤੇ ਕਿਸ ਦਾ ਆਉਣ ਜਾਣ ਸੀ ਤਾਂ ਜੋ ਹੱਤਿਆ ਦੀ ਗੁੱਥੀ ਸੁਲਝਾਈ ਜਾ ਸਕੇ।
ਉਹਨਾਂ ਕਿਹਾ ਕਿ ਪੁਲਿਸ ਨੇ ਧਾਰਾ 302 ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਇਸ ਮੌਕੇ ਪੁਲਿਸ ਨੇ ਫ਼ਾਰੈਂਸਿਕ ਟੀਮ ਅਤੇ ਡਾਗ ਸਕੁਐਡ ਨੂੰ ਬੁਲਾਉਣ ਤੋਂ ਇਲਾਵਾ ਇਲਾਕੇ ਦੇ ਸੀ.ਸੀ.ਟੀ.ਵੀ.ਕੈਮਰੇ ਜਾਂਚਣ ਦਾ ਕੰਮ ਆਰੰਭਿਆ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ