ਯੈੱਸ ਪੰਜਾਬ
ਨਵਾਂ ਸ਼ਹਿਰ, 9 ਸਤੰਬਰ, 2022:
‘ਆਮ ਆਦਮੀ ਪਾਰਟੀ’ ਦੀ ਸਰਕਾਰ ਵੱਲੋਂ ਨਾਜਾਇਜ਼ ਮਾਈਨਿੰਗ ਰੋਕਣ ਲਈ ਕੀਤੇ ਉਪਰਾਲਿਆਂ ਅਤੇ ਦਾਅਵਿਆਂ ਦੇ ਬਾਵਜੂਦ ਨਾਜਾਇਜ਼ ਮਾਈਨਿੰਗ ਅਜੇ ਜਾਰੀ ਹੈ।
ਤਾਜ਼ਾ ਮਾਮਲਾ ਨਵਾਂ ਸ਼ਹਿਰ ਵਿੱਚ ਬਲਾਚੌਰ ਦੇ ਪਿੰਡ ਰੱਤੇਵਾਲ ਵਿੱਚ ਸਾਹਮਣੇ ਆਇਆ ਹੈ ਜਿੱਥੇ ਖ਼ੇਤਾਂ ਵਿੱਚੋਂ 15 ਤੋਂ 20 ਫੁੱਟ ਨਾਜਾਇਜ਼ ਖ਼ਣਨ ਕੀਤਾ ਜਾ ਰਿਹਾ ਹੈ।
ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਮਾਈਨਿੰਗ ਲਈ ਲੋੜੀਂਦੀ ਢੋਆ ਢੁਆਈ ਵਾਸਤੇ ਟਿੱਪਰ ਅਤੇ ਹੋਰ ਵਾਹਨਾਂ ਦੇ ਦਿਨ ਰਾਤ ਆਉਣ ਜਾਣ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਸਹਿਣੀ ਪੈ ਰਹੀ ਹੈ ਪਰ ਇਹ ਸਭ ਕੁਝ ਪ੍ਰਸ਼ਾਸਨ ਦੀ ਨਜ਼ਰੀਂ ਨਹੀਂ ਚੜ੍ਹ ਰਿਹਾ।
ਇਸ ਸੰਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ: ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੇ ਇਹ ਮਾਮਲਾ ਧਿਆਨ ਵਿੱਚ ਨਹੀਂ ਸੀ ਸਗੋਂ ਮੀਡੀਆ ਨੇ ਹੀ ਇਹ ਮਾਮਲਾ ਧਿਆਨ ਵਿੱਚ ਲਿਆਂ ਦਾ ਹੈ। ਉਂਜ ਉਨ੍ਹਾਂ ਇਹ ਵੀ ਆਖ਼ਿਆ ਕਿ ਲੰਘੇ ਕਲ੍ਹ ਇਹ ਮਾਮਲਾ ਹਲਕਾ ਵਿਧਾਇਕ ਦੇ ਧਿਆਨ ਵਿੱਚ ਆਇਆ ਸੀ।
ਉਨ੍ਹਾਂ ਦਾਅਵਾ ਕੀਤਾ ਕਿ ਇਹ ਕੋਈ ‘ਆਰਗੇਨਾਈਜ਼ਡ ਮਾਈਨਿੰਗ’ ਨਹੀਂ ਹੋ ਸਕਦੀ ਅਤੇ ਪਿੰਡ ਵਾਲੇ ਹੀ ਮਾਈਨਿੰਗ ਕਰ ਰਹੇ ਹੋਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਲਈ ਤਹਿਸੀਲਦਾਰ ਦੀ ਡਿਊਟੀ ਲਗਾ ਦਿੱਤੀ ਹੈ ਅਤੇ ਤਹਿਕੀਕਾਤ ਉਪਰੰਤ ਜੇ ਕੋਈ ਦੋਸ਼ੀ ਪਾਇਆ ਗਿਆ ਤਾਂ ਉਸਨੂੰ ਸਜ਼ਾ ਦਿੱਤੀ ਜਾਵੇਗੀ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ