Congress finally acts against Patiala MP Preneet Kaur; Raja Warring had sought action
ਯੈੱਸ ਪੰਜਾਬ
ਨਵੀਂ ਦਿੱਲੀ, 3 ਫ਼ਰਵਰੀ, 2023 – ਕਾਂਗਰਸ ਪਾਰਟੀ ਨੇ ਅੰਤ ਪਟਿਆਲਾ ਤੋਂ ਪਾਰਟੀ ਦੀ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਦੇ ਖਿਲਾਫ਼ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ।
ਪ੍ਰਨੀਤ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਵਿੱਚੋਂ ਮੁਅੱਤਲ ਕਰਦਿਆਂ ਉਨ੍ਹਾਂ ਨੂੰ ਤਿੰਨ ਦਿਨ ਲਈ ‘ਕਾਰਨ ਦੱਸੋ ਨੋਟਿਸ’ ਦੇ ਕੇ ਇਸ ਸਮੇਂ ਦੌਰਾਨ ਆਪਣਾ ਜਵਾਬ ਦੇਣ ਲਈ ਕਿਹਾ ਗਿਆ ਹੈ ਕਿ ਕਿਉਂਕਿ ਨਾ ਉਨ੍ਹਾਂ ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਜਾਵੇ।
ਸ੍ਰੀਮਤੀ ਪ੍ਰਨੀਤ ਕੌਰ ’ਤੇ ਪਾਰਟੀ ਵਿਰੋਧੀ ਕਾਰਵਾਈਆਂ ਦਾ ਦੋਸ਼ ਹੈ। ਇਸ ਸੰਬੰਧੀ ਸ਼ਿਕਾਇਤ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕੀਤੀ ਗਈ ਸੀ ਜਿਸ ਵਿੱਚ ਹਾਈਕਮਾਨਨੂੰ ਦੱਸਿਆ ਗਿਆ ਸੀ ਕਿ ਸ੍ਰੀਮਤੀ ਪ੍ਰਨੀਤ ਕੌਰ ਪਾਰਟੀ ਵਿਰੋਧੀ ਸਰਗਰਮੀਆਂ ਵਿੱਚ ਸਾਮਲ ਹਨ।
ਮੁਅੱਤਲੀ ਬਾਰੇ ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਤਾਰਿਕ ਅਨਵਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ੍ਰੀ ਰਾਜਾ ਵੜਿੰਗ ਤੋਂ ਇਲਾਵਾ ਵੀ ਕੁਝ ਸੀਨੀਅਰ ਆਗੂਆਂ ਨੇ ਇਸ ਬਾਰੇ ਇਤਰਾਜ਼ ਉਠਾਇਆ ਸੀ ਜਿਸ ਦੇ ਚੱਲਦਿਆਂ ਇਹ ਮਾਮਲਾ ਅਨੁਸ਼ਾਸਨੀ ਕਮੇਟੀ ਨੂੰ ਸੌਂਪਿਆ ਗਿਆ। ਇਸ ਦੇ ਆਧਾਰ ’ਤੇ ਹੀ ਸ੍ਰੀਮਤੀ ਪ੍ਰਨੀਤ ਕੌਰ ਨੂੰ ਮੁਅੱਤਲ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ ਗਿਆ ਹੈ।
ਇਹ ਵੀ ਵਰਨਣਯੋਗ ਹੈ ਕਿ ਸ੍ਰੀ ਰਾਹੁਲ ਗਾਂਧੀ ਦੀ ਪੰਜਾਬ ਅੰਦਰ ਆਈ ਭਾਰਤ ਜੋੜੋ ਯਾਤਰਾ ਵਿੱਚ ਵੀ ਸ੍ਰੀਮਤੀ ਪ੍ਰਨੀਤ ਕੌਰ ਨੇ ਸ਼ਿਰਕਤ ਨਹੀਂ ਕੀਤੀ ਸੀ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਪਾਰਟੀ ਛੱਡ ਗਏ ਸਨ ਅਤੇ ਉਨ੍ਹਾਂ ਨੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਬਣਾ ਲਈ ਸੀ ਜਿਸਨੇ ਭਾਜਪਾ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ 2022 ਲੜੀਆਂ ਸਨ ਪਰ ਸਫ਼ਲਤਾ ਹੱਥ ਨਹੀਂ ਸੀ ਲੱਗੀ।
ਇਸ ਮਗਰੋਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰ ਤੇ ਸਾਥੀ ਤਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਪਰ ਸ੍ਰੀਮਤੀ ਪ੍ਰਨੀਤ ਕੌਰ ਕਾਂਗਰਸ ਵਿੱਚ ਰਹਿੰਦੇ ਹੋਏ ਵੀ ਪਹਿਲਾਂ ਪੰਜਾਬ ਲੋਕ ਕਾਂਗਰਸ ਅਤੇ ਫ਼ਿਰ ਭਾਜਪਾ ਦਾ ਦਮ ਭਰਦੇ ਨਜ਼ਰ ਆ ਰਹੇ ਸਨ ਅਤੇ ਇਸੇ ਆਧਾਰ ’ਤੇ ਸ੍ਰੀ ਰਾਜਾ ਵੜਿੰਗ ਨੇ ਕਾਂਗਰਸ ਹਾਈਕਮਾਨ ਨੂੰ ਸ਼ਿਕਾਇਤ ਪੱਤਰ ਵਿੱਚ ਕਾਰਵਾਈ ਦੀ ਮੰਗ ਕੀਤੀ ਸੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ