42.8 C
Delhi
Sunday, May 19, 2024
spot_img
spot_img

ਭਾਜਪਾ ਪੰਜਾਬ ’ਚ ਕਿਸੇ ਸਿੱਖ ਨੂੰ ਪ੍ਰਧਾਨ ਬਣਾਵੇ, ਸਿੱਖ ਸ਼ਖਸੀਅਤਾਂ ਵਿਰੁੱਧ ਟਿੱਪਣੀਆਂ ਰੋਕੇ: ਚਿੱਠੀ ਲਿਖ਼ ਨੱਡਾ ਨੂੰ ਪਾਈ ਸਰਚਾਂਦ ਸਿੰਘ ਨੇ

ਯੈੱਸ ਪੰਜਾਬ
ਅੰਮ੍ਰਿਤਸਰ, 21 ਜੁਲਾਈ, 2022:
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੂੰ ਪੰਜਾਬ ਭਾਜਪਾ ਦੇ ਕੁਝ ਆਗੂਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਪੰਥ ਵਿੱਚ ਪ੍ਰਵਾਨਿਤ ਸਿੱਖ ਸ਼ਖ਼ਸੀਅਤਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਤੋਂ ਰੋਕਣ ਦੀ ਅਪੀਲ ਕਰਦਿਆਂ ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਭਾਜਪਾ ਨੂੰ ਪੰਜਾਬ ਵਿੱਚ ਮਜ਼ਬੂਤ ਕਰਨ ਲਈ ਸਿੱਖ ਪੰਥ ਅਤੇ ਪੰਜਾਬੀਆਂ ਦੀ ਨਬਜ਼ ਨੂੰ ਪਛਾਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ।

ਭਾਜਪਾ ਪ੍ਰਧਾਨ ਨੂੰ ਲਿਖੇ ਗਏ ਪੰਜ ਸਫ਼ਿਆਂ ਦੇ ਇਕ ਪੱਤਰ ਵਿਚ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਪੰਜਾਬ ਇਕ ਸਰਹੱਦੀ ਅਤੇ ਸਿੱਖ ਬਹੁਗਿਣਤੀ ਵਾਲਾ ਖ਼ਿੱਤਾ ਹੈ। ਜਿੱਥੇ ਧਾਰਮਿਕ ਭਾਵਨਾਵਾਂ ਨੂੰ ਵਿਸ਼ੇਸ਼ ਸਥਾਨ ਹਾਸਲ ਹੈ।

ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਭਾਜਪਾ ਨਾਲ ਸਾਂਝ ਪਾ ਕੇ ਕੀਤੇ ਗਏ ਰਾਜ ਦੌਰਾਨ ਪੰਜਾਬ ਦਾ ਮਿਸਾਲੀ ਵਿਕਾਸ ਕਰਾਉਣ ਦੇ ਬਾਵਜੂਦ ਪੰਜਾਬ ਦੇ ਮੁੱਦਿਆਂ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਅੱਜ ਸਿੱਖ ਭਾਈਚਾਰੇ ਵੱਲੋਂ ਸਿਆਸੀ ਹਾਸ਼ੀਏ ਤੋਂ ਵੀ ਉਨ੍ਹਾਂ ਨੂੰ ਬਾਹਰ ਕੀਤੇ ਜਾਣ ਤੋਂ ਪੰਜਾਬ ਦੇ ਲੋਕਾਂ ਦੀ ਧਾਰਮਿਕ ਮਾਮਲਿਆਂ ਪ੍ਰਤੀ ਜ਼ੀਰੋ ਟਾਲਰੈਂਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਅਜਿਹਾ ਹੀ ਏਜੰਡਾ ਭਾਜਪਾ ਦਾ ਵੀ ਹੈ। ਜਿਸ ਨੇ ਇਸਲਾਮ ਦੇ ਪੈਗ਼ੰਬਰ ਬਾਰੇ ਵਿਵਾਦਪੂਰਨ ਟਿੱਪਣੀ ਕਰਨ ’ਤੇ ਪਾਰਟੀ ਬੁਲਾਰਾ ਨੂਪੁਰ ਸ਼ਰਮਾ ਨੂੰ ਤੁਰੰਤ ਬਰਖਾਸਤ ਕਰਦਿਆਂ ਇਹ ਸਪੱਸ਼ਟ ਕੀਤਾ ਕਿਸੇ ਵੀ ਧਰਮ ਜਾਂ ਧਾਰਮਿਕ ਸ਼ਖਸੀਅਤ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਨਹੀਂ ਕਰਾਂਗੇ ਤਾਂ ਨੂਪੁਰ ਸ਼ਰਮਾ ਵਰਗਾ ਵਰਤਾਰਾ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੇ 8 ਸਾਲਾਂ ਦੇ ਕਾਰਜਕਾਲ ਦੌਰਾਨ, ਕਰਤਾਰਪੁਰ ਲਾਂਘਾ, ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ, ਵੀਰ ਬਾਲ ਦਿਵਸ, ਸ਼ਤਾਬਦੀ ਗੁਰਪੁਰਬ ਅਤੇ ਕੁਝ ਸਿੱਖ ਕੈਦੀਆਂ ਨੂੰ ਰਿਲੀਜ਼ ਕਰਨ ਵਰਗੇ ਸਿੱਖ ਕੌਮ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ, ਜਿਸ ਨੇ ਸਿੱਖਾਂ ’ਚ ਸ਼੍ਰੀ ਮੋਦੀ ਅਤੇ ਭਾਜਪਾ ਪ੍ਰਤੀ ਵਿਸ਼ਵਾਸ ਪੈਦਾ ਕੀਤਾ ਹੈ।

ਭਾਜਪਾ ਨੇਤਾ ਨੇ ਕਿਹਾ ਕਿ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਪਿਛਲੀਆਂ ਸਰਕਾਰਾਂ ਵਿੱਚ ਦੇਖੀਆਂ ਗਈਆਂ ਸਦੀਵੀ ਸਮੱਸਿਆਵਾਂ ਨਾਲ ਨਜਿੱਠਣ ਦੀ ਇੱਛਾ ਸ਼ਕਤੀ ਦੀ ਕਮੀ ਦੇ ਵਿਪਰੀਤ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ, ਕਸ਼ਮੀਰ ਵਿੱਚੋਂ ਧਾਰਾ 370 ਨੂੰ ਖ਼ਤਮ ਕਰਨ, ਤਿੰਨ ਤਲਾਕ, ਨਾਗਰਿਕਤਾ ਸੋਧ ਕਾਨੂੰਨ ਅਤੇ ਸਰਹੱਦ ਪਾਰ ਅੱਤਵਾਦੀ ਕੈਂਪਾਂ ‘ਤੇ ਸਰਜੀਕਲ ਸਟ੍ਰਾਈਕ ਕਰਕੇ ਅੱਤਵਾਦ ਪ੍ਰਤੀ ਜ਼ੀਰੋ-ਟਾਲਰੈਂਸ ਦੀ ਪਹੁੰਚ ਅਪਣਾ ਕੇ ਦ੍ਰਿੜ੍ਹਤਾ ਅਤੇ ਕਾਬਲੀਅਤ ਦਾ ਸਬੂਤ ਦਿੱਤਾ। ਇਸੇ ਤਰਜ਼ ’ਤੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਪੰਜਾਬ ਅਤੇ ਸਿੱਖ ਪੰਥ ਦੇ ਲੰਬਿਤ ਮਸਲਿਆਂ ਨੂੰ ਹੱਲ ਕਰ ਲਿਆ ਜਾਵੇ ਤਾਂ ਪੰਜਾਬੀਆਂ ਦੇ ਦਿਲਾਂ ਤੋਂ ਕਾਂਗਰਸ ਵੱਲੋਂ ਪੈਦਾ ਕੀਤੀ ਗਈ ਬੇਗਾਨਗੀ ਦੀ ਭਾਵਨਾ ਨੂੰ ਦੂਰ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਭਾਰਤ ਅੱਜ ਇਤਿਹਾਸ ਦੇ ਇੱਕ ਮਹੱਤਵਪੂਰਨ ਦੌਰ ਵਿੱਚੋਂ ਲੰਘ ਰਿਹਾ ਹੈ। ਸਾਡੀ ਲੀਡਰਸ਼ਿਪ ਦੀ ਦੂਰਅੰਦੇਸ਼ੀ ਅਤੇ ਆਸ਼ਾਵਾਦੀ ਦ੍ਰਿਸ਼ਟੀਕੋਣ ਨੇ ਦੁਨੀਆ ਨੂੰ ਭਾਰਤ ਨੂੰ ਇੱਕ ਨਵੇਂ ਤਰੀਕੇ ਨਾਲ ਦੇਖਣ ਲਈ ਪ੍ਰੇਰਿਤ ਕੀਤਾ ਹੈ। ਪਰ ਅਫ਼ਸੋਸ ਕਿ ਦੇਸ਼ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਦੇ ਬਾਵਜੂਦ ਪੰਜਾਬ ਡੂੰਘੀ ਨਿਰਾਸ਼ਾ ਅਤੇ ਅਸੰਤੋਸ਼ ਦੀ ਲਪੇਟ ਵਿੱਚ ਹੈ। ਨਸ਼ਾਖੋਰੀ ਅਤੇ ਵਿਗੜਦੀ ਅਮਨ-ਕਾਨੂੰਨ ਦੀ ਸਥਿਤੀ ਨੇ ਰਾਜ ਸਰਕਾਰ ਦੀ ਪ੍ਰਸ਼ਾਸਨ ਨੂੰ ਕੁਸ਼ਲਤਾ ਨਾਲ ਚਲਾਉਣ ਦੀ ਯੋਗਤਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਅਜਿਹੀ ਸਥਿਤੀ ’ਚ ਪੰਜਾਬੀਆਂ ਦੀਆਂ ਨਜ਼ਰਾਂ ਭਾਜਪਾ ‘ਤੇ ਟਿਕੀਆਂ ਹੋਈਆਂ ਹਨ। ਭਾਜਪਾ ਨੂੰ ਸਿਆਸੀ ਬਦਲ ਵਜੋਂ ਦੇਖਿਆ ਜਾ ਰਿਹਾ ਹੈ। ਅੱਜ ਪੰਜਾਬ ਵਿੱਚ ਭਾਜਪਾ ਲਈ ਸੁਨਹਿਰੀ ਮੌਕਾ ਹੈ, ਜੇਕਰ ਭਾਜਪਾ ਪੰਜਾਬ, ਪੰਜਾਬੀਆਂ ਅਤੇ ਸਿੱਖਾਂ ਦੀ ਨਬਜ਼ ਪਛਾਣ ਲਵੇ ਅਤੇ ਪੰਜਾਬ ਲਈ ਵਿਲੱਖਣ ਪਹੁੰਚ ਅਪਣਾ ਲਿਆ ਜਾਵੇ ਤਾਂ ਪੰਜਾਬ ਵਿੱਚ ਕਮਲ ਨੂੰ ਖਿੜਨ ਤੋਂ ਕੋਈ ਤਾਕਤ ਨਹੀਂ ਰੋਕ ਸਕਦੀ।

ਭਾਜਪਾ ਨੇਤਾ ਨੇ ਕਿਹਾ ਕਿ ਭਾਜਪਾ ਕੇਂਦਰ ਵਿੱਚ ਹੈਟ੍ਰਿਕ ਲਗਾਉਣ ਲਈ ਪੂਰੀ ਤਿਆਰੀ ਕਰ ਰਹੀ ਹੈ। ਦੇਸ਼ ਦੀਆਂ 545 ਲੋਕ ਸਭਾ ਸੀਟਾਂ ਦੇ ਮੁਕਾਬਲੇ ਪੰਜਾਬ ਦੀਆਂ 13 ਸੀਟਾਂ ਬੇਸ਼ੱਕ ਗਿਣਤੀ ਦੇ ਲਿਹਾਜ਼ ਨਾਲ ਨਿਗੂਣੀਆਂ ਹਨ, ਪਰ ਇਸ ਸਰਹੱਦੀ ਖ਼ਿੱਤੇ ਵਿੱਚ ਸਿੱਖ ਬਹੁ-ਗਿਣਤੀ ਦੀ ਆਬਾਦੀ ਅਤੇ ਇਸ ਦੇ ਇਤਿਹਾਸਕ ਪ੍ਰਭਾਵ ਕਾਰਨ, ਇਸ ਵੱਲੋਂ ਦੇਸ਼ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਪ੍ਰਤੀ ਪੰਜਾਬ ਦੀ ਅਹਿਮੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਸੱਚ ਹੈ ਕਿ ਪੰਜਾਬ ਦੀ ਸਥਿਤੀ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਵੱਖਰੀ ਹੈ ਜਿੱਥੇ ਭਾਜਪਾ ਸੱਤਾ ਵਿੱਚ ਹੈ।

ਪ੍ਰੋ: ਸਰਚਾਂਦ ਸਿੰਘ ਨੇ ਆਖ਼ਿਆ ਕਿ ਪੰਜਾਬ ’ਚ ਭਾਜਪਾ ਅਤੇ ਅਕਾਲੀ ਦਲ ਗੱਠਜੋੜ ਨੂੰ ਹਿੰਦੂ ਸਿੱਖ ਭਾਈਚਾਰਕ ਮਜ਼ਬੂਤੀ ਦੇ ਪੱਖ ਤੋਂ ਦੇਖਿਆ ਜਾਂਦਾ ਰਿਹਾ। ਅੱਜ ਭਾਜਪਾ ਤੇ ਅਕਾਲੀ ਦਲ ਨੇ ਆਪਸੀ ਨਾਤਾ ਤੋੜ ਲਿਆ ਹੈ। ਅਜਿਹੇ ਵਿੱਚ ਇੱਥੇ ਭਾਜਪਾ ਨੂੰ ਮਜ਼ਬੂਤੀ ਦੇਣ ਲਈ ਵੱਧ ਤੋਂ ਵੱਧ ਸਿੱਖਾਂ ਦਾ ਵਿਸ਼ਵਾਸ ਜਿੱਤਿਆ ਜਾਣਾ ਚਾਹੀਦਾ ਹੈ। ਇਤਿਹਾਸ ਗਵਾਹ ਹੈ ਕਿ ਸਮੁੱਚੇ ਹਿੰਦੂ ਭਾਈਚਾਰੇ ਨੇ ਹਮੇਸ਼ਾ ਹੀ ਸਿੱਖ ਭਾਵਨਾਵਾਂ ਦੀ ਕਦਰ ਕੀਤੀ ਹੈ। ਦੇਸ਼ ਦੇ ਬਾਕੀ ਸੂਬਿਆਂ ਵਿੱਚ ਭਾਜਪਾ ਦੀ ਕਮਾਨ ਹਿੰਦੂ ਆਗੂਆਂ ਕੋਲ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਹੀ ਅਜਿਹਾ ਇਲਾਕਾ ਹੈ ਜਿੱਥੇ ਸਿੱਖ ਬਹੁਗਿਣਤੀ ਵਿੱਚ ਹਨ। ਬੇਸ਼ੱਕ ਸਿੱਖਾਂ ਨੂੰ ਸਰਕਾਰ ਵਿੱਚ ਯੋਗ ਨੁਮਾਇੰਦਗੀ ਹਾਸਲ ਹੈ । ਫਿਰ ਵੀ ਜੇਕਰ ਪੰਜਾਬ ਭਾਜਪਾ ਦੀ ਅਗਵਾਈ ਪੰਜਾਬ ਨਾਲ ਸਰੋਕਾਰ ਰੱਖਣ ਵਾਲੇ ਕਿਸੇ ਸੂਝਵਾਨ ਅਤੇ ਪਾਰਟੀ ਪ੍ਰਤੀ ਵਫ਼ਾਦਾਰ ਸਿੱਖ ਵਿਅਕਤੀ ਨੂੰ ਸੌਂਪ ਦਿੱਤੀ ਜਾਵੇ ਤਾਂ ਸਿੱਖਾਂ ਨੂੰ ਇਹ ਅਹਿਸਾਸ ਕਰਵਾਇਆ ਜਾ ਸਕੇਗਾ ਕਿ ਕੇਂਦਰ ਸਰਕਾਰ ਅਤੇ ਭਾਜਪਾ ਸਿੱਖਾਂ ਦੇ ਹਿੱਤਾਂ ਅਤੇ ਇੱਛਾਵਾਂ ਦੀ ਪੂਰਤੀ ਲਈ ਵਚਨਬੱਧ ਹਨ।

ਪ੍ਰੋ: ਸਰਚਾਂਦ ਸਿੰਘ ਨੇ ਆਖ਼ਿਆ ਕਿ ਉਨ੍ਹਾਂ ਕਿਹਾ ਕਿ ਪੰਜਾਬੀ ਬੇਸ਼ੱਕ ਭਾਵੁਕ ਹਨ ਪਰ ਕਾਬਲ, ਸਮਰਪਿਤ, ਮਿਹਨਤੀ ਅਤੇ ਹਮੇਸ਼ਾ ਨਵੀਆਂ ਸੰਭਾਵਨਾਵਾਂ ਨਾਲ ਭਰਪੂਰ ਹਨ। ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਜਾਨਾਂ ਵਾਰਨ ਵਾਲੇ ਪੰਜਾਬੀਆਂ ਅਤੇ ਸਿੱਖਾਂ ਦੀ ਦੇਸ਼ ਭਗਤੀ ਦੇ ਮੱਦੇਨਜ਼ਰ ਜਿਸ ਪਲ ਭਾਜਪਾ ਅਤੇ ਕੇਂਦਰ ਪੂਰੀ ਤਾਕਤ ਨਾਲ ਪੰਜਾਬ ਅਤੇ ਸਿੱਖਾਂ ਦੀ ਬਾਂਹ ਫੜਨਗੇ, ਯਕੀਨਨ ਪੰਜਾਬ ਵਿਚ ਕਮਲ ਨੂੰ ਖਿੜਨ ਤੋਂ ਕੋਈ ਨਹੀਂ ਰੋਕ ਸਕੇਗਾ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION