ਨਵੀਂ ਦਿੱਲੀ, 13 ਜਨਵਰੀ, 2020 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪੱਟੀ ਦੇ ਵਿਧਾਇਕ ਸ੍ਰ ਹਰਮਿੰਦਰ ਸਿੰਘ ਗਿੱਲ ਨੂੰ ਸ੍ਰੀ ਦਰਬਾਰ ਸਾਹਿਬ ਬਾਰੇ ਬੋਲੇ ਕੁਬੋਲਾਂ ਲਈ ਖੁਦ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਮੁਆਫੀ ਮੰਗਣੀ ਚਾਹੀਦੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਜੋ ਅਲਫਾਜ਼ ਸ੍ਰ ਗਿੱਲ ਨੇ ਸ੍ਰੀ ਦਰਬਾਰ ਸਾਹਿਬ ਬਾਰੇ ਬੋਲੇ ਹਨ, ਉਸ ਨਾਲ ਸਮੁੱਚੀ ਦੁਨੀਆਂ ਵਿਚ ਬੈਠੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਹਨਾਂ ਕਿਹਾ ਕਿ ਇਕ ਰਾਜਨੇਤਾ, ਉਹ ਵੀ ਜਦੋਂ ਅੰਮ੍ਰਿਤਸਰ ਸਿੱਖ ਹੋਵੇ, ਉਹ ਜਦੋਂ ਇਹ ਗੱਲ ਕਹੇ ਕਿ ਸ੍ਰੀ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਦਾ ਮੂੰਹ ਮੋੜ ਕੇ ਬਿਆਸ ਦੀਆਂ ਮੱਛੀਆਂ ਵੱਲ ਕੀਤਾ ਜਾਵੇਗਾ, ਤਾਂ ਇਸ ਤੋਂ ਵੱਧ ਨਿੰਦਣਯੋਗ ਗੱਲ ਕੋਈ ਨਹੀਂ ਹੋ ਸਕਦੀ।
ਸ੍ਰੀ ਸਿਰਸਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਮੁੱਚੀ ਦੁਨੀਆਂ ਦੀ ਲੋਕਾਈ ਲਈ ਆਸਥਾ ਦਾ ਕੇਂਦਰ ਹੈ ਜਿਸ ਵਿਚ ਹਰ ਧਰਮ ਦੇ ਲੋਕਾਂ ਦਾ ਵਿਸ਼ਵਾਸ ਹੈ । ਉਹਨਾਂ ਕਿਹਾ ਕਿ ਵਿਧਾਇਕ ਗਿੱਲ ਦੇ ਬੋਲਾਂ ਨੇ ਸਾਰੀ ਦੁਨੀਆਂ ਦੇ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ। ਉਹਨਾਂ ਕਿਹਾ ਕਿ ਹੁਣ ਸ੍ਰ ਗਿੱਲ ਨੂੰ ਖੁਦ ਹੀ ਆਪਣੇ ਗੱਲ ਵਿਚ ਤਖਤੀ ਪਾ ਕੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਭੁੱਲ ਬਖਸ਼ਾ ਲੈਣੀ ਚਾਹੀਦੀ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸਿੱਖਾਂ ਦਾ ਤਾਂ ਫਰਜ਼ ਬਣਦਾ ਹੈ ਕਿ ਉਹ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ‘ਤੇ ਚਲਦਿਆਂ ਸਮੁੱਚੀ ਮਾਨਵਤਾ ਦੀ ਸੇਵਾ ਕਰਨ ਤੇ ਹਰ ਧਰਮ ਦੇ ਅਸਥਾਨ ਦਾ ਸਨਮਾਨ ਕਰਨ, ਪਰ ਜਦੋਂ ਸਿੱਖ ਹੀ ਆਪਣੇ ਸਰਵਉਚ ਧਾਰਮਿਕ ਅਸਥਾਨਾਂ ਬਾਰੇ ਕੁਬੋਲ ਬੋਲਣ ਲੱਗ ਪੈਣ ਤਾਂ ਉਹ ਬੇਹੱਦ ਸ਼ਰਮਨਾਕ ਵਰਤਾਰਾ ਹੋ ਜਾਂਦਾ ਹੈ।
ਉਹਨਾਂ ਕਿਹਾ ਕਿ ਸ੍ਰ ਗਿੱਲ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੁਨੀਆਂ ਦਾ ਇਕੋ ਇਕ ਅਸਥਾਨ ਹੈ ਜਿਥੇ ਸਭ ਤੋਂ ਵੱਧ ਲੋਕ ਨਤਮਸਤਕ ਹੁੰਦੇ ਹਨ ਤੇ ਆਪਣੇ ਅਰਦਾਸ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਕਰਦੇ ਹਨ ਤੇ ਗੁਰੂ ਰਾਮਦਾਸ ਜੀ ਸੰਗਤ ‘ਤੇ ਰਹਿਮਤ ਕਰਦੇ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਬਾਰੇ ਬੋਲਣਾ ਬਜੱਰ ਗੁਨਾਹ ਹੈ ਜਿਸਦੀ ਭੁੱਲ ਤੁਰੰਤ ਬਖ਼ਸ਼ਾਉਣੀ ਚਾਹੀਦੀ ਹੈ।