ਯੈੱਸ ਪੰਜਾਬ
ਚੰਡੀਗੜ੍ਹ, 30 ਅਪ੍ਰੈਲ, 2022:
ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਦੁਆਰਾ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਨਿਯੁਕਤ ਕੀਤੇ ਜਾਣ ਤੋਂ ਬਾਅਦ ਵਿਜੈ ਸਾਂਪਲਾ 2 ਮਈ ਨੂੰ ਕਮਿਸ਼ਨ ਦੇ ਰਾਸ਼ਟਰੀ ਮੁੱਖ ਦਫਤਰ ਵਿਖੇ ਆਪਣਾ ਅਹੁਦਾ ਸੰਭਾਲਣਗੇ।
ਸਾਂਪਲਾ, ਜੋ ਕਿ ਦੂਜੀ ਵਾਰ ਨੈਸ਼ਨਲ ਐਸ.ਸੀ.ਕਮਿਸ਼ਨ ਦੇ ਚੇਅਰਮੈਨ ਵਜੋਂ ਨਿਯੁਕਤ ਹੋਏ ਹਨ, ਉਹ ਪੰਜਾਬ ਦਾ ਵੱਡਾ ਦਲਿਤ ਚਿਹਰਾ ਹਨ, ਜੋ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ, ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ, ਪੰਜਾਬ ਖਾਦੀ ਬੋਰਡ ਦੇ ਚੇਅਰਮੈਨ, ਪੰਜਾਬ ਦੇ ਚੇਅਰਮੈਨ ਰਹਿ ਚੁੱਕੇ ਹਨ। ਉਨ੍ਹਾਂ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ 1998 ‘ਚ ਜਲੰਧਰ ਛਾਉਣੀ ਵਿੱਚ ਸਥਿਤ ਪਿੰਡ ਸੋਫੀ ਪਿੰਡ ਦੇ ਸਰਪੰਚ ਵਜੋਂ ਕੀਤੀ ਸੀ।
ਭਾਜਪਾ ਸੰਗਠਨ ਵਿੱਚ ਵੀ ਮੰਡਲ ਦੇ ਜਨਰਲ ਸਕੱਤਰ ਵਜੋਂ ਜ਼ਮੀਨੀ ਪੱਧਰ ਤੋਂ ਸਫ਼ਰ ਸ਼ੁਰੂ ਕਰਨ ਵਾਲੇ ਸਾਂਪਲਾ ਪੰਜਾਬ ਭਾਜਪਾ ਦੇ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਪ੍ਰਧਾਨ ਦੇ ਨਾਲ-ਨਾਲ ਜਨਰਲ ਸਕੱਤਰ, ਸੂਬਾ ਭਾਜਪਾ ਦੇ ਮੀਤ ਪ੍ਰਧਾਨ ਅਤੇ ਅਖੀਰ ‘ਚ 2016 ‘ਚ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਰਹੇ।
ਸਾਂਪਲਾ ਨੇ ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਵਜੋਂ ਆਪਣੀ ਪਹਿਲੀ ਪਾਰੀ ਵਿੱਚ ਦਿਨ-ਰਾਤ ਮਿਹਨਤ ਕੀਤੀ। ਨਾ ਸਿਰਫ਼ ਹਫ਼ਤੇ ‘ਚ ਪੰਜ ਕੰਮਕਾਜੀ ਦਿਨ ਦਫ਼ਤਰ ‘ਚ ਮੌਜੂਦ ਰਹੇ, ਸਗੋਂ ਹਫ਼ਤੇ ਵਿੱਚ ਚਾਰ ਦਿਨ 10 ਵਜੇ ਅਦਾਲਤ ਸ਼ੁਰੂ ਕੀਤੀ ਅਤੇ ਸਦੇਰ ਸ਼ਾਮ ਤੱਕ ਦਲਿਤਾਂ ਦੇ ਕੇਸਾਂ ਦੀ ਸੁਣਵਾਈ ਕਰਦੇ ਸਨ।
ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮਾਧਿਅਮ ਨਾਲ ਵੱਧ ਤੋਂ ਵੱਧ ਲੋਕਾਂ ਖਾਸਕਰ ਗਰੀਬਾਂ, ਪਛੜੇ ਲੋਕਾਂ ਨੂੰ ਆਸਾਨ ਤਰੀਕੇ ਨਾਲ ਨਿਆਂ ਮਿਲ ਸਕੇ, ਇਸਦੇ ਲਈ ਅਨੁਸੂਚਿਤ ਜਾਤੀ ਕਮਿਸ਼ਨ ਦੇ ਪੋਰਟਲ ‘ਤੇ ਆਨਲਾਈਨ ਵੌਇਸ ਰਿਕਾਰਡਿੰਗ ਦੁਆਰਾ ਸ਼ਿਕਾਇਤਾਂ ਦਾਇਰ ਕਰਨ ਦੀ ਵਿਵਸਥਾ ਕੀਤੀ ਗਈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ