ਯੈੱਸ ਪੰਜਾਬ
ਜਲੰਧਰ, 7 ਫਰਵਰੀ, 2022 –
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਅੱਜ ਦੇਸ਼ ਭਗਤ ਯਾਦਗਾਰ ਹਾਲ ਅੰਦਰ ਸੰਗੀਤ ਅਤੇ ਕਲਾ ਜਗਤ ਦੀ ਵਿਸ਼ਵ ਪ੍ਰਸਿੱਧ, ਸੁਰਾਂ ਦੀ ਮਲਕਾ ਲਤਾ ਮੰਗੇਸ਼ਕਰ ਦੇ ਵਿਛੋੜੇ ’ਤੇ ਸ਼ੋਕ ਸਭਾ ਕੀਤੀ ਗਈ। ਲਾ ਮੰਗੇਸ਼ਕਰ ਦੀ ਯਾਦ ’ਚ ਖੜ੍ਹੇ ਹੋ ਕੇ ਉਹਨਾਂ ਦੀ ਕਲਾ ਜਗਤ ਨੂੰ ਅਮਿਟ ਦੇਣ ਨੂੰ ਨਤਮਸਤਕ ਹੋਇਆ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਖਜ਼ਾਨਚੀ ਰਣਜੀਤ ਸਿੰਘ ਔਲਖ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਅਤੇ ਇਤਿਹਾਸ ਕਮੇਟੀ ਦੇ ਕਨਵੀਨਰ ਚਰੰਜੀ ਲਾਲ ਕੰਗਣੀਵਾਲ ਨੇ ਇਸ ਮੌਕੇ ਲਤਾ ਮੰਗੇਸ਼ਕਰ ਦੀ ਸੁਰ-ਸੰਗੀਤ ਦੀ ਦੁਨੀਆਂ ਤੱਕ ਪਹੁੰਚਣ ਦੇ ਸਫ਼ਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਘੋਰ ਗਰੀਬੀ ਵਿੱਚੋਂ ਉਠਕੇ, ਸਖ਼ਤ ਰਿਆਜ਼ ਕਰਦਿਆਂ ਇਸ ਮੁਕਾਮ ਤੱਕ ਪਹੁੰਚਣ ਵਾਲੀਆਂ ਪੈੜਾਂ ਤੋਂ ਲੋਕ ਸੰਗੀਤ ਪ੍ਰੇਮੀਆਂ ਨੂੰ ਬਹੁਤ ਕੁੱਝ ਸਿੱਖਣ ਦੀ ਲੋੜ ਹੈ।
ਉਹਨਾਂ ਕਿਹਾ ਕਿ ਸਾਂਝੇ ਮੁਲਕ ਦੀ ਜੰਮਪਲ ਲਤਾ ਮੰਗੇਸ਼ਕਰ ਅਤੇ ਮਲਕਾ-ਏ-ਤਰੱਨਮ ਨੂਰਜਹਾਂ ਵਰਗੀਆਂ ਦੇ ਮੇਲ ਮਿਲਾਪ ਉਪਰ ਵੀ ਰੋਕਾਂ ਮੜ੍ਹਨ ਵਰਗੀਆਂ ਉਸਰੀਆਂ ਹੱਦਾਂ ਸਰਹੱਦਾਂ ਤੋਂ ਪਾਰ ਜਾ ਕੇ ਅਜੇਹੇ ਨਿਜ਼ਾਮ ਦੀ ਸਿਰਜਣਾ ਦੀ ਲੋੜ ਹੈ, ਜਿਥੇ ਸੰਗੀਤ ਦਾ ਗਲਾ ਘੁੱਟਣ ਵਾਲਾ ਮਾਹੌਲ ਸਿਰਜਣ ਵਾਲੀਆਂ ਤਾਕਤਾਂ ਨੂੰ ਮਾਤ ਦਿੱਤੀ ਜਾ ਸਕੇ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ