ਯੈੱਸ ਪੰਜਾਬ
ਨਵੀਂ ਦਿੱਲੀ, 18 ਮਾਰਚ, 2021 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ ਅੱਜ ਤਿਹਾੜ ਜੇਲ੍ਹ ਵਿਚੋਂ ਦੇਰ ਰਾਤ ਰਿਹਾਅ ਹੋਏ ਨੌਜਵਾਨਾ ਰਣਜੀਤ ਸਿੰਘ ਨੂੰ ਨਾਲ ਲੈ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।
ਇਸ ਮੌਕੇ ਰਣਜੀਤ ਸਿੰਘ ਦੇ ਪਰਿਵਾਰ ਵੱਲੋਂ ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਦਾ ਸਨਮਾਨ ਕੀਤਾ ਗਿਆ। ਸ਼ੋ੍ਰਮਣੀ ਕਮੇਟੀ ਵੱਲੋਂ ਰਣਜੀਤ ਸਿੰਘ ਦੇ ਪਰਿਵਾਰ ਦਾ ਸਨਮਾਨ ਕੀਤਾ ਗਿਆ ਤੇ ਇਸ ਮੌਕੇ ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੁੰ ਵੀ ਸਨਮਾਨਤ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਕਿਹਾ ਕਿ ਪੁਲਿਸ ਵੱਲੋਂ ਰਣਜੀਤ ਸਿੰਘ ਦੇ ਖਿਲਾਫ 307 ਤੋਂ ਲੈ ਕੇ ਹਰ ਸੰਗੀਨ ਧਾਰਾ ਲਗਾਈ ਗਈ ਪਰ ਅਕਾਲ ਪੁਰਖ ਦੀ ਰਹਿਮਤ ਸਦਕਾ ਰਣਜੀਤ ਸਿੰਘ ਸਿਰਫ 45 ਦਿਨਾਂ ਵਿਚ ਜੇਲ੍ਹ ਵਿਚੋਂ ਬਾਹਰ ਆ ਗਿਆ ਹੇ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਆਪ ਕਿਰਪਾ ਕਰ ਕੇ ਉਸਦੀ ਰਿਹਾਈ ਕਰਵਾਈ ਹੈ।
ਉਹਨਾਂ ਕਿਹਾ ਕਿ ਜਿਹੜੇ ਪੁਲਿਸ ਮੁਲਾਜ਼ਮਾਂ ਤੇ ਹੋਰਨਾਂ ਨੇ ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਨੌਜਵਾਨਾਂ ‘ਤੇ ਤਸ਼ੱਦਦ ਢਾਹਿਆ ਹੈ, ਉਹਨਾਂ ਖਿਲਾਫ ਕਾਰਵਾਈ ਯਕੀਨੀ ਬਣਾਵਾਂਗੇ ਤੇ ਉਹਨਾਂ ਨੂੰ ਨੌਕਰੀਆਂ ਤੋਂ ਡਿਸਮਿਸ ਕਰਾਵਾਂਗੇ ਤੇ ਇਹਨਾਂ ਜੇਲ੍ਹਾਂ ਵਿਚ ਹੀ ਭੇਜਾਂਗੇ ਜਿਸ ਵਿਚ ਨੌਜਵਾਨ ਰੱਖਦੇ ਸਨ। ਉਹਨਾਂ ਕਿਹਾ ਕਿ ਅਸੀਂ ਸਾਰੇ ਦੇਸ਼ ਦੇਸ਼ ਨੂੰ ਇਹ ਸੰਦੇਸ਼ ਦਿਆਂਗੇ ਕਿ ਖਾਲਸਾ ਆਪਣੇ ਨਾਲ ਹੋਈ ਗੱਲ ਭੁੱਲਦਾ ਨਹੀਂ ਹੈ।
ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਕਿਸਾਨ ਅੰਦੋਲਨ ਨਾਲ ਸਰਕਾਰ ਹਿਲੀ ਪਈ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਗਵਰਨਰ ਖੁਦ ਸਰਕਾਰ ਨੁੰ ਖਾਲਸੇ ਦੇ ਇਤਿਹਾਸ ਬਾਰੇ ਦੱਸ ਰਹੇ ਹਨ ਤੇ ਉਸਨੂੰ ਸਬਕ ਲੈਣ ਲਈਆਖ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਦੀ ਤਾਕਤ ਅੱਗੇ ਝੁਕਦਿਆਂ ਹੀ ਸਰਕਾਰ ਗੱਲਬਾਤ ਲਈ ਵੀ ਤਿਆਰ ਹੋਈ ਤੇ ਸਰਕਾਰ ਵੱਲੋਂ ਦੋ ਸਾਲ ਲਈ ਕਾਨੂੰਨ ਰੱਦ ਕਰਨ ਲਈ ਮੰਨਣਾ ਵੀ ਬਹੁਤ ਵੱਡੀ ਜਿੱਤ ਹੈ।
ਉਹਨਾਂ ਕਿਹਾ ਕਿ ਅੱਜ ਗੁਰੂ ਦੇ ਤਖਤ ਦੀ ਜਿੱਤ ਹੋਈ ਹੈ ਤੇ ਦਿੱਲੀ ਦੇ ਤਖ਼ਤ ਦੀ ਹਾਰ ਹੋਈ ਹੈ। ਉਹਨਾਂ ਕਿਹਾ ਕਿ ਬੱਬਰ ਸ਼ੇਰਾਂ ਨੇ ਸਰਕਾਰ ਨੂੰ ਪੜ੍ਹਨੇ ਪਾ ਦਿੱਤਾ ਹੈ। ਉਹਨਾਂ ਕਿਹਾ ਕਿ ਸਰਕਾਰ ਜਿੰਨੀਆਂ ਮਰਜ਼ੀ ਕੋਝੀਆਂ ਹਰਕਤਾਂ ਕਰ ਲਵੇ ਪਰ ਕਦੇ ਵੀ ਕਾਮਯਾਬ ਨਹੀਂ ਹੋਵੇਗੀ।
ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ, ਸਰਵਜੀਤ ਸਿੰਘ ਵਿਰਕ, ਗਗਨ ਸਿੰਘ ਛਿਆਸੀ ਤੇ ਸੁਖਮਿੰਦਰ ਸਿੰਘ ਰਾਜਪਾਲ ਵੀ ਹਾਜ਼ਰ ਸਨ।