ਅਕਾਲੀ ਦਲ ਟਕਸਾਲੀ ਵੱਲੋਂ ਪੰਥ ਹਿਤੈਸ਼ੀਆਂ ਦੀ ਮੀਟਿੰਗ 7 ਜੁਲਾਈ ਨੂੰ: ਨਿਧੜਕ ਬਰਾੜ

ਯੈੱਸ ਪੰਜਾਬ
ਮੋਗਾ, 2 ਜੁਲਾਈ, 2020:
ਪਿਛਲੇ ਲੰਬੇ ਸਮੇਂ ਤੋਂ ਅਕਾਲੀ ਸਿਆਸਤ ਵਿਚ ਆਏ ਨਿਘਾਰ ਅਤੇ ਪੰਥਕ ਸਫ਼ਾਂ ਵਿਚ ਉੱਠ ਰਹੇ ਅਨੇਕਾਂ ਤਰ੍ਹਾਂ ਦੇ ਸੁਆਲਾਂ ’ਤੇ ਵਿਚਾਰ ਚਰਚਾਵਾਂ ਕਰਕੇ ਇਨ੍ਹਾਂ ਦੇ ਹੱਲ ਤਲਾਸ਼ਣ ਲਈ ਪੰਥ ਹਿਤੈਸ਼ੀਆਂ ਦੀ ਇਕ ਮੀਟਿੰਗ ਮੰਗਲਵਾਰ, 7 ਜੁਲਾਈ ਨੂੰ ਲੁਧਿਆਣਾ ਵਿਖ਼ੇ ਰੱਖੀ ਗਈ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਟਕਸਾਲੀ ਅਕਾਲੀ ਨੇਤਾ ਅਤੇ ਰਾਜ ਸੂਚਨਾ ਕਮਿਸ਼ਨ ਦੇ ਸਾਬਕਾ ਮੈਂਬਰ ਸ: ਨਿਧੜਕ ਸਿੰਘ ਬਰਾੜ ਨੇ ਦੱਸਿਆ ਕਿ ਮੰਗਲਵਾਰ ਨੂੰ ਇਹ ਮੀਟਿੰਗ ਸਵੇਰੇ 11 ਵਜੇ ਗੁਰਦੁਆਰਾ ਸ਼ਹੀਦਾਂ (1947) ਗੁੱਜਰਖ਼ਾਨ ਕੈਂਪ, ਮਾਡਲ ਟਾਊਨ, ਲੁਧਿਆਣਾ ਵਿਖ਼ੇ ਹੋਵੇਗੀ।

ਸ: ਬਰਾੜ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਪ੍ਰੌੜ ਅਤੇ ਪੰਥ ਨੂੰ ਸਮਰਪਿਤ ਅਕਾਲੀ ਆਗੂ ਸ: ਸੁਖ਼ਦੇਵ ਸਿੰਘ ਢੀਂਡਸਾ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਣਗੇ। ਇਸ ਇਕੱਤਰਤਾ ਦਾ ਮੰਤਵ ਆਪਸ ਵਿਚ ਸਿਰ ਜੋੜਕੇ ਪੰਥਦੀ ਚੜ੍ਹਦੀ ਕਲਾ ਲਈ ਅਗਲੇਰੀ ਯੋਜਨਾਬੰਦੀ ਕਰਨਾ ਹੈ।

ਉਹਨਾਂ ਦੱਸਿਆ ਕਿ ਹਾਲਾਤ ਨੂੰ ਮੁੱਖ ਰੱਖਦਿਆਂ ਇਸ ਇਕੱਤਰਤਾ ਨੂੰ ਚੋਣਵੀਂ ਅਤੇ ਸੰਖ਼ੇਪ ਰੱਖਣ ਦਾ ਯਤਨ ਕੀਤਾ ਗਿਆ ਹੈ ਤਾਂ ਜੋ ਕੋਰੋਨਾ ਵਾਇਰਸਦੇ ਪ੍ਰਭਾਵ ਤੋਂ ਬਚਿਆ ਜਾ ਸਕੇ।

ਇਸ ਇਕੱਤਰਤਾ ਵਿਚ ਸਥੂਲ ਅਤੇ ਠੋਸ ਨਤੀਜੇ ਕੱਢਣ ਦੇ ਯਤਨ ਵੀ ਕੀਤੇ ਜਾਣਗੇ ਜੋ ਭਵਿੱਖ ਵਿਚ ਸਿੱਖ ਪੰਥ ਨੂੰ ਹੋਰ ਚੜ੍ਹਦੀਆਂ ਕਲਾਂ ਵਿਚ ਲਿਜਾਣ ਵਿਚ ਸਹਾਈ ਹੋਣ। ਸ: ਬਰਾੜ ਨੇ ਵੱਖੋ ਵੱਖਰੇ ਰੂਪ ਵਿਚ ਸਮਾਜਿਕ ਦੂਰੀ ਬਣਾ ਕੇ ਆਉਣ ਲਈ ਪੰਥ ਹਿਤੈਸ਼ੀਆਂ ਨੂੰ ਸੱਦਾ ਦਿੱਤਾ ਹੈ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/