ਯੈੱਸ ਪੰਜਾਬ
ਚੰਡੀਗੜ੍ਹ, 22 ਅਪ੍ਰੈਲ, 2020:
ਫ਼ਗਵਾੜਾ ਦੀ ਇਕ 6 ਮਹੀਨਿਆਂ ਦੀ ਬੱਚੀ ਨੂੰ ਅੱਜ ਚੰਡੀਗੜ੍ਹ ਦੇ ਪੀ.ਜੀ.ਆਈ. ਵਿਚ ਹੋਏ ਟੈਸਟ ਤੋਂ ਬਾਅਦ ਕੋਰੋਨਾ ਵਾਇਰਸ ਪਾਜ਼ਿਟਿਵ ਪਾਇਆ ਗਿਆ ਹੈ।
ਪਤਾ ਲੱਗਾ ਹੈ ਕਿ ਇਸ ਤੋਂ ਪਹਿਲਾਂ ਇਸ ਬੱਚੀ ਨੂੰ ਸਿਵਲ ਹਸਪਤਾਲ ਫ਼ਗਵਾੜਾ ਵਿਖ਼ੇ ਦਾਖ਼ਲ ਕਰਵਾਇਆ ਗਿਆ ਜਿੱਥੋਂ ਇਸਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ।
ਇਸ ਬੱਚੀ ਦੇ ਦਿਲ ਦੇ ਇਲਾਜ ਲਈ ਲੁਧਿਆਣਾ ਦੇ ਹਸਪਤਾਲ ਨੇ ਵੀ ਇਸ ਨੂੰ ਪੀ.ਜੀ.ਆਈ. ਚੰਡੀਗੜ੍ਹ ਨੂੂੰ ਰੈਫ਼ਰ ਕਰ ਦਿੱਤਾ ਜਿੱਥੇ ਇਸਨੂੰ 9 ਅਪ੍ਰੈਲ ਨੂੰ ਦਾਖ਼ਲ ਕਰਵਾਇਆ ਗਿਆ।
ਸੂਤਰਾਂ ਅਨੁਸਾਰ ਹੁਣ ਇਸ ਬੱਚੀ ਦੇ ਦਿਲ ਸੰਬੰਧੀ ਬਿਮਾਰੀ ਲਈ ਅਪ੍ਰੇਸ਼ਨ ਕੀਤੇ ਜਾਣ ਤੋਂ ਪਹਿਲਾਂ ਇਸ ਦੀ ਹਾਲਤ ਅਤੇ ਲੱਛਣ ਵਖ਼ਦੇ ਹੋਏ ਇਸਦੇ ਟੈਸਟ ਕੀਤੇ ਗਏ ਤਾਂ ਇਸਨੂੰ ਕੋਰੋਨਾ ਪਾਜ਼ਿਟਿਵ ਪਾਇਆ।
ਜ਼ਿਕਰਯੋਗ ਹੈ ਕਿ ਪਾਜ਼ਿਟਿਵ ਪਾਏ ਜਾਣ ਤਕ ਇਹ ਬੱਚੀ ਬੱਚਿਆਂ ਦੇ ਵਾਰਡ ਵਿਚ ਹੀ ਦਾਖ਼ਲ ਸੀ ਪਰ ਹੁਣ ਇਸਨੂੰ ਸਪੈਸ਼ਲ ਕੋਵਿਡ ਹਸਪਤਾਲ ਦੇ ‘ਆਈਸੋਲੇਸ਼ਨ ਵਾਰਡ’ ਵਿਚ ਸ਼ਿਫਟ ਕੀਤਾ ਗਿਆ ਹੈ।
ਬੱਚੀ ਦੇ ਪਾਜ਼ਿਟਿਵ ਹੋਣ ਬਾਰੇ ਪਤਾ ਲੱਗਣ ਤੋਂ ਬਾਅਦ ਸਥਿਤੀ ਚਿੰਤਾ ਵਾਲੀ ਬਣ ਗਈ ਹੈ ਕਿਉਂਕਿ ਇਹ ਬੱਚੀ ਬੱਚਿਆਂ ਦੇ ਵਾਰਡ ਵਿਚ ਦਾਖ਼ਲ ਸੀ ਜਿੱਥੇ ਹੋਰ ਬੱਚੇ ਵੀ ਸਨ ਅਤੇ ਪਤਾ ਨਾ ਹੋਣ ਕਾਰਨ ਕੋਈ ਵੀ ਇਹਤਿਆਤ ਨਹੀਂ ਵਰਤਿਆ ਜਾ ਰਿਹਾ ਸੀ।
ਇਸ ਤੋਂ ਇਲਾਵਾ ਅਜੇ ਇਹ ਵੀ ਸਪਸ਼ਟ ਨਹੀਂ ਹੈ ਕਿ ਬੱਚੀ ਕੋਰੋਨਾ ਤੋਂ ਪ੍ਰਭਾਵਿਤ ਪੀ.ਜੀ.ਆਈ.ਵਿਚ ਆ ਕੇ ਹੋਈ ਜਾਂ ਫ਼ਿਰ ਪਹਿਲਾਂ ਹੀ ਪ੍ਰਭਾਵਿਤ ਸੀ। ਬੱਚੀ ਦੇ ਪਰਿਵਾਰਕ ਮੈਂਬਰਾਂ, ਹਸਪਤਾਲ ਦੇ ਸਟਾਫ਼ ਅਤੇ ਸੰਪਰਕ ਦੇ ਵੀ ਸੈਂਪਲ ਲਏ ਜਾ ਰਹੇ ਹਨ ਤਾਂ ਜੋ ਇਸ ਮਾਮਲੇ ’ਤੇ ਅੱਗੋਂ ਕੋਈ ਕੋਤਾਹੀ ਨਾ ਹੋਵੇ।
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ