ਫਗਵਾੜਾ, 24 ਅਕਤੂਬਰ, 2019:
ਵਿਧਾਨ ਸਭਾ ਹਲਕਾ 29-ਫਗਵਾੜਾ ਦੀ ਜ਼ਿਮਨੀ ਚੋਣ ਲਈ 21 ਅਕਤੂਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਅੱਜ ਵਧੀਆ ਢੰਗ ਨਾਲ ਨੇਪਰੇ ਚੜਿਆ ਅਤੇ ਗਿਣਤੀ ਤੋ ਬਾਅਦ ਮੌਕੇ ’ਤੇ ਹੀ ਨਤੀਜੇ ਦਾ ਵੀ ਐਲਾਨ ਕਰ ਦਿੱਤਾ ਗਿਆ।
ਜ਼ਿਲਾ ਚੋਣ ਅਫ਼ਸਰ ਸ੍ਰੀ ਡੀ. ਪੀ. ਐਸ ਖਰਬੰਦਾ ਨੇ ਚੋਣ ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਚੋਣ ਵਿਚ ਕਾਂਗਰਸ ਦੇ ਉਮੀਦਵਾਰ ਸ. ਬਲਵਿੰਦਰ ਸਿੰਘ ਧਾਲੀਵਾਲ ਭਾਜਪਾ ਦੇ ਸ੍ਰੀ ਰਾਜੇਸ਼ ਬਾਘਾ ਨੂੰ 26116 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ।
ਉਨਾਂ ਦੱਸਿਆ ਕਿ ਸ. ਬਲਵਿੰਦਰ ਸਿੰਘ ਧਾਲੀਵਾਰ ਨੂੰ ਕੁਲ 49215 ਵੋਟਾਂ ਹਾਸਲ ਹੋਈਆਂ ਜਦਕਿ ਸ੍ਰ੍ਰੀ ਰਾਜੇਸ਼ ਬਾਘਾ ਨੇ 23099 ਵੋਟਾਂ ਪ੍ਰਾਪਤ ਕੀਤੀਆਂ।
ਉਨਾਂ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਦੇ ਸ੍ਰੀ ਭਗਤਾਨ ਦਾਸ 15990 ਵੋਟਾਂ ਹਾਸਲ ਕਰਕੇ ਤੀਸਰੇ ਅਤੇ ਲੋਕ ਇਨਸਾਫ਼ ਪਾਰਟੀ ਦੇ ਸ੍ਰੀ ਜਰਨੈਲ ਨੰਗਲ 9088 ਵੋਟਾਂ ਹਾਸਲ ਕਰਕੇ ਚੌਥੇ ਸਥਾਨ ’ਤੇ ਰਹੇ।
ਉਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸ੍ਰੀ ਸੰਤੋਸ਼ ਕੁਮਾਰ ਗੋਗੀ ਨੂੰ 2910, ਆਜ਼ਾਦ ਉਮੀਦਵਾਰ ਸ੍ਰੀ ਨੀਟੂ ਨੂੰ 706, ਪੀਪਲਜ਼ ਪਾਰਟੀ ਆਫ਼ ਇੰਡੀਆ (ਡੈਮੋਕ੍ਰੇਟਿਕ) ਦੇ ਸ੍ਰ੍ਰੀ ਚਰਨਜੀਤ ਕੁਮਾਰ ਨੂੰ 545, ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੀ ਪਰਮਜੋਤ ਕੌਰ ਗਿੱਲ ਨੂੰ 485 ਅਤੇ ਵਿਸ਼ਾਲ ਪਾਰਟੀ ਆਫ ਇੰਡੀਆ ਦੇ ਸੋਨੂੰ ਕੁਮਾਰ ਨੂੰ 340 ਵੋਟਾਂ ਮਿਲੀਆਂ। ਉਨਾਂ ਦੱਸਿਆ ਕਿ 966 ਵੋਟਾਂ ‘ਨੋਟਾ’ ਨੂੰ ਭੁਗਤੀਆਂ ਜਦਕਿ 12 ਵੋਟਾਂ ਰੱਦ ਹੋਈਆਂ।
ਉਨਾਂ ਦੱਸਿਆ ਕਿ ਕੁੱਲ 185110 ਵੋਟਰਾਂ ਵਿਚੋਂ 102378 ਵੋਟਾਂ ਪੋਲ ਹੋਈਆਂ। ਉਨਾਂ ਦੱਸਿਆ ਕਿ ਸਮੁੱਚੀ ਗਿਣਤੀ ਪ੍ਰਕਿਰਿਆ ਜਨਰਲ ਆਬਜ਼ਰਵਰ ਸ੍ਰੀ ਸੌਰਭ ਭਗਤ ਦੀ ਨਿਗਰਾਨੀ ਹੇਠ ਹੋਈ, ਜਿਸ ਦੌਰਾਨ ਸ੍ਰੀ ਅਜੈ ਵੀ. ਨਾਇਕ ਵਿਸ਼ੇਸ਼ ਆਬਜ਼ਰਵਰ ਵਜੋਂ ਪਹੁੰਚੇ।