ਅੱਜ-ਨਾਮਾ
ਹੋਇਆ ਚੰਗਾ ਨਹੀਂ ਅੱਜ ਮਲੋਟ ਅੰਦਰ,
ਹੁੱਲੜਬਾਜ਼ੀ ਦੀ ਕੀਤੀ ਗਈ ਹੱਦ ਬੇਲੀ।
ਘੇਰਨ ਲਈ ਵਿਧਾਇਕ ਸੀ ਭਾਜਪਾ ਦਾ,
ਤਕੜੀ ਭੀੜ ਲਈ ਕਿਸੇ ਨੇ ਸੱਦ ਬੇਲੀ।
ਕੱਪੜੇ ਪਾੜ ਕੇ ਕੀਤਾ ਗਿਆ ਅੱਧ ਨੰਗਾ,
ਪਿੱਛੋਂ ਦਿੱਤੀ ਗਈ ਕਾਲਖ ਉਲੱਦ ਬੇਲੀ।
ਆਖਣ ਇਹਨੂੰ ਸੰਘਰਸ਼ ਨਾ ਠੀਕ ਲੱਗੇ,
ਘਟਨਾ ਕਰਨ ਜੋਗੀ ਏਹ ਹੈ ਰੱਦ ਬੇਲੀ।
ਕੀਤਾ ਕੰਮ ਹੈ ਜਿਹੜਿਆਂ ਸ਼ੋਹਦਿਆਂ ਨੇ,
ਲਾਇਆ ਉਨ੍ਹਾਂ ਸੰਘਰਸ਼ ਨੂੰ ਦਾਗ ਬੇਲੀ।
ਹੁੱਲੜਬਾਜ਼ੀ ਇਹ ਜਿੱਦਾਂ ਹੈ ਪਈ ਹੁੰਦੀ,
ਖਿੱਚਣੀ ਪਊਗੀ ਕਦੇ ਕੁਝ ਵਾਗ ਬੇਲੀ।
-ਤੀਸ ਮਾਰ ਖਾਂ
ਮਾਰਚ 28, 2021