ਲੁਧਿਆਣਾ, 7 ਅਗਸਤ, 2019:
ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਜ਼ਾਬਤਾ ਫੌਜਦਾਰੀ ਸੰਘਤਾ ਦੀ ਧਾਰਾ 144 ਤਹਿਤ ਪੁਲਿਸ ਕਮਿਸ਼ਨਰੇਟ ਦੇ ਖੇਤਰ ਅੰਦਰ ਪੈਂਦੇ ਸਮੂਹ ਬੀਅਰ ਬਾਰ ਦੇ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਬੀਅਰ ਬਾਰ ਅੰਦਰ ਦਾਖ਼ਲ ਹੋਣ ਵਾਲੇ ਹਰੇਕ ਵਿਅਕਤੀ ਦੇ ਪਹਿਚਾਣ ਪੱਤਰ ਦੀ ਫੋਟੋ ਕਾਪੀ ਆਪਣੇ ਰਿਕਾਰਡ ਵਿੱਚ ਰੱਖੀ ਜਾਵੇ ਅਤੇ ਰਜਿਸਟਰ ਵਿੱਚ ਇੰਦਰਾਜ ਕੀਤਾ ਜਾਵੇ।
ਇਸ ਤੋਂ ਇਲਾਵਾ ਹਰੇਕ ਬੀਅਰ ਬਾਰ ਅੰਦਰ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣ ਅਤੇ ਇਸਦੇ ਨਾਲ-ਨਾਲ ਬੀਅਰ ਬਾਰ ਅੰਦਰ ਕਿਸੇ ਵੀ ਤਰ੍ਹਾਂ ਦਾ ਹੁੱਕਾ ਪਿਲਾਇਆ ਜਾਂ ਸਪਲਾਈ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਬਾਰ ਦਾ ਮਾਲਕ/ਮੈਨੇਜਰ/ਕੇਅਰ ਟੇਕਰ ਇੰਨਾਂ ਦੀ ਉਲੰਘਣਾ ਕਰਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਾਰੀ ਹੁਕਮਾਂ ਵਿੱਚ ਡਾ. ਗਿੱਲ ਨੇ ਕਿਹਾ ਕਿ ਖੇਤਰ ਵਿੱਚ ਖੁੱਲ੍ਹੇ ਕਈ ਬੀਅਰ ਬਾਰਾਂ ਦੇ ਮਾਲਕਾਂ ਵੱਲੋਂ ਦੇਰ ਰਾਤ ਤੱਕ ਆਮ ਲੋਕਾਂ ਨੂੰ ਬੀਅਰ ਆਦਿ ਪਿਲਾਈ ਜਾਂਦੀ ਹੈ। ਜਿੱਥੇ ਨਸ਼ੇ ਦੀ ਹਾਲਤ ਵਿੱਚ ਆਮ ਲੋਕਾਂ ਵੱਲੋਂ ਆਪਸ ਵਿੱਚ ਲੜਾਈ ਝਗੜਾ ਵੀ ਕੀਤਾ ਜਾਂਦਾ ਹੈ।
ਇਸ ਨਾਲ ਆਮ ਜਨਤਾ ਨੂੰ ਜਾਨ ਮਾਲ ਦਾ ਖ਼ਤਰਾ ਬਣ ਜਾਂਦਾ ਹੈ। ਆਮ ਲੋਕਾਂ ਦੀ ਸੁਰੱਖਿਆ ਅਤੇ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਹੀ ਇਹ ਹੁਕਮ ਜਾਰੀ ਕੀਤੇ ਗਏ ਹਨ, ਜੋ ਕਿ ਅਗਲੇ ਦੋ ਮਹੀਨੇ ਲਈ ਲਾਗੂ ਰਹਿਣਗੇ।