32.1 C
Delhi
Monday, May 20, 2024
spot_img
spot_img

ਹਰਸਿਮਰਤ ਬਾਦਲ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਰਾਹਤ ਸਮੱਗਰੀ ਵੰਡੀ, ਕਿਹਾ ਕੇਂਦਰ ਵੱਲੋਂ ਦਿੱਤੇ 474 ਕਰੋੜ ਰੁਪਏ ਕਾਂਗਰਸ ਸਰਕਾਰ ਤੁਰੰਤ ਵੰਡੇ

ਫਿਲੌਰ/ਸੁਲਤਾਨਪੁਰ ਲੋਧੀ, 23 ਅਗਸਤ, 2019:

ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਇਹਨਾਂ ਹਲਕਿਆਂ ਦੇ ਪਿੰਡਾਂ ਵਿਚ ਹੜ੍ਹ-ਪੀੜਤਾਂ ਨੂੰ ਭੋਜਨ ਉਤਪਾਦਾਂ ਅਤੇ ਪੀਣ ਵਾਲੇ ਪਦਾਰਥਾਂ ਦੇ ਰੂਪ ਵਿਚ ਰਾਹਤ ਸਮੱਗਰੀ ਵੰਡੀ। ਇਸ ਦੇ ਨਾਲ ਹੀ ਉਹਨਾਂ ਕਾਂਗਰਸ ਸਰਕਾਰ ਨੂੰ ਕੇਂਦਰ ਸਰਕਾਰ ਕੋਲੋਂ ਆਫ਼ਤ ਪ੍ਰਬੰਧਾਂ ਲਈ ਲਏ 474 ਕਰੋੜ ਰੁਪਏ ਤੁਰੰਤ ਲੋਕਾਂ ਵਿਚ ਵੰਡਣ ਲਈ ਆਖਿਆ।

ਵੱਖ ਵੱਖ ਫੂਡ ਪ੍ਰੋਸੈਸਿੰਗ ਕੰਪਨੀਆਂ ਵਲੋਂ ਭੇਜੀ ਰਾਹਤ ਸਮੱਗਰੀ ਫਿਲੌਰ ਦੇ ਪਿੰਡ ਮੀਓਂਵਾਲ ਅਤੇ ਸੁਲਤਾਨਪੁਰ ਲੋਧੀ ਦੇ ਤਖੀਆ ਅਤੇ ਬਾਰਾ ਜੋਧ ਸਿੰਘ ਪਿੰਡਾਂ ਵਿਚ ਵੰਡਣ ਮਗਰੋਂ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਵਾਹਿਗੁਰੂ ਅੱਗੇ ਤੁਹਾਡੀ ਸਾਰਿਆਂ ਦੀ ਖੈਰ-ਸੁੱਖ ਦੀ ਅਰਦਾਸ ਕਰਦੀ ਹਾਂ। ਹੜ੍ਹਾਂ ਕਰਕੇ ਤੁਹਾਡੇ ਘਰ ਅਤੇ ਸਮਾਨ ਉੱਤੇ ਮੰਡਰਾ ਰਿਹਾ ਖਤਰਾ ਵੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਮੈਂ ਇਹ ਵਾਹਿਗੁਰੂ ਵੱਲੋਂ ਬਖ਼ਸ਼ੀ ਸੇਵਾ ਕਰ ਰਹੀ ਹਾਂ ਅਤੇ ਤੁਹਾਨੂੰ ਇਨਸਾਫ ਦਿਵਾਉਣ ਲਈ ਤੁਹਾਡੇ ਲਈ ਆਵਾਜ਼ ਉਠਾਵਾਂਗੀ।

ਬੀਬਾ ਬਾਦਲ ਨੇ ਕਿਹਾ ਕਿ ਲੋਕਾਂ ਦੀ ਵਿਥਿਆ ਸੁਣ ਕੇ ਮਨ ਭਰ ਆਉਂਦਾ ਹੈ ਕਿ ਉਹਨਾਂ ਉੱਤੇ ਟੁੱਟੀ ਇਹ ਬਿਪਤਾ ਮਨੁੱਖੀ ਗਲਤੀ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਲੋਕਾਂ ਨੇ ਮੈਨੂੰ ਦੱਸਿਆ ਹੈ ਕਿ ਕਾਂਗਰਸ ਸਰਕਾਰ ਨੇ ਪਿਛਲੇ ਢਾਈ ਸਾਲ ਤੋਂ ਨਾ ਤਾਂ ਨਾਲਿਆਂ ਦੀ ਸਫ਼ਾਈ ਕਰਵਾਈ ਹੈ ਅਤੇ ਨਾ ਹੀ ਹੜ੍ਹ-ਰੋਕੂ ਕਾਰਜ ਮੁਕੰਮਲ ਕਰਵਾਏ ਹਨ।

ਜਿਸ ਦਾ ਇਹਨਾਂ ਹੜ੍ਹਾਂ ਵਿਚ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੇ ਮੈਨੂੰ ਦੱਸਿਆ ਹੈ ਕਿ ਕਾਂਗਰਸੀ ਆਗੂਆਂ ਦੁਆਰਾ ਕੀਤੀ ਗੈਰਕਾਨੂੰਨੀ ਮਾਈਨਿੰਗ ਨੇ ਧੁੱਸੀ ਬੰਨ੍ਹ ਅਤੇ ਬਹੁਤ ਸਾਰੀਆਂ ਥਾਂਵਾਂ ਉੱਤੇ ਦਰਿਆ ਦੇ ਕੰਢਿਆਂ ਨੂੰ ਕਮਜ਼ੋਰ ਕਰ ਦਿੱਤਾ ਸੀ।

ਬੀਬਾ ਬਾਦਲ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਪੰਜਾਬ ਸਰਕਾਰ ਇਹ ਕਹਿ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਇਸ ਨੇ ਕੇਂਦਰ ਕੋਲੋਂ ਹੜ੍ਹ ਰਾਹਤ ਪੈਕਜ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਆਫ਼ਤ ਪ੍ਰਬੰਧਾਂ ਲਈ ਪਹਿਲਾਂ ਹੀ ਪੰਜਾਬ ਸਰਕਾਰ ਨੂੰ 474 ਕਰੋੜ ਰੁਪਏ ਦੇ ਚੁੱਕੀ ਹੈ।

ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਫੰਡ ਵਿਚੋਂ ਇਹ ਕਿੰਨਾ ਪੈਸਾ ਖਰਚ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਸਪੱਸ਼ਟ ਹੈ ਕਿ ਇਹ ਪੈਸਾ ਅਜੇ ਵੀ ਲੋਕਾਂ ਲਈ ਜਾਰੀ ਨਹੀਂ ਕੀਤਾ ਗਿਆ ਹੈ। ਜਦੋਂ ਇਹ ਪੈਸਾ ਜਾਰੀ ਹੋ ਗਿਆ ਅਤੇ ਹੋਰ ਫੰਡਾਂ ਦੀ ਲੋੜ ਪਈ ਤਾਂ ਅਕਾਲੀ ਦਲ ਖ਼ੁਦ ਕੇਂਦਰ ਸਰਕਾਰ ਕੋਲ ਜਾ ਕੇ ਫੰਡਾਂ ਦੀ ਮੰਗ ਕਰੇਗਾ।

ਇਹ ਟਿੱਪਣੀ ਕਰਦਿਆਂ ਕਿ ਜ਼ਮੀਨੀ ਪੱਧਰ ਉੱਤੇ ਕੰਮ ਕੀਤੇ ਜਾਣ ਦੀ ਲੋੜ ਹੈ, ਬੀਬਾ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਹੱਥ ਤੇ ਹੱਥ ਧਰੀ ਬੈਠੀ ਹੈ। ਉਹਨਾਂ ਕਿਹਾ ਕਿ ਲੋਕਾਂ ਦੀ ਮੱਦਦ ਲਈ ਸਭ ਤੋਂ ਪਹਿਲਾਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਪੁੱਜੀਆਂ ਸਨ ਅਤੇ ਹੁਣ ਤਕ ਉਹਨਾਂ ਵੱਲੋਂ ਹੜ੍ਹ-ਪੀੜਤਾਂ ਲਈ ਲੰਗਰ ਚਲਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਮੇਰੇ ਅਤੇ ਅਕਾਲੀ ਦਲ ਪ੍ਰਧਾਨ ਦੇ ਦੌਰੇ ਦੀ ਜਾਣਕਾਰੀ ਮਿਲਣ ਮਗਰੋਂ ਮੁੱਖ ਮੰਤਰੀ ਨੇ ਕੱਲ੍ਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ ਕੀਤਾ ਹੈ।

ਇਲਾਕੇ ਦੇ ਸਭ ਤੋਂ ਵੱਧ ਪ੍ਰਭਾਵਿਤ ਪਿੰਡ ਤਖ਼ੀਆ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਉਹਨਾਂ ਵੱਲੋਂ ਕੇਂਦਰੀ ਗ੍ਰਹਿ ਸਕੱਤਰ ਕੋਲ ਪਹੁੰਚ ਕਰਨ ਮਗਰੋਂ ਇਲਾਕੇ ਵਿਚ ਅੱਜ 9 ਮੋਟਰ ਕਿਸ਼ਤੀਆਂ ਪੁੱਜ ਗਈਆਂ ਹਨ।ਉਹਨਾਂ ਦੱਸਿਆ ਕਿ ਉਹਨਾਂ ਨੇ ਕੇਂਦਰੀ ਸਿਹਤ ਮੰਤਰੀ ਨਾਲ ਵੀ ਗੱਲ ਕੀਤੀ ਸੀ, ਜਿਹਨਾਂ ਨੇ ਪੰਜਾਬ ਸਰਕਾਰ ਨੂੰ ਲੋੜੀਂਦੀਆਂ ਸਾਰੀਆਂ ਦਵਾਈਆਂ ਉਪਲੱਬਧ ਕਰਵਾਉਣ ਦਾ ਭਰੋਸਾ ਦਿਵਾਇਆ ਹੈ।

ਹੜ੍ਹ-ਪੀੜਤਾਂ ਨੂੰ ਰਾਹਤ ਸਮੱਗਰੀ ਵੰਡਣ ਵਿਚ ਅਕਾਲੀ ਵਰਕਰਾਂ ਨੇ ਵੀ ਪੂਰਾ ਸਹਿਯੋਗ ਦਿੱਤਾ। ਫਿਲੌਰ ਵਿਖੇ ਕੇਂਦਰੀ ਮੰਤਰੀ ਨਾਲ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਵਿਧਾਇਕ ਬਲਦੇਵ ਖਾਰਾ ਅਤੇ ਦਰਸ਼ਨ ਸ਼ਿਵਾਲਿਕ ਵੀ ਹਾਜ਼ਿਰ ਸਨ। ਦੁਜੇ ਪਾਸੇ ਸੁਲਤਾਨਪੁਰ ਲੋਧੀ ਵਿਖੇ ਕੇਂਦਰੀ ਮੰਤਰੀ ਨਾਲ ਸਾਬਕਾ ਮੰਤਰੀ ਬੀਬੀ ਉਪਿੰਦਰਜੀਤ ਕੌਰ, ਬੀਬੀ ਜਗੀਰ ਕੌਰ,ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬਚਿੱਤਰ ਸਿੰਘ ਕੋਹਾੜ ਹਾਜ਼ਿਰ ਸਨ। ਇਹਨਾਂ ਦੋਵੇਂ ਥਾਂਵਾਂ ਉੱਤੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਹਬੀ ਵੀ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION