ਯੈੱਸ ਪੰਜਾਬ
ਚੰਡੀਗੜ੍ਹ/ਬਿਊਰੋ ਨਿਊਜ਼
ਸੰਯੁਕਤ ਸਮਾਜ ਮੋਰਚਾ ਵਲੋਂ ਪੰਜਾਬ ਵਿਚ ਸਾਰੀਆਂ 117 ਵਿਧਾਨ ਸਭਾ
ਸੀਟਾਂ ’ਤੇ ਚੋਣ ਲੜੀ ਜਾ ਰਹੀ ਹੈ ਅਤੇ ਸੰਯੁਕਤ ਸਮਾਜ ਮੋਰਚਾ ਨੇ
ਬਹੁਤੀਆਂ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ।
ਇਸੇ ਦੌਰਾਨ ਅੱਜ ਸੰਯੁਕਤ ਸਮਾਜ ਮੋਰਚਾ ਦੇ ਪ੍ਰਧਾਨ ਬਲਬੀਰ ਸਿੰਘ
ਰਾਜੇਵਾਲ ਨੇ 7 ਬੁਲਾਰਿਆਂ ਦੇ ਨਾਵਾਂ ਦਾ ਐਲਾਨ ਵੀ ਕੀਤਾ ਹੈ।
ਇਨ੍ਹਾਂ ਬੁਲਾਰਿਆਂ ਵਿਚ ਪ੍ਰੋਫੈਸਰ ਸੰਤੋਖ ਸਿੰਘ, ਤਰਲੋਚਨ ਸਿੰਘ
ਲਾਲੀ, ਪ੍ਰੋਫੈਸਰ ਜਗਰੂਪ ਸਿੰਘ, ਜੰਗਵੀਰ ਸਿੰਘ ਚੌਹਾਨ, ਮੁਕੇਸ਼
ਚੰਦਰ ਸ਼ਰਮਾ, ਮਨਜੀਤ ਸਿੰਘ ਰਾਏ ਅਤੇ ਪ੍ਰੋਫੈਸਰ ਮਨਜੀਤ ਸਿੰਘ ਦਾ
ਨਾਮ ਸ਼ਾਮਲ ਹੈ।
ਇਸ ਤੋਂ ਪਹਿਲਾਂ ਬਲਬੀਰ ਸਿੰਘ ਰਾਜੇਵਾਲ ਹੋਰਾਂ ਕਿਹਾ ਕਿ ਸੰਯੁਕਤ
ਸਮਾਜ ਮੋਰਚਾ ਪੰਜਾਬ ਵਿਚ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਏਗਾ।
ਉਨ੍ਹਾਂ ਕਿਹਾ ਕਿ ਅਸੀਂ ਸਿਆਸਤ ਵਿਚ ਸੱਤਾ ਦਾ ਸੁੱਖ ਭੋਗਣ ਲਈ
ਨਹੀਂ ਆਏ, ਸਗੋਂ ਪੰਜਾਬ ਨੂੰ ਬਚਾਉਣ ਅਤੇ ਸਿਸਟਮ ਵਿਚ ਸੁਧਾਰ ਕਰਨ
ਲਈ ਆਏ ਹਾਂ। ਉਨ੍ਹਾਂ ਇਹ ਵੀ ਦੱਸਿਆ ਕਿ ਸੰਯੁਕਤ ਸਮਾਜ ਮੋਰਚੇ
ਦਾ ਗੁਰਨਾਮ ਸਿੰਘ ਚਡੂਨੀ ਦੀ ਪਾਰਟੀ ਨਾਲ ਸਮਝੌਤਾ ਹੈ ਅਤੇ ਚਡੂਨੀ
ਦੀ ਪਾਰਟੀ ਨੂੰ 10 ਸੀਟਾਂ ਦਿੱਤੀਆਂ ਗਈਆਂ ਹਨ। ਰਾਜੇਵਾਲ ਹੋਰਾਂ
ਇਹ ਵੀ ਦੱਸਿਆ ਕਿ ਅਸੀਂ ਹੁਣ ਤੱਕ 57 ਉਮੀਦਵਾਰਾਂ ਦੇ ਨਾਵਾਂ
ਦਾ ਐਲਾਨ ਕਰ ਚੁੱਕੇ ਹਾਂ।