29.1 C
Delhi
Saturday, May 4, 2024
spot_img
spot_img

ਸੰਗੀਤ, ਸਾਹਿਤ ਤੇ ਕਲਾ ਸਾਧਕਾਂ ਦਾ ਬੁਢਾਪਾ ਸੰਭਾਲਣ ਲਈ ਯੋਜਨਾ ਅਮਲ ’ਚ ਲਿਆਵਾਂਗੇ: ਹੰਸ ਰਾਜ ਹੰਸ

ਲੁਧਿਆਣਾ, 26 ਫਰਵਰੀ, 2020 –

ਮੈਂਬਰ ਪਾਰਲੀਮੈਂਟ ਤੇ ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਗਾਇਕ ਪਦਮ ਸ਼੍ਰੀ ਹੰਸ ਰਾਜ ਹੰਸ ਨੇ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨਿਤ ਕੀਤੇ ਜਾਣ ਉਪਰੰਤ ਕਿਹਾ ਹੈ ਸੰਗੀਤ ਸਾਹਿੱਤ ਤੇ ਕਲਾ ਸਾਧਕਾਂ ਦਾ ਬੁਢਾਪਾ ਸੰਭਾਲਣ ਲਈ ਕੇਂਦਰ ਤੇ ਸੂਬਾਈ ਸਰਕਾਰਾਂ ਵਿੱਚ ਤਾਲਮੇਲ ਆਧਾਰਿਤ ਵਿਆਪਕ ਯੋਜਨਾ ਅਮਲ ਚ ਲਿਆਵਾਂਗੇ।

ਇਸ ਸਬੰਧ ਵਿੱਚ ਮੁਹੰਮਦ ਸਦੀਕ ਤੇ ਭਗਵੰਤ ਮਾਨ ਸਮੇਤ ਸਾਰੇ ਕਲਾਪ੍ਰਸਤ ਮੈਂਬਰ ਪਾਰਲੀਮੈਂਟ ਸਾਹਿਬਾਨ ਦਾ ਸਹਿਯੋਗ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਸਾਹਿੱਤ ਕਲਾ ਤੇ ਸਭਿਆਚਾਰ ਨਾਲ ਸਬੰਧਿਤ ਸੰਸਥਾਵਾਂ ਨੂੰ ਬਜ਼ੁਰਗ ਕਲਾਕਾਰਾਂ ਲੇਖਕਾਂ ਗਾਇਕਾਂ , ਬੁੱਤ ਤਰਾਸ਼ਾਂ, ਚਿਤਰਕਾਰਾਂ ਦਾ ਸਿਹਤ ਸਰਵੇਖਣ ਨਾਲੋ ਨਾਲ ਕਰਕੇ ਰਾਜ ਤੇ ਕੇਂਦਰ ਸਰਕਾਰਾਂ ਨੂੰ ਘੱਲਣਾ ਚਾਹੀਦਾ ਹੈ ਤਾਂ ਜੋ ਇਸ ਨੂੰ ਵਿਅਕਤੀ ਆਧਾਰਿਤ ਨਾ ਰਹਿਣ ਦਿੱਤਾ ਜਾਵੇ ਸਗੋਂ ਸਰਬੱਤ ਲਈ ਲਾਗੂ ਕੀਤਾ ਜਾਵੇ। ਇਨ੍ਹਾਂ ਵਰਗਾਂ ਦੀ ਸਮੂਹ ਸਿਹਤ ਬੀਮਾ ਯੋਜਨਾ ਵੀ ਕੌਮੀ ਪੱਧਰ ਤੇ ਲਾਗੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਹੰਸ ਰਾਜ ਹੰਸ ਨੇ ਇਸ ਤੋਂ ਪਹਿਲਾਂ ਵਿਸ਼ਵ ਪ੍ਰਸਿੱਧ ਸਮਾਜ ਸੇਵਕ ਸ ਪ ਸ ਓਬਰਾਏ ਚੇਅਰਮੈਨ ਸਰਬੱਤ ਦਾ ਭਲਾ ਟਰਸਟ, ਬੀ ਜੇ ਪੀ ਆਗੂ ਜਸਵੰਤ ਸਿੰਘ ਛਾਪਾ ਤੇ ਕੌਮਾਂਤਰੀ ਲੋਕ ਗਾਇਕ ਸੁਰਿੰਦਰ ਛਿੰਦਾ ਨੂੰ ਨਾਲ ਲੈ ਕੇ ਸ੍ਵ: ਕੁਲਦੀਪ ਮਾਣਕ ਪਰਿਵਾਰ ਤੇ ਹਰਦੇਵ ਦਿਲਗੀਰ(ਥਰੀਕੇ ਵਾਲਾ)ਨਾਲ ਮੁਲਾਕਾਤ ਕੀਤੀ।

ਉਨ੍ਹਾਂ ਦੇ ਮਸ਼ਵਰੇ ਤੇ ਹੀ ਸ ਪ ਸ ਓਬਰਾਏ ਜੀ ਨੇ ਕੁਲਦੀਪ ਮਾਣਕ ਜੀ ਦੀ ਜੀਵਨ ਸਾਥਣ ਬੀਬੀ ਸਰਬਜੀਤ ਕੌਰ ਮਾਣਕ ਨੂੰ ਦਸ ਹਜ਼ਾਰ ਰੁਪਏ ਮਾਸਿਕ ਸਹਾਇਤਾ ਰਾਸ਼ੀ ਸਰਬੱਤ ਦਾ ਭਲਾ ਟਰਸਟ ਵੱਲੋਂ ਜਾਰੀ ਕਰਨ ਦੇ ਪੱਤਰ ਸੌਂਪੇ ਅਤੇ ਮਾਣਕ ਜੀ ਦੇ ਸਪੁੱਤਰ ਯੁੱਧਵੀਰ ਮਾਣਕ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ।

ਹੰਸ ਰਾਜ ਹੰਸ ਤੇ ਸੁਰਿੰਦਰ ਛਿੰਦਾ ਜੀ ਨੇ ਦੱਸਿਆ ਕਿ ਪੰਜਾਬੀ ਲੋਕ ਸੰਗੀਤ ਤੇ ਗੁਰਬਾਣੀ ਸੰਗੀਤ ਨੂੰ ਵੀਹਵੀਂ ਸਦੀ ਚ ਸਭ ਤੋਂ ਵੱਧ ਸਮਾਂ ਸੰਗੀਤ ਸਿੱਖਿਆ ਅਤੇ ਸਮਰਪਿਤ ਸਾਧਨਾ ਵਾਲੇ ਸੰਗੀਤ ਮਾਰਤੰਡ ਉਸਤਾਦ ਜਸਵੰਤ ਭੰਵਰਾ ਦਾ ਲੁਧਿਆਣਾ ਚ ਕਿਸੇ ਢੁਕਵੀਂ ਥਾਂ ਤੇ ਬੁੱਤ ਸਥਾਪਤ ਕੀਤਾ ਜਾਵੇਗਾ। ਦੋਹਾਂ ਕਲਾਕਾਰਾਂ ਨੇ ਦੱਸਿਆ ਕਿ ਉਸਤਾਦ ਜਸਵੰਤ ਭੰਵਰਾ ਦੀ ਜੀਵਨੀ ਲਿਖਵਾ ਕੇ ਵੀ ਪ੍ਰਕਾਸ਼ਿਤ ਕਰਵਾਈ ਜਾਵੇਗੀ। ਸਰਬੱਤ ਦਾ ਭਲਾ ਟਰਸਟ ਦੇ ਚੇਅਰਮੈਨ ਸ ਪ ਸ ਓਬਰਾਏ ਜੀ ਨੇ ਇਹ ਸੇਵਾ ਲਈ ਹੈ।

ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਤੇ ਦਫ਼ਤਰ ਸਕੱਤਰ ਡਾ: ਗੁਰਇਕਬਾਲ ਸਿੰਘ ਪਾਸੋਂ ਉਨ੍ਹਾਂ ਪੰਜਾਬੀ ਸਾਹਿੱਤ ਅਕਾਡਮੀ ਅਤੇ ਪੰਜਾਬੀ ਭਵਨ ਸਰਗਰਮੀਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਲੁਧਿਆਣਾ ਚ ਸ: ਜਗਦੇਵ ਸਿੰਘ ਜੱਸੋਵਾਲ ਤੇ ਗੁਰਭਜਨ ਗਿੱਲ ਦੇ ਬੁਲਾਵੇ ਤੇ ਪਹਿਲੀ ਵਾਰ 1988 ਚ ਉਸਤਾਦ ਜਸਵੰਤ ਭੰਵਰਾ ਦੇ ਨਾਲ ਆ ਕੇ ਪ੍ਰੋ: ਮੋਹਨ ਸਿੰਘ ਮੇਲੇ ਤੇ ਗਾਇਆ ਸੀ ਜਿਸ ਤੋਂ ਅਗਲੀ ਸਵੇਰ ਮੈਂ ਪੂਰੇ ਪੰਜਾਬੀਆਂ ਦਾ ਚਹੇਤਾ ਗਾਇਕ ਸਾਂ।

ਮੈਂ ਇਸ ਧਰਤੀ ਨੂੰ ਕਦੇ ਨਹੀਂ ਵਿਸਾਰ ਸਕਿਆ ਜਿੱਥੇ 1991 ਚ ਮੈਂ ਤੇ ਗੁਰਦਾਸ ਮਾਨ ਜੀ ਨੇ ਉਸਤਾਦ ਲਾਲ ਚੰਦ ਯਮਲਾ ਜੱਟ ਤੋਂ ਆਖਰੀ ਵਾਰ ਥਾਪੜਾ ਲਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਵਿਆਪਕ ਵਿਕਾਸ ਯੋਜਨਾ ਤਿਆਰ ਕਰਕੇ ਦਿਉ ਤਾਂ ਜੋ ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰਾਲੇ ਵੱਲੋਂ ਯੋਗ ਮਦਦ ਲਈ ਜਾ ਸਕੇ। ਉਨ੍ਹਾਂ ਕਿਹਾ ਕਿ ਦਿੱਲੀ ਚੋਂ ਚੋਣ ਜਿੱਤਣ ਦੇ ਬਾਵਜੂਦ ਮੈਂ ਜਿੱਥੇ ਕਿਤੇ ਵੀ ਪੰਜਾਬ ਦੇ ਕੰਮ ਆ ਸਕਾਂ, ਕਹਿਣ ਤੋਂ ਕਦੇ ਨਾ ਝਿਜਕਣਾ।

ਇਸ ਮੌਕੇ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ, ਉੱਘੇ ਲੋਕ ਗਾਇਕ ਸੁਰਿੰਦਰ ਛਿੰਦਾ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ, ਸਕੱਤਰ ਡਾ: ਗੁਰਇਕਬਾਲ ਸਿੰਘ, ਜਸਵੰਤ ਸਿੰਘ ਛਾਪਾ ਤੇ ਸਰਦਾਰਨੀ ਜਸਵਿੰਦਰ ਕੌਰ ਗਿੱਲ ਨੇ ਫੁਲਕਾਰੀ, ਚਰਖ਼ੇ ਦਾ ਮਾਡਲ ਤੇ ਦਲਬੀਰ ਸਿੰਘ ਪੰਨੂ ਯੂ ਐੱਸ ਏ ਤੇ ਗੁਰਭਜਨ ਗਿੱਲ ਦੀਆਂ ਲਿਖੀਆਂ ਪੰਜ ਪੁਸਤਕਾਂ ਦਾ ਸੈੱਟ ਭੇਂਟ ਕੀਤਾ। ਪੱਛਮੀ ਬੰਗਾਲ ਦੀ ਯਾਦਵਪੁਰ ਯੂਨੀਵਰਸਿਟੀ ਤੋਂ ਆਈ ਖੋਜੀ ਵਿਦਵਾਨ ਡਾ: ਸੁਤਾਪਾ ਸੇਨ ਗੁਪਤਾ ਵੀ ਇਸ ਮੌਕੇ ਹਾਜ਼ਰ ਸਨ ਜਿਸ ਨਾਲ ਹੰਸ ਰਾਜ ਹੰਸ ਨੇ ਬੰਗਾਲੀ ਸੰਗੀਤ ਬਾਰੇ ਵੀ ਵਿਚਾਰ ਚਰਚਾ ਕੀਤੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION