ਫ਼ਿਰੋਜ਼ਪੁਰ, 5 ਅਗਸਤ 2019:
ਕਸ਼ਮੀਰ ਮੁੱਦੇ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਕਾਨੂੰਨ ਵਿਵਸਥਾ ਨੂੰ ਰਿਵਿਊ ਕਰਨ ਲਈ ਬਾਅਦ ਦੁਪਹਿਰ ਡਿਪਟੀ ਕਮਿਸ਼ਨਰ ਚੰਦਰ ਗੈਂਦ, ਐਸਐਸਪੀ ਵਿਵੇਕ ਐਸ. ਸੋਨੀ ਨੇ ਇੱਕ ਵਿਸ਼ੇਸ਼ ਬੈਠਕ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਵਿਵਸਥਾ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਮੁੱਦੇ ਤੇ ਬਿਆਨਬਾਜ਼ੀ ਨੂੰ ਲੈ ਕੇ ਸੰਯਮ ਵਰਤਣ ਦੀ ਲੋੜ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਇਸ ਮਾਮਲੇ ਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਤੋਂ ਦੂਰ ਰਹਿਣ ਅਤੇ ਖ਼ੁਦ ਵੀ ਕੋਈ ਭੜਕਾਊ ਬਿਆਨਬਾਜ਼ੀ ਆਦਿ ਨਾ ਕਰਨ। ਐਸਐਸਪੀ ਵਿਵੇਕ ਐਸ ਸੋਨੀ ਨੇ ਕਿਹਾ ਕਿ ਜ਼ਿਲ੍ਹੇ ਵਿਚ ਕਾਨੂੰਨ ਵਿਵਸਥਾ ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਕੋਈ ਵੀ ਭੜਕਾਊ ਪੋਸਟ ਨਾ ਅੱਪਲੋਡ ਕਰਨ, ਜੇਕਰ ਕਿਸੇ ਨੇ ਵੀ ਕੋਈ ਅਫ਼ਵਾਹ ਫੈਲਾਈ ਤਾਂ ਉਨ੍ਹਾਂ ਖ਼ਿਲਾਫ਼ ਆਈ.ਟੀ ਐਕਟ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਜ਼ਿਲ੍ਹੇ ਵਿਚ ਕਾਨੂੰਨ ਵਿਵਸਥਾ ਦੀ ਪਾਲਨਾ ਨੂੰ ਯਕੀਨੀ ਬਣਾਈ ਰੱਖਣ ਲਈ ਸਾਰੇ ਐਸਡੀਐਮ ਅਤੇ ਡੀਐਸਪੀ ਨੂੰ ਮਿਲ ਕੇ ਜ਼ਿਲ੍ਹੇ ਵਿਚ ਗਸ਼ਤ ਕਰਨ ਲਈ ਕਿਹਾ।