32.1 C
Delhi
Sunday, May 19, 2024
spot_img
spot_img

ਸੂਬੇ ਵਿਚ 93 ਫੀਸਦੀ ਤੋਂ ਵੱਧ ਕਣਕ ਦੀ ਖਰੀਦ, ਕਿਸਾਨਾਂ ਦੇ ਖਾਤਿਆਂ ਵਿਚ 7594 ਕਰੋੜ ਰੁਪਏ ਦੀ ਸਿੱਧੀ ਅਦਾਇਗੀ: ਮੁੱਖ ਸਕੱਤਰ ਵਿਨੀ ਮਹਾਜਨ

ਯੈੱਸ ਪੰਜਾਬ
ਚੰਡੀਗੜ, 24 ਅਪ੍ਰੈਲ, 2021 –
ਪੰਜਾਬ ਵਿਚ ਖਰੀਦ ਏਜੰਸੀਆਂ ਵੱਲੋਂ ਮੰਡੀਆਂ ਵਿਚ ਹੁਣ ਤੱਕ ਕਣਕ ਦੀ ਕੁੱਲ ਆਮਦ ਵਿੱਚੋਂ 93 ਫੀਸਦੀ ਤੋਂ ਵੱਧ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਸਿੱਧੀ ਅਦਾਇਗੀ ਦੀ ਨਵੀਂ ਪ੍ਰਣਾਲੀ ਰਾਹੀਂ 2.26 ਲੱਖ ਕਿਸਾਨਾਂ ਦੇ ਖਾਤਿਆਂ ਵਿਚ 7594 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।
ਮੁੱਖ ਸਕੱਤਰ ਵਿਨੀ ਮਹਾਜਨ ਨੇ ਇਹ ਖੁਲਾਸਾ ਸ਼ਨੀਵਾਰ ਨੂੰ ਖੇਤੀਬਾੜੀ ਅਧਾਰਿਤ ਸੂਬੇ ਵਿਚ ਕੋਵਿਡ ਦੇ ਵਧ ਰਹੇ ਕੇਸਾਂ ਦੇ ਦਰਮਿਆਨ ਕਣਕ ਦੀ ਖਰੀਦ ਦੇ ਚੱਲ ਰਹੇ ਕਾਰਜਾਂ ਦਾ ਜਾਇਜਾ ਲੈਣ ਲਈ ਸੱਦੀ ਉਚ ਪੱਧਰੀ ਮੀਟਿੰਗ ਦੌਰਾਨ ਕੀਤਾ।
ਉਨਾਂ ਦੱਸਿਆ ਕਿ ਮੰਡੀਆਂ ਵਿਚ 76.32 ਲੱਖ ਮੀਟਰਕ ਟਨ ਵਿੱਚੋਂ 71.48 ਲੱਖ ਮੀਟਰਕ ਟਨ ਦੀ ਖਰੀਦ ਹੋ ਚੁੱਕੀ ਹੈ ਜੋ ਕੁਲ਼ ਆਮਦ ਦਾ 93 ਫੀਸਦੀ ਤੋਂ ਵੱਧ ਬਣਦਾ ਹੈ, ਬਾਵਜੂਦ ਇਸ ਦੇ ਕਿ ਪਿਛਲੇ ਸਾਲ ਦੇ ਅੱਜ ਤੱਕ ਦੇ ਮੁਕਾਬਲੇ 300 ਫੀਸਦੀ ਵੱਧ ਕਣਕ ਮੰਡੀਆਂ ਵਿਚ ਪਹੁੰਚੀ ਹੈ। ਪਿਛਲੇ ਹਾੜੀ ਮੰਡੀਕਰਨ ਸੀਜਨ ਦੇ ਇਸ ਸਮੇਂ ਦੌਰਾਨ 29.32 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਈ ਸੀ ਜਿਸ ਵਿੱਚੋਂ 27.32 ਲੱਖ ਮੀਟਰਕ ਟਨ ਦੀ ਖਰੀਦੀ ਕੀਤੀ ਗਈ ਸੀ।
ਮੰਡੀਆਂ ਵਿਚ ਕਣਕ ਦੇ ਇਕ-ਇਕ ਦਾਣੇ ਨੂੰ ਖਰੀਦਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੰਕਲਪ ਨੂੰ ਦੁਹਰਾਉਂਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਮੰਡੀਆਂ ਵਿਚ ‘ਕਿਸਾਨ ਸਹਾਇਤਾ ਡੈਸਕ’ ਪਹਿਲਾਂ ਹੀ ਸਥਾਪਤ ਕਰ ਦਿੱਤੇ ਹਨ ਜਿੱਥੇ ਮੰਡੀ ਬੋਰਡ ਦੇ ਮੁਲਾਜਮ ਅਤੇ ਆਈ.ਟੀ. ਪੇਸ਼ੇਵਾਰ ਕੇਂਦਰ ਸਰਕਾਰ ਦੇ ‘ਅਨਾਜ ਖਰੀਦ’ ਪੋਰਟਲ ਉਤੇ ਰਜਿਸਟਰ ਹੋਣ ਵਿਚ ਕਿਸਾਨਾਂ ਦੀ ਮਦਦ ਕਰ ਰਹੇ ਹਨ ਤਾਂ ਕਿ ਸਿੱਧੀ ਅਦਾਇਗੀ ਦੀ ਸਕੀਮ ਰਾਹੀਂ ਕਿਸਾਨਾਂ ਦੇ ਖਾਤਿਆਂ ਵਿਚ ਫਸਲ ਦਾ ਭੁਗਤਾਨ ਕੀਤਾ ਜਾ ਸਕੇ। ਇਸ ਨਾਲ ਹੁਣ ਤੱਕ ਸੂਬੇ ਵਿਚ 10 ਲੱਖ ਕਿਸਾਨਾਂ ਵਿੱਚੋਂ ਲਗਪਗ 7 ਲੱਖ ਕਿਸਾਨ ਆਪਣੇ ਦਸਤਾਵੇਜ ਇਸ ਪੋਰਟਲ ਉਤੇ ਅਪਲੋਡ ਕਰ ਚੁੱਕੇ ਹਨ।
ਖੁਰਾਕ ਤੇ ਸਿਵਲ ਸਪਲਾਈਜ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਮੰਡੀਆਂ ਵਿੱਚੋਂ ਕਣਕ ਦੇ ਖਰੀਦੇ ਜਾ ਚੁੱਕੇ ਸਟਾਕ ਦੀ ਨਿਰਵਿਘਨ ਲਿਫਟਿੰਗ ਅਤੇ ਕਿਸਾਨਾਂ ਦੀ ਸਮੇਂ ਸਿਰ ਅਦਾਇਗੀ ਨੂੰ ਯਕੀਨੀ ਬਣਾਉਣ ਦੀ ਹਦਾਇਤ ਦਿੰਦੇ ਹੋਏ ਮੁੱਖ ਸਕੱਤਰ ਨੇ ਮੰਡੀਆਂ ਤੋਂ ਖਰੀਦ ਗਏ ਅਨਾਜ ਦੀ ਲਿਫਟਿੰਗ ਦੀ ਗਤੀ ਹੋਰ ਤੇਜ ਕਰਨ ਲਈ ਆਖਿਆ ਤਾਂ ਕਿ ਮੰਡੀਆਂ ਵਿਚ ਭੀੜ-ਭੜੱਕਾ ਘਟਾਉਣ ਦੇ ਨਾਲ-ਨਾਲ ਖਰਾਬ ਮੌਸਮ ਨਾਲ ਖਰੀਦੇ ਸਟਾਕ ਨੂੰ ਨੁਕਸਾਨ ਤੋਂ ਬਚਿਆ ਜਾ ਸਕੇ।
ਉਨਾਂ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਲਗਪਗ 22000 ਆੜਤੀਏ (ਕਮਿਸ਼ਨ ਏਜੰਟ) ਖੁਰਾਕ ਤੇ ਸਿਵਲ ਸਪਲਾਈਜ ਵਿਭਾਗ ਨਾਲ ਰਜਿਸਟਰਡ ਸਨ ਅਤੇ ਫਸਲ ਦੀ ਅਦਾਇਗੀ ਇਨਾਂ ਦੇ ਖਾਤਿਆਂ ਵਿਚ ਪਾ ਦਿੱਤੀ ਜਾਂਦੀ ਸੀ ਜੋ ਅੱਗੇ ਕਿਸਾਨਾਂ ਨੂੰ ਅਦਾ ਕਰਦੇ ਸਨ। ਹਾਲਾਂਕਿ, ਮੌਜੂਦਾ ਹਾੜੀ ਮੰਡੀਕਰਨ ਸੀਜਨ ਦੌਰਾਨ ਸਿੱਧੀ ਅਦਾਇਗੀ ਦੀ ਸਕੀਮ ਸ਼ੁਰੂ ਹੋਣ ਨਾਲ ਹੁਣ ਖਰੀਦ ਏਜੰਸੀਆਂ ਵੱਲੋਂ ਕਿਸਾਨਾਂ ਨੂੰ ਉਪਜ ਵੇਚਣ ਦੇ ਬਦਲੇ ਸਿੱਧਾ ਉਨਾਂ ਦੇ ਖਾਤਿਆਂ ਵਿਚ ਅਦਾ ਕੀਤਾ ਜਾ ਰਿਹਾ ਹੈ।
ਕਿਸਾਨਾਂ, ਆੜਤੀਆਂ, ਮਜਦੂਰਾਂ, ਖਰੀਦ ਏਜੰਸੀਆਂ ਦੇ ਮੁਲਾਜਮਾਂ ਅਤੇ ਹੋਰ ਧਿਰਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੁੱਖ ਸਕੱਤਰ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਸਾਰੀਆਂ 154 ਮਾਰਕੀਟ ਕਮੇਟੀਆਂ ਵਿਚ ਕੋਵਿਡ ਟੀਕਾਕਰਨ ਕੈਂਪ ਸਥਾਪਤ ਕੀਤੇ ਹਨ ਤਾਂ ਕਿ ਮੰਡੀਆਂ ਵਿਚ ਆਉਣ ਵਾਲੇ 45 ਸਾਲ ਤੋਂ ਵੱਧ ਉਮਰ ਦੇ ਲੋਕ ਕੋਵਿਡ ਤੋਂ ਬਚਾਅ ਦਾ ਟੀਕਾ ਲਵਾ ਸਕਣ। ਇਨਾਂ ਕੈਂਪਾਂ ਵਿਚ ਹੁਣ ਤੱਕ ਤਕਰੀਬਨ 6142 ਯੋਗ ਵਿਅਕਤੀਆਂ ਨੂੰ ਖੁਰਾਕ ਦਿੱਤੀ ਜਾ ਚੁੱਕੀ ਹੈ।
ਵਧੀਕ ਮੁੱਖ ਸਕੱਤਰ ਵਿਕਾਸ ਅਨਿਰੁਧ ਤਿਵਾੜੀ ਨੇ ਦੱਸਿਆ ਕਿ ਮੰਡੀ ਬੋਰਡ ਵੱਲੋਂ ਸਥਾਪਤ ਕੀਤੇ ਕੰਟਰੋਲ ਰੂਮ ਵਿਚ ਕਣਕ ਦੀ ਖਰੀਦ ਨਾਲ ਸਬੰਧਤ ਟੈਲੀਫੋਨ ਉਤੇ ਪ੍ਰਾਪਤ ਹੋਈਆਂ ਸਾਰੀਆਂ 650 ਸ਼ਿਕਾਇਤਾਂ ਨੂੰ ਕਿਸਾਨਾਂ ਦੀ ਸੰਤੁਸ਼ਟੀ ਮੁਤਾਬਕ ਹੱਲ ਕਰ ਦਿੱਤਾ ਗਿਆ ਹੈ।ਉਨਾਂ ਇਹ ਵੀ ਦੱਸਿਆ ਕਿ ਮੰਡੀਆਂ ਵਿਚ ਭੀੜ-ਭੜੱਕੇ ਤੋਂ ਬਚਣ ਲਈ ਕੋਵਿਡ ਸੰਕਟ ਦੇ ਮੱਦੇਨਜਰ ਕਣਕ ਦੀ ਪੜਾਅਵਾਰ ਖਰੀਦ ਲਈ ਕਿਸਾਨਾਂ ਨੂੰ ਹੁਣ ਤੱਕ 12.44 ਲੱਖ ਪਾਸ ਜਾਰੀ ਕੀਤੇ ਜਾ ਚੁੱਕੇ ਹਨ।
ਲਿਫਟਿੰਗ ਦੇ ਮੁੱਦੇ ਉਤੇ ਖੁਰਾਕ ਤੇ ਸਿਵਲ ਸਪਲਾਈਜ ਦੇ ਪ੍ਰਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਦੱਸਿਆ ਕਿ ਇਸ ਵੇਲੇ ਮੰਡੀਆਂ ਵਿਚ ਬਾਰਦਾਨੇ ਵਿਚ ਕੋਈ ਘਾਟ ਨਹੀਂ ਹੈ। ਹਾਲਾਂਕਿ, ਪੱਛਮੀ ਬੰਗਾਲ ਵਿਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਕਾਰਨ ਕੋਲਕਾਤਾ ਵਿਚ ਜੂਟ ਮਿੱਲਾਂ ਦੇ ਪੂਰੀ ਸਮਰੱਥਾ ਨਾਲ ਕੰਮ ਨਾ ਕਰਨ ਕਰਕੇ ਸ਼ੁਰੂਆਤ ਵਿਚ ਕੁਝ ਸਮੱਸਿਆਵਾਂ ਆਈਆਂ ਸਨ ਜਿਸ ਦਾ ਪੰਜਾਬ ਵਿਚ ਬਾਰਦਾਨੇ ਦੀ ਸਪਲਾਈ ਉਤੇ ਬਹੁਤ ਬੁਰਾ ਪ੍ਰਭਾਵ ਪਿਆ।
ਉਨਾਂ ਦੱਸਿਆ ਕਿ ਕਣਕ ਦੀ ਭਰਾਈ ਲਈ 14.2 ਕਰੋੜ ਥੈਲੇ ਪਹਿਲਾਂ ਹੀ ਵਰਤੇ ਜਾ ਚੁੱਕੇ ਹਨ ਅਤੇ ਸੂਬੇ ਦੀਆਂ ਮੰਡੀਆਂ ਵਿਚ ਰੋਜਾਨਾ ਇਕ ਕਰੋੜ ਥੈਲ਼ੇ ਸਪਲਾਈ ਕੀਤੇ ਜਾ ਰਹੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION