ਯੈੱਸ ਪੰਜਾਬ
ਚੰਡੀਗੜ੍ਹ, 23 ਸਤੰਬਰ, 2020:
ਇਕ ਸਾਬਕਾ ਆਈ.ਏ.ਐਸ. ਅਧਿਕਾਰੀ ਦੇ ਬੇਟੇ ਅਤੇ ‘ਸਿਟਕੋ’ ਦੇ ਅਧਿਕਾਰੀ ਸ: ਬਲਵੰਤ ਸਿੰਘ ਮੁਲਤਾਨੀ ਦੇ ਅਗਵਾ, ਲਾਪਤਾ ਕੀਤੇ ਜਾਣ ਅਤੇ ਹੁਣ ਕਤਲ ਮਾਮਲੇ ਵਿੱਚ ਕੇਸ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ।
ਸੈਣੀ ਵੱਲੋਂ ਆਪਣੇ ਵਕੀਲ ਸ: ਏ.ਪੀ.ਐਸ. ਦਿਉਲ ਰਾਹੀਂ ਪਾਈ ਅਰਜ਼ੀ ਵਿੱਚ ਕਿਹਾ ਗਿਆ ਸੀ ਕਿ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲ ਜਾਣ ਦੇ ਬਾਵਜੂਦ ਉਸਨੂੰ ਖ਼ਦਸ਼ਾ ਹੈ ਕਿ ਪੰਜਾਬ ਪੁਲਿਸ ਉਸਨੂੰ ਗ੍ਰਿਫਤਾਰ ਕਰ ਸਕਦੀ ਹੈ। ਯਾਦ ਰਹੇ ਕਿ ਸੁਪਰੀਮ ਕੋਰਟ ਨੇ ਸੁਮੇਧ ਸੈਣੀ ਨੂੰ ਇਸ ਸ਼ਰਤ ’ਤੇ ਜ਼ਮਾਨਤ ਦਿੱਤੀ ਸੀ ਕਿ ਉਹ ਇਸ ਕੇਸ ਦੇ ਸੰਬੰਧ ਵਿੱਚ ਬਣੀ ਐਸ.ਆਈ.ਟੀ. ਸਾਹਮਣੇ ਪੇਸ਼ ਹੋਣਗੇ ਅਤੇ ਜਾਂਚ ਵਿੱਚ ਸਹਿਯੋਗ ਕਰਨਗੇ।
ਅੱਜ ਹਾਈਕੋਰਟ ਨੇ ਇਹ ਆਦੇਸ਼ ਕੀਤਾ ਹੈ ਕਿ ਸੈਣੀ ਦੇ ਬਤੌਰ ਪੁਲਿਸ ਅਧਿਕਰੀ ਸੇਵਾਕਾਲ ਦੇ ਸਮੇਂ ਦੇ ਕਿਸੇ ਵੀ ਕੇਸ ਦੇ ਸੰਬੰਧ ਵਿੱਚ ਉਨ੍ਹਾਂ ਨੂੰ ਇਕ ਹਫ਼ਤੇ ਦਾ ਨੋਟਿਸ ਦਿੱਤੇ ਬਿਨਾਂ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ।
ਅੱਜ ਹਾਈ ਕੋਰਟ ਵੱਲੋਂ ਇਹ ‘ਬਲੈਂਕੇਟ ਬੇਲ’ ਮਿਲ ਜਾਣ ਤੋਂ ਬਾਅਦ ਸਮਝਿਆ ਜਾਂਦਾ ਹੈ ਕਿ ਲੰਬੇ ਸਮੇਂ ਤੋਂ ਰੂਪੋਸ਼ ਚੱਲੇ ਆ ਰਹੇ ਸੈਣੀ ਹੁਣ ਸਾਹਮਣੇ ਆਉਣਗੇ ਅਤੇ ਐਸ.ਆਈ.ਟੀ. ਸਾਹਮਣੇ ਪੇਸ਼ ਹੋ ਕੇ ਜਾਂਚ ਵਿੱਚ ਸਹਿਯੋਗ ਦੇਣਗੇ।
ਸੁਮੇਧ ਸੈਣੀ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਜਾਣ ਮਗਰੋਂ ਐਸ.ਆਈ.ਟੀ. ਨੇ ਕੁਝ ਸਮਾਂ ਉਨ੍ਹਾਂ ਵੱਲੋਂ ਜਾਂਚ ਵਿੱਚ ਸਹਿਯੋਗ ਦੇਣ ਦੀ ਸ਼ਰਤ ਪੂਰੀ ਕਰਨ ਦੀ ਉਡੀਕ ਕਰਨ ਮਗਰੋਂ ਸੈਣੀ ਦੇ ਚੰਡੀਗੜ੍ਹ ਸਥਿਤ ਨਿਵਾਸ ਦੇ ਬਾਹਰ ਨੋਟਿਸ ਚਿਪਕਾਇਆ ਸੀ ਅਤੇ ਉਨ੍ਹਾਂ ਨੂੰ 23 ਸਤੰਬਰ, ਭਾਵ ਬੁੱਧਵਾਰ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਲਈ ਕਿਹਾ ਸੀ ਪਰ ਅੱਜ ਸੈਣੀ ਮਟੌਰ ਥਾਣੇ ਵਿੱਚ ਪੁੱਜੇ ਐਸ.ਆਈ.ਟੀ. ਮੈਂਬਰਾਂ ਦੇ ਸਾਹਮਣੇ ਪੇਸ਼ ਨਹੀਂ ਹੋਏ।
ਸਮਝਿਆ ਜਾਂਦਾ ਹੈ ਕਿ ਹੁਣ ‘ਬਲੈਂਕੇਟ ਬੇਲ’ ਮਿਲ ਜਾਣ ਮਗਰੋਂ ਸੁਮੇਧ ਸੈਣੀ ਸਾਹਮਣੇ ਆਉਣਗੇ।
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ