41.1 C
Delhi
Sunday, May 19, 2024
spot_img
spot_img

ਸੁਖਬੀਰ ਬਾਦਲ ਵੱਲੋਂ ਪੰਥਕ ਜਥੇਬੰਦੀਆਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਯਕੀਨੀ ਬਣਾਉਣ ਲਈ ਲਹਿਰ ਸਿਰਜਣ ਵਾਸਤੇ ਇਕ ਸਾਂਝੇ ਮੁਹਾਜ਼ ’ਤੇ ਇਕਜੁੱਟ ਹੋਣ ਦਾ ਸੱਦਾ

ਯੈੱਸ ਪੰਜਾਬ
ਚੰਡੀਗੜ੍ਹ, 4 ਮਈ, 2022:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਥਕ ਜਥੇਬੰਦੀਆਂ ਨੁੰ ਅਪੀਲ ਕੀਤੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਲਹਿਰ ਸਿਰਜਣ ਵਾਸਤੇ ਇਕ ਸਾਂਝੇ ਮੁਹਾਜ਼ ’ਤੇ ਇਕਜੁੱਟ ਹੋਣ ਕਿਉਂਕਿ ਇਹ ਬੰਦੀ ਸਿੰਘ ਇਹਨਾਂ ਦੀ ਉਮਰ ਕੈਦ ਪੂਰੀ ਹੋਣ ਦੇ ਬਾਵਜੂਦ ਕਈ ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਹਨ।

ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੁੰ ਅਪੀਲ ਕੀਤੀ ਕਿ ਉਹ ਪਹਿਲ ਕਰਨ ਅਤੇ ਸਾਰੀਆਂ ਪੰਥਕ ਜਥੇਬੰਦੀਆਂ ਦੀ ਮੀਟਿੰਗ ਸੱਦਣ ਤਾਂ ਜੋ ਦੁਨੀਆਂ ਭਰ ਦੇ ਪੰਜਾਬੀਆਂ ਦੀ ਬੰਦੀ ਸਿੰਘਾਂ ਨੁੰ ਮਨੁੱਖਤਾ ਦੇ ਆਧਾਰ ’ਤੇ ਰਿਹਾਈ ਦੀ ਮੰਗ ਪੂਰੀ ਕਰਨ ਵਾਸਤੇ ਸਾਂਝੀ ਰਣਨੀਤੀ ਤਿਆਰ ਕੀਤੀ ਜਾ ਸਕੇ। ਭਾਵੁਕ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਭਾਵੇਂ ਸਾਡੇ ਵਿਅਕਤੀਗਤ ਜਾਂ ਸਿਆਸੀ ਮਤਭੇਦ ਹੋ ਸਕਦੇ ਹਨ ਪਰ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਹ ਪਾਸੇ ਰੱਖ ਦੇਣੇ ਚਾਹੀਦੇ ਹਨ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਪੰਥਕ ਜਥੇਬੰਦੀਆਂ ਦੇ ਨਾਲ ਨਾਲ ਸਿੰਘ ਸਭਾਵਾਂ ਤੇ ਸੰਤ ਸਮਾਜ ਦੀ ਰਾਇ ਲੈ ਕੇ ਤਾਲਮੇਲ ਨਾਲ ਇਕ ਪਹੁੰਚ ਅਪਣਾਈ ਜਾਣੀ ਚਾਹੀਦੀ ਹੈ। ਉਹਨਾਂ ਇਹ ਜਵਾਬ ਉਦੋਂ ਦਿੱਤਾ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਇਸ ਨਾਲ ਬੰਦੀ ਸਿੰਘਾਂ ਦੀ ਛੇਤੀ ਰਿਹਾਈ ਵਾਸਤੇ ਇਕ ਸਾਂਝਾ ਵਫਦ ਪ੍ਰਧਾਨ ਮੰਤਰੀ ਨੂੰ ਵੀ ਮਿਲ ਸਕਦਾ ਹੈ।

ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇਸ ਅਹਿਮ ਮਾਮਲੇ ਜਿਸ ’ਤੇ ਦੁਨੀਆਂ ਭਰ ਦੇ ਸਿੱਖ ਚਿੰਤਤ ਹਨ, ਵਿਚ ਪੰਥਕ ਏਕੇ ਲਈ ਦਿਸ਼ਾ ਨਿਰਦੇਸ਼ ਦੇਣ ਦੀ ਪਹਿਲ ਕਰਨ ਲਈ ਧੰਨਵਾਦ ਕੀਤਾ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਕਾਫੀ ਦੇਰ ਤੋਂ ਲਟਕ ਰਿਹਾ ਮਾਮਲਾ ਹੈ ਅਤੇ ਸਮੁੱਚਾ ਖਾਲਸਾ ਪੰਥ ਖਾਸ ਤੌਰ ’ਤੇ ਪੰਜਾਬੀ ਇਹਨਾਂ ਦੀ ਰਿਹਾਈ ਵਿਚ ਦੇਰੀ ਤੋਂ ਬਹੁਤ ਦੁਖੀ ਹਨ। ਉਹਨਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਇਹਨਾਂ ਦੀ ਰਿਹਾਈ ਉਦੋਂ ਵੀ ਨਹੀਂ ਹੋ ਰਹੀ ਜਦੋਂ ਕੇਂਦਰ ਸਰਕਾਰ ਨੇ 2019 ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਇਸ ਲਈ ਐਲਾਨ ਵੀ ਕੀਤਾ ਸੀ। ਉਹਨਾਂ ਕਿਹਾ ਕਿ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ 50 ਬੰਦੀ ਸਿੰਘ ਹਨ ਜਿਹਨਾਂ ਦੀ ਤੁਰੰਤ ਰਿਹਾਈ ਹੋਣੀ ਚਾਹੀਦੀ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ 2019 ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲ ਕੇ ਉਹਨਾਂ ਦੀ ਰਿਹਾਈ ਦਾ ਰਾਹ ਪੱਧਰਾ ਕਰ ਦਿੱਤਾ ਸੀ ਤੇ ਸੁਪਰੀਮ ਕੋਰਟ ਨੇ ਵੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਇਸ ਆਧਾਰ ’ਤੇ ਉਮਰ ਕੈਦ ਵਿਚ ਬਦਲੀ ਸੀ ਕਿ ਉਹਨਾਂ ਦੀ ਅਪੀਲ ’ਤੇ ਫੈਸਲਾ ਲੈਣ ਵਿਚ ਗੈਰ ਲੋੜੀਂਦੀ ਦੇਰੀ ਹੋਈ ਹੈ।

ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੁਪਰੀਮ ਕੋਰਟ ਵੱਲੋਂ ਰਹਿਮ ਦੀ ਅਪੀਲ ’ਤੇ ਫੈਸਲਾ ਲੈਣ ਦੀ ਹਦਾਇਤ ਦੇ ਬਾਵਜੂਦ ਭਾਈ ਰਾਜੋਆਣਾ ਨੁੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਇਸੇ ਤਰੀਕੇ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪ੍ਰੋ. ਭੁੱਲਰ ਦੀ ਰਿਹਾਈ ਰੋਕੀ ਹੋਈ ਹੈ ਤੇ ਸਰਕਾਰ ਦਾ ਸਜ਼ਾ ਸਮੀਖਿਆ ਬੋਰਡ ਇਸ ਮਾਮਲੇ ਵਿਚ ਫੈਸਲਾ ਨਹੀਂ ਲੈ ਰਿਹਾ। ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੁੰ ਇਸ ਮਾਮਲੇ ਵਿਚ ਸਿੱਖ ਕੌਮ ਨੁੰ ਜਵਾਬ ਦੇਣਾ ਚਾਹੀਦਾ ਹੈ।

ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਣਥੱਕ ਮੁਹਿੰਮ ਦੀ ਅਗਵਾਈ ਕੀਤੀ। ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰ ਘਬਾਦਲ ਨੇ ਨਾ ਸਿਰਫ ਭਾਈ ਰਾਜੋਆਣਾ ਨੂੰ ਫਾਂਸੀ ਦੇਣ ਦੇ ਨਿਆਂਇਕ ਹੁਕਮਾਂ ਦੀ ਜਨਤਕ ਨਿਖੇਧੀ ਕੀਤੀ ਬਲਕਿ ਉਹਨਾਂ ਇਹਨਾਂ ਹੁਕਮਾਂ ਦੀ ਪਾਲਣਾ ਤੋਂ ਵੀ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲ ਕੇ ਉਹਨਾਂ ਦੀ ਰਿਹਾਈ ਯਕੀਨੀ ਬਣਾਉਣ ਲਈ ਮੰਗ ਪੱਤਰ ਵੀ ਕੇਂਦਰ ਸਰਕਾਰ ਨੂੰ ਦਿੱਤਾ ਸੀ।

ਅਕਾਲੀ ਦਲ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਗੈਰ ਜ਼ਿੰਮੇਵਾਰਾਨਾਂ ਬਿਆਨਾਂ ਕਾਰਨ ਸੂਬੇ ਦੀ ਫਿਰਕੂ ਸਦਭਾਵਨਾ ਖਰਾਬ ਕਰਨ ਦੇ ਯਤਨਾਂ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਪਟਿਆਲਾ ਵਿਚ ਇਕਦਮ ਅੱਗ ਭੜਕਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਐਮ ਪੀ ਰਾਘਵ ਚੱਢਾ ਨੇ ਇਹ ਦਾਅਵਾ ਕੀਤਾ ਕਿ ਇਹ ਭਾਜਪਾ ਤੇ ਅਕਾਲੀ ਦਲ ਦੇ ਟਕਰਾਅ ਦੀ ਘਟਨਾ ਹੈ। ਉਹਨਾਂ ਕਿਹਾ ਕਿ ਇਹੀ ਬਿਆਨ ਸ੍ਰੀ ਕੇਜਰੀਵਾਲ ਤੇ ਬਾਅਦ ਵਿਚ ਪੰਜਾਬ ਦੇ ਮੁੱਖ ਮੰਤਰੀ ਨੇ ਦੁਹਰਾਇਆ। ਉਹਨਾਂ ਕਿਹਾ ਕਿ ਇਸ ਨਾਲ ਮੁੱਖ ਮੰਤਰੀ ਦੀ ਅਥਾਰਟੀ ਨੂੰ ਸੱਜ ਵੱਜੀ ਹੈ ਤੇ ਇਸ ਤੋਂ ਸਪਸ਼ਟ ਹੈ ਕਿ ਪੰਜਾਬ ਸਰਕਾਰ ਦਿੱਲੀ ਤੋਂ ਚਲਾਈ ਜਾ ਰਹੀ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਮੁੱਖ ਮੰਤਰੀ ਨੂੰ ਸੂਬੇ ਵਿਚ ਸ਼ਾਂਤੀ ਭੰਗ ਕਰਨ ਦੇ ਯਤਨਾਂ ਬਾਰੇ 4 ਦਿਨ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਪਰ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਸ਼ਿਵ ਸੈਨਾ ਦੇ ਆਗੂ ਹਰੀਸ਼ ਸਿੰਗਲਾ ਨੂੰ ਉਹਨਾਂ ਦੀ ਆਪਣੀ ਹੀ ਪਾਰਟੀ ਤੇ ਹਿੰਦੂ ਜਥੇਬੰਦੀਆਂ ਵੱਲੋਂ ਮੁੱਖ ਸਾਜ਼ਿਸ਼ਕਾਰ ਵਜੋਂ ਪਛਾਣੇ ਜਾਣ ਦੇ ਬਾਵਜੂਦ ਟਕਰਾਅ ਹੋਇਆ ਤੇ ਸਰਕਾਰ ਨੇ ਬਲਜਿੰਦਰ ਸਿੰਘ ਪਰਵਾਨਾ ਨੁੰ ਮੁੱਖ ਸਾਜ਼ਿਸ਼ਕਾਰ ਐਲਾਨ ਦਿੱਤਾ।

ਇਸਨੁੰ ਖਤਰਨਾਕ ਰੁਝਾਨ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਫਿਰਕੂ ਭਾਵਨਾਵਾਂ ਨਹੀਂ ਭੜਕਾਉਣੀਆਂ ਚਾਹੀਦੀਆਂ ਤੇ ਮੁੱਖ ਮੰਤਰੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੰਜਾਬ ਵਿਚ ਅਮਨ ਕਾਨੂੰਨ ਵਿਵਸਥਾ ਬਣੀ ਰਹੇ। ਉਹਨਾਂ ਮੁੜ ਦੁਹਰਾਇਆ ਕਿ ਅਕਾਲੀ ਦਲ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਹਮੇਸ਼ਾ ਡੱਟ ਕੇ ਕੰਮ ਕਰਦਾ ਰਹੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰ ਘਚੀਮਾ, ਵਿਰਸਾ ਸਿੰਘ ਵਲਟੋਹਾ, ਅਮਰਜੀਤ ਸਿੰਘ ਚਾਵਲਾ, ਭਾਈ ਗੁਰਚਰਨ ਸਿੰਘ ਗਰੇਵਾਲ, ਕਰਨੈਲ ਸਿੰਘ ਪੀਰਮੁਹੰਮਦ ਤੇ ਹਰਚਰਨ ਬੈਂਸ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION