42.8 C
Delhi
Sunday, May 19, 2024
spot_img
spot_img

ਸਵੇਰੇ ਦਿੱਲੀਉਂ ਮੁੜੇ ਚੰਨੀ ਨੂੂੰ ਸਿੱਧੂ ਸਣੇ ਫ਼ਿਰ ਦਿੱਲੀ ਸੱਦਿਆ, ਕੈਬਨਿਟ ਦੇ ਐਲਾਨ ਮਗਰੋਂ ਪੈ ਸਕਦੇ ‘ਨਵੇਂ ਪਟਾਕਿਆਂ’ ਤੋਂ ਚਿੰਤਿਤ ਹੈ ਹਾਈਕਮਾਨ

ਯੈੱਸ ਪੰਜਾਬ
ਨਵੀਂ ਦਿੱਲੀ, 24 ਸਤੰਬਰ, 2021:
ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਦੇ ਵਿਸਥਾਰ ਦਾ ਮਾਮਲਾ ਫ਼ਿਰ ਫ਼ਸਿਆ ਨਜ਼ਰ ਆ ਰਿਹਾ ਹੈ।

ਕੈਬਨਿਟ ਵਿਸਥਾਰ ਨੂੰ ਲੈ ਕੇ ਸ: ਚੰਨੀ ਨੂੰ 24 ਘੰਟਿਆਂ ਵਿੱਚ ਹੀ ਦੂਜੀ ਵਾਰ ਦਿੱਲੀ ਤਲਬ ਕੀਤਾ ਗਿਆ ਹੈ ਜਦਕਿ 20 ਸਤੰਬਰ ਨੂੰ ਸਹੁੰ ਚੁੱਕਣ ਵਾਲੇ ਮੁੱਖ ਮੰਤਰੀ ਦੀ 4 ਦਿਨਾਂ ਅੰਦਰ ਹੀ ਇਹ ਤੀਜੀ ਦਿੱਲੀ ਫ਼ੇਰੀ ਹੈ।

ਬੀਤੇ ਕਲ੍ਹ ਦਿੱਲੀ ਸੱਦੇ ਗਏ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਸ੍ਰੀ ਰਾਹੁਲ ਗਾਂਧੀ ਦੇ ਨਿਵਾਸ ’ਤੇ ਸ੍ਰੀ ਰਾਹੁਲ ਗਾਂਧੀ, ਸ੍ਰੀਮਤੀ ਪ੍ਰਿਅੰਕਾ ਗਾਂਧੀ, ਸ੍ਰੀ ਕੇ.ਵੇਨੂੰਗੋਪਾਲ ਅਤੇ ਸ੍ਰੀ ਹਰੀਸ਼ ਰਾਵਤ ਨਾਲ ਰਾਤ 10 ਵਜੇ ਸ਼ੁਰੂ ਹੋ ਕੇ ਤੜਕੇ 2 ਵਜੇ ਤਕ ਚੱਲੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਸ:ਚੰਨੀ ਦੇ ਅੱਜ ਸਵੇਰੇ ਚੰਡੀਗੜ੍ਹ ਮੁੜ ਆਉਣ ’ਤੇ ਇਹ ਸਮਝਿਆ ਹੀ ਨਹੀਂ ਸੀ ਜਾ ਰਿਹਾ ਸਗੋਂ ਸੂਤਰਾਂ ਨੇ ਵੀ ਇਹ ਜਾਣਕਾਰੀ ਦਿੱਤੀ ਸੀ ਕਿ ਕੈਬਨਿਟ ਮੰਤਰੀਆਂ ਦੀ ਚੋਣ ਦਾ ਮਾਮਲਾ ਸੁਲਝਾ ਲਿਆ ਗਿਆ ਹੈ ਅਤੇ ਇਸ ਸੰਬੰਧੀ ਐਲਾਨ ਜਾਂ ਸੂਚੀ ਕਿਸੇ ਵੀ ਵੇਲੇ ਜਾਰੀ ਕੀਤੀ ਜਾ ਸਕਦੀ ਹੈ।

ਇਸੇ ਉਡੀਕ ਦੇ ਦੌਰਾਨ ਦੁਪਹਿਰ ਤਕ ਸੂਚੀ ਤਾਂ ਨਹੀਂ ਆਈ, ਮੁੱਖ ਮੰਤਰੀ ਨੂੰ ਇਕ ਵਾਰ ਫ਼ਿਰ ਦਿੱਲੀ ਪੁੱਜਣ ਦਾ ਫ਼ੁਰਮਾਨ ਜ਼ਰੂਰ ਆ ਗਿਆ ਹੈ। ਇਸ ਵਾਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਨੂੰ ਵੀ ਨਾਲ ਸੱਦਿਆ ਗਿਆ ਹੈ। ਦੋਵੇਂ ਆਗੂ ਪੰਜਾਬ ਸਰਕਾਰ ਦੇ ਹੈਲੀਕਾਪਟਰ ਰਾਹੀਂ ਸ਼ਾਮ 5 ਵਜੇ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੋ ਗਏ ਜਿੱਥੇ ਸ: ਚੰਨੀ ਕਪੂਰਥਲਾ ਹਾਊਸ ਪੁੱਜੇ ਹਨ ਅਤੇ ਉਨ੍ਹਾਂ ਵੱਲੋਂ ਕਿਸੇ ਵੀ ਵੇਲੇ ਹਾਈਕਮਾਨ ਦੇ ਪ੍ਰਮੁੱਖ ਆਗੂਆਂ ਨਾਲ ਮੀਟਿੰਗ ਕੀਤੀ ਜਾ ਸਕਦੀ ਹੈ।

ਯਾਦ ਰਹੇ ਕਿ ਕੈਬਨਿਟ ਵਿੱਚ ਵਜ਼ੀਰੀਆਂ ਦੀ ਆਸ ਲਾਈ ਬੈਠੇ ਕਈ ਵਿਧਾਇਕ ਵੀ ਦਿੱਲੀ ਹੀ ਡੇਰਾ ਲਾਈ ਬੈਠੇ ਹਨ ਜਦਕਿ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖ਼ੜ ਜੋ ਸ੍ਰੀ ਰਾਹੁਲ ਗਾਂਧੀ ਅਤੇ ਸ੍ਰੀਮਤੀ ਪ੍ਰਿਅੰਕਾ ਗਾਂਧੀ ਦੀ ਦਿੱਲੀ ਵਾਪਸੀ ਸਮੇਂ ਚੰਡੀਗੜ੍ਹ ਹਵਾਈ ਅੱਡੇ ਤੋਂ ਉਨ੍ਹਾਂ ਦੇ ਨਾਲ ਹੀ ਦਿੱਲੀ ਗਏ ਸਨ, ਵੀ ਅਜੇ ਦਿੱਲੀ ਵਿੱਚ ਹੀ ਡੇਰਾ ਲਾਈ ਬੈਠੇ ਹਨ। ਉਂਜ ਇਹ ਖ਼ਬਰ ਆ ਰਹੀ ਹੈ ਕਿ ਸ੍ਰੀ ਜਾਖ਼ੜ ਨੂੰ ਕਿਸੇ ਅਹਿਮ ਜ਼ਿੰਮੇਵਾਰੀ ਦਾ ਵਾਅਦਾ ਕਰਕੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰ ਲਈ ਗਈ ਹੈ।

ਅਜੇ ਇਹ ਸਪਸ਼ਟ ਨਹੀਂ ਹੈ ਕਿ ਬੀਤੀ ਰਾਤ ਕਾਂਗਰਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਰਾਹੁਲ ਅਤੇ ਪ੍ਰਿਅੰਕਾ ਨਾਲ ਮੁੱਖ ਮੰਤਰੀ ਅਤੇ ਹੋਰ ਆਗੂਆਂ ਦੀ ਚਾਰ ਘੰਟੇ ਅਤੇ ਤੜਕੇ 2 ਵਜੇ ਤਕ ਚੱਲੀ ਮੀਟਿੰਗ ਤੋਂ ਬਾਅਦ ਤੈਅ ਸੂਚੀ ਦੇ ਐਲਾਨ ਨੂੰ ਬਰੇਕਾਂ ਕਿਸ ਕਾਰਨ ਲੱਗੀਆਂ ਹਨ।

ਸਮਝਿਆ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਨ ਦੀ ਚਿੰਤਾ ਹੁਣ ਮੰਤਰੀਆਂ ਦੀ ਚੋਣ ਨੂੰ ਲੈ ਕੇ ਘੱਟ ਹੈ। ਇਸ ਵੇਲੇ ਅਸਲ ਚਿੰਤਾ ਹਾਈਕਮਾਨ ਅਤੇ ਵਿਰੋਧੀ ਧੜੇ ਵੱਲੋਂ ਧੱਕੋਜ਼ੋਰੀਂ ਲਾਹੇ ਜਾਣ ਤੋਂ ਬੇਇੱਜ਼ਤ ਮਹਿਸੂਸ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਜ਼ਖ਼ਮੀ ਸ਼ੇਰ’ ਵਾਂਗ ਕੀਤੇ ਜਾ ਰਹੇ ਵਿਹਾਰ ਦੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨਾ ਕੇਵਲ ਸ:ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਨਾ ਬਣਨ ਦੇਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੋਣ ਦਾ ਐਲਾਨ ਕਰ ਚੁੱਕੇ ਹਨ ਸਗੋਂ ਬਾਅਦ ਵਿੱਚ ਤਾਂ ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਕਿ ਉਹ ਇਹ ਗੱਲ ਪੁਗਾਉਣਗੇ ਭਾਵੇਂ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿੱਚੋਂ ਬਾਹਰ ਹੀ ਕਿਉਂ ਨਾ ਕੱਢ ਦਿੱਤਾ ਜਾਵੇ।

ਯਾਦ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ੇ ਤੋਂ ਬਾਅਦ ਸਾਰੇ ਬਦਲ ਖੁਲ੍ਹੇ ਹੋਣ ਸੰਬੰਧੀ ਦਿੱਤੇ ਬਿਆਨ ਨੂੰ ਵੀ ਕਾਂਗਰਸ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਦੂਜੇ ਬੰਨੇ ਇਯ ਬਿਆਨ ਤੋਂ ਬਾਅਦ ਭਾਜਪਾ ਨੇ ਵੀ ਕੈਪਟਨ ਅਮਰਿੰਦਰ ਪ੍ਰਤੀ ਆਪਣੇ ਸੁਰ ਨਰਮ ਹੀ ਨਹੀਂ ਕੀਤੇ ਸਗੋਂ ਉਨ੍ਹਾਂ ਨੂੰ ਰਾਸ਼ਟਰਵਾਦੀ ਦੱਸਦੇ ਹੋਏ ਉਨ੍ਹਾਂ ਦੀ ਸ਼ਲਾਘਾ ਕਰਨੀ ਸ਼ੁਰੂ ਕੀਤੀ ਹੈ।

ਹਾਈਕਮਾਨ ਦੀ ਚਿੰਤਾ ਇਹ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਹਮਲਾ ਸ: ਸਿੱਧੂ ਤਕ ਹੀ ਸੀਮਤ ਨਹੀਂ ਰੱਖ਼ਿਆ ਸਗੋਂ ਸ੍ਰੀ ਰਾਹੁਲ ਗਾਂਧੀ ਅਤੇ ਸ੍ਰੀਮਤੀ ਪ੍ਰਿਅੰਕਾ ਗਾਂਧੀ ਪ੍ਰਤੀ ਵੀ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਉਨ੍ਹਾਂ ਨੂੰ ਗੈਰ ਤਜਰਬੇਕਾਰ ਆਗੂ ਕਰਾਰ ਦੇਣ ਦੇਨਾਲ ਨਾਲ ਇਸ ਗੱਲ’ਤੇ ਵੀ ਸਵਾਲ ਉਠਾਏ ਹਨ ਕਿ ਸ: ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਦੇ ਬਾਵਜੂਦ ਕੈਬਨਿਟ ਮੰਤਰੀਆਂ ਦੀ ਚੋਣ ਬਾਰੇ ਫ਼ੈਸਲਾ ਦਿੱਲੀ ਵਿੱਚ ਸ੍ਰੀ ਰਾਹੁਲ ਗਾਂਧੀ, ਸ੍ਰੀਮਤੀ ਪ੍ਰਿਅੰਕਾ ਗਾਂਧੀ, ਸ੍ਰੀ ਕੇ.ਸੀ.ਵੇਨੂੰਗੋਪਾਲ, ਸ੍ਰੀ ਹਰੀਸ਼ ਰਾਵਤ ਅਤੇ ਸ੍ਰੀ ਅਜੇ ਮਾਕਨ ਆਦਿ ਕਰ ਰਹੇ ਹਨ।

ਹਾਈਕਮਾਨ ਲਈ ਕੈਪਟਨ ਕੈਬਨਿਟ ਵਿੱਚ ਸ਼ਾਮਲ ਰਹੇ 5-6 ਮੰਤਰੀਆਂ ਨੂੰ ਲਾਂਭੇ ਕਰਨਾ ਜ਼ਰੂਰੀ ਹੈ। ਚਿੰਤਾ ਇਹ ਹੈ ਕਿ ਇਹ ਕੱਢੇ ਗਏ ਮੰਤਰੀਆਂ ਦੇ ਹੀ ਕੈਪਟਨ ਅਮਰਿੰਦਰ ਸਿੰਘ ਨਾਲ ਜਾ ਖੜ੍ਹਣ ਦੀ ਸੰਭਾਵਨਾ ਨਹੀਂ ਸਗੋਂ ਸਰਕਾਰ ਦੇ ਅੰਤਲੇ ਵੇਲੇ ਇਕ ਵਾਰ ਝੰਡੀ ਵਾਲੀ ਕਾਰ ਦਾ ਚਾਅ ਲਾਹੁਣ ਨੂੰ ਤਿਆਰ ਬੈਠੇ ਵਿਧਾਇਕਾਂ ਵਿੱਚੋਂ ਜਿਹੜੇ ‘ਅਡਜਸਟ’ ਨਾ ਕੀਤੇ ਜਾ ਸਕੇ, ਉਹ ਵੀ ਕੈਪਟਨ ਅਮਰਿੰਦਰ ਸਿੰਘ ਦੇ ਕੈਂਪ ਵਿੱਚ ‘ਅਡਜਸਟ’ ਹੋ ਕੇ ਚੰਨੀ ਸਰਕਾਰ ਲਈ ਖ਼ਤਰੇ ਦੀ ਘੰਟੀ ਬਣ ਸਕਦੇ ਹਨ।

ਕਾਂਗਰਸ ਪਾਰਟੀ ਅੰਦਰ ਹਾਲਾਤ ਇਹ ਬਣ ਗਏ ਹਨ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਹਾਈਕਮਾਨ ਵਿਚਾਲੇ ਖ਼ਰਾਬੀ ਸੁਲਹ ਹੋ ਸਕਣ ਵਾਲੀ ਗੱਲ ਤੋਂ ਅਗਾਂਹ ਨਿਕਲ ਗਈ ਜਾਪਦੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਗਰਜ ਕੇਵਲ ਪੰਜਾਬ ਤਕ ਹੀ ਨਹੀਂ ਰਹੀ ਸਗੋਂ ਹਾਈਕਮਾਨ ਦੇ ਸਾਹਮਣੇ ਕੈਪਟਨ ਵੱਲੋਂ ਪੇਸ਼ ਕੀਤਾ ਚੈÇਲੰਜ ਕੌਮੀ ਪੱਧਰ ’ਤੇ ਵੇਖ਼ਿਆ ਤੇ ਵਾਚਿਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਜਿਸ ਤਰ੍ਹਾਂ ਲਾਂਭੇ ਕੀਤਾ ਗਿਆ ਹੈ, ਉਸ ਉੱਤੇ ਪਹਿਲਾਂ ਹੀ ਗਾਂਧੀ ਪਰਿਵਾਰ ਲਈ ਚੁਣੌਤੀ ਬਣੇ ਹੋਏ ਸੀਨੀਅਰ ਅਤੇ ਕੌਮੀ ਕਾਂਗਰਸ ਆਗੂਆਂ ਦੇ ਜੀ-23 ਗਰੁੱਪ ਵੱਲੋਂ ਸਿੱਧੇ ਤੌਰ ’ਤੇ ਕੋਈ ਪ੍ਰਤੀਕਰਮ ਨਹੀਂ ਆਇਆ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION