36.7 C
Delhi
Friday, April 26, 2024
spot_img
spot_img

ਸਵਾਮੀ ਦਾ ਕਰਤਾਰਪੁਰ ਲਾਂਘੇ ਬਾਰੇ ਬਿਆਨ – ਮੋਦੀ ਸਥਿਤੀ ਸਪਸ਼ਟ ਕਰਨ: ਸਿੱਖ ਬੁਧੀਜੀਵੀ

ਚੰਡੀਗੜ੍ਹ 25 ਅਗਸਤ, 2019:

ਅੱਜ ਸਿੱਖ ਬੁੱਧੀਜੀਵੀਆਂ ਨੇ ਇੱਥੇ ਇਕ ਮੀਟਿੰਗ ਦੌਰਾਨ ਭਾਜਪਾ ਦੇ ਮੈਂਬਰ ਪਾਰਲੀਮੈਂਟ ਸੁਬਰਾਮਨੀਅਨ ਸੁਆਮੀ ਵਲੋਂ ਕਰਤਾਰਪੁਰ ਸਾਹਿਬ ਦੇ ਚਲਦੇ ਲਾਂਘੇ ਦੇ ਕੰਮ ਨੂੰ ਰੋਕਣ ਸਬੰਧੀ ਦਿੱਤੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਂਘੇ ਬਾਰੇ ਆਪਣਾ ਪੱਖ ਸਪਸ਼ਟ ਕਰੇ ਕਿਉਂਕਿ ਗਾਹੇ – ਬਗਾਹੇ ਦਿੱਤੇ ਅਜਿਹੇ ਬਿਆਨ ਸਿੱਖਾਂ ਵਿਚ ਦੁਬਿਧਾ ਅਤੇ ਘਬਰਾਹਟ ਪੈਦਾ ਕਰਦੇ ਹਨ।

ਬੁੱਧੀਜੀਵੀਆਂ ਨੇ ਸਾਂਝੇ ਬਿਆਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯਾਦ ਕਰਵਾਇਆ ਕਿ ਉਸਨੇ ਪਿਛਲੇ ਸਾਲ 22 ਨਵੰਬਰ ਨੂੰ ਆਪਣੀ ਕੈਬਿਨਟ ਮੀਟਿੰਗ ਵਿਚ ਐਲਾਨ ਕੀਤਾ ਕਿ, “ਕਿਸ ਨੇ ਸੋਚਿਆ ਸੀ ਕਿ ਜਰਮਨੀ ਦੀ ਬਰਲਿਨ ਦੀ ਕੰਧ ਡਿੱਗ ਪਵੇਗੀ ਪਰ ਗੁਰੂ ਨਾਨਕ ਸਾਹਿਬ ਦੇ ਆਸ਼ੀਰਵਾਦ ਨਾਲ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਗਿਆ ਹੈ ਜਿਹੜਾ ਦੋਹਾਂ ਮੁਲਕਾਂ ਦਰਮਿਆਨ ਪੁਲ ਦਾ ਕੰਮ ਕਰੇਗਾ।”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਕੁ ਮਹੀਨੇ ਪਹਿਲਾਂ ਪੰਜਾਬ ਅਤੇ ਰਾਜਸਥਾਨ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ, “ਮੈਂ ਦੇਸ਼ ਦੀ ਵੰਡ ਸਮੇਂ ਕਾਂਗਰਸੀ ਲੀਡਰਾਂ ਵਲੋਂ ਕੀਤੀਆਂ ਗਲਤੀਆਂ ਨੂੰ ਦਰੁਸਤ ਕਰ ਰਿਹਾਂ ਹਾਂ।” ਉਨ੍ਹਾਂ ਇਹ ਵੀ ਕਿਹਾ ਕਿ, “ਕਾਂਗਰਸੀ ਲੀਡਰਾਂ ਨੂੰ ਨਾ ਤਾਂ ਗੁਰੂ ਨਾਨਕ ਸਾਹਿਬ ਦੀ ਮਹੱਤਤਾ ਦਾ ਪਤਾ ਸੀ ਅਤੇ ਨਾ ਹੀ ਸਿੱਖਾਂ ਦੀ ਗੁਰੂ ਪ੍ਰਤੀ ਸ਼ਰਧਾ ਅਤੇ ਅਟੁੱਟ ਭਾਵਨਾ ਦਾ ਕੋਈ ਖਿਆਲ ਸੀ, ਨਹੀਂ ਤਾਂ ਕਰਤਾਰਪੁਰ ਸਾਹਿਬ ਉਸ ਸਮੇਂ ਹੀ ਭਾਰਤ ਵਾਲੇ ਪਾਸੇ ਹੋ ਜਾਂਦਾ।”

ਇਹੋ ਜਿਹੀਆਂ ਭਾਵਨਾਵਾਂ ਦਾ ਪ੍ਰਗਟਾਵਾ ਬੀਜੇਪੀ ਨੇਤਾ ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਨੇ ਆਪਣੀਆਂ ਜਨਤਕ ਰੈਲੀਆਂ ਵਿਚ ਕਈ ਵਾਰ ਕੀਤਾ ਹੈ।

ਸਿੱਖ ਬੁੱਧੀਜੀਵੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਪੁਰਜ਼ੋਰ ਨਿਖੇਧੀ ਕੀਤੀ ਕਿ ਉਸਦੇ ਲਾਂਘੇ ਬਾਰੇ ਦਿੱਤੇ ਗਲਤ ਬਿਆਨਾਂ ਕਰਕੇ ਵੀ ਸਿੱਖਾਂ ਅੰਦਰ ਬਹੁਤ ਜ਼ਿਆਦਾ ਭਰਮ ਭੁਲੇਖੇ ਪੈਦਾ ਹੋਏ ਹਨ।

ਇਹ ਨੁਕਤਾ ਖ਼ਾਸ ਤੌਰ ‘ਤੇ ਸਮਝਣ ਵਾਲਾ ਹੈ ਕਿ ਲਾਂਘਾ ਇਕੱਲਾ ਪਾਕਿਸਤਾਨ ਦੀ ਇੱਛਾ ਨਾਲ ਨਹੀਂ ਬਣਿਆ, ਸਗੋਂ ਭਾਰਤ ਵਲੋਂ ਵੀ ਪਹਿਲ ਕਦਮੀ ਕੀਤੀ ਗਈ ਸੀ ਅਤੇ ਦੇਸ਼ ਦੇ ਉਪ ਰਾਸ਼ਟਰਪਤੀ ਵਲੋਂ ਇਸਦਾ ਉਦਘਾਟਨ ਕੀਤਾ ਗਿਆ।

ਯਾਦ ਰਹੇ ਕਿ ਦੋਨਾਂ ਮੁਲਕਾਂ ਦੁਆਰਾ ਲਾਂਘੇ ਦਾ 90% ਕੰਮ ਪੂਰਾ ਹੋ ਚੁੱਕਿਆ ਹੈ ਅਤੇ ਭਾਰਤ ਸਰਕਾਰ ਵਲੋਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੱਕ ਦੋ ਮਹੀਨਿਆਂ ਦੇ ਅੰਦਰ ਅੰਦਰ ਪੂਰਾ ਕਰਨ ਦੀ ਵਚਨਬੱਧਤਾ ਹੈ। ਇਸ ਸਥਿਤੀ ਵਿਚ ਲਾਂਘੇ ਦੇ ਕੰਮ ਨੂੰ ਰੋਕਣ ਦਾ ਬਿਆਨ ਦੇਣਾ ਬਹੁਤ ਹੀ ਦੁਖ ਦਾਇਕ ਹੈ ਅਤੇ ਸਰਕਾਰ ਪ੍ਰਤੀ ਸ਼ੱਕ ਦੀ ਭਾਵਨਾ ਪੈਦਾ ਕਰਦਾ ਹੈ। ਕੱਲ ਦੇ ਸੈਮੀਨਾਰ ਵਿਚ ਸੁਬਰਾਮਨੀਅਨ ਸੁਆਮੀ ਦੇ ਨਾਲ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਦਾ ਹਾਜ਼ਰ ਹੋਣਾ ਸਿੱਖਾਂ ਦੇ ਸ਼ੱਕ ਨੂੰ ਹੋਰ ਪਕੇਰਾ ਕਰਦਾ ਹੈ। ਸੁਮੇਧ ਸੈਣੀ ਮੁੱਢ ਤੋਂ ਹੀ ਲਾਂਘੇ ਦੇ ਵਿਰੁੱਧ ਕਈ ਬਿਆਨ ਦੇ ਚੁੱਕਾ ਹੈ।

ਅੱਜ ਮੀਟਿੰਗ ਵਿਚ ਹੇਠ ਲਿਖੇ ਬੁੱਧੀਜੀਵੀ ਸ਼ਾਮਿਲ ਸਨ: ਸ. ਗੁਰਤੇਜ ਸਿੰਘ ਸਾਬਕਾ ਆਈ.ਏ.ਐਸ, ਪ੍ਰੋ. ਗੁਰਦਰਸ਼ਨ ਸਿੰਘ ਢਿਲੋਂ, ਗੁਰਪ੍ਰੀਤ ਸਿੰਘ (ਪ੍ਰਧਾਨ ਇੰਸਟੀਚਿਊਟ ਆਫ ਸਿੱਖ ਸਟੱਡੀਜ਼), ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਿੰਦਰ ਸਿੰਘ (ਖਾਲਸਾ ਪੰਚਾਇਤ) ਖੁਸ਼ਹਾਲ ਸਿੰਘ ਜਨਰਲ ਸੈਕਟਰੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ|

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION