25.1 C
Delhi
Friday, May 3, 2024
spot_img
spot_img

ਸਮਾਜ ਬਦਲਣ ਦਾ ਮਾਰਗ-ਦਰਸ਼ਕ ਹੈ ਮਾਰਕਸੀ ਫਲਸਫ਼ਾ: ਡਾ. ਪਰਮਿੰਦਰ

ਯੈੱਸ ਪੰਜਾਬ
ਜਲੰਧਰ, 5 ਮਈ, 2022 –
5 ਮਈ 1818 ਨੂੰ ਟਰੀਅਰ (ਜਰਮਨੀ) ਵਿੱਚ ਜਨਮੇ ਕਾਰਲ ਮਾਰਕਸ ਦੇ 204ਵੇਂ ਜਨਮ ਦਿਹਾੜੇ ’ਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਭਾਈ ਸੰਤੋਖ ਸਿੰਘ ਕਿਰਤੀ ਭਾਸ਼ਣ ਲੜੀ ਤਹਿਤ, ਮਾਰਕਸ ਜੀਵਨ ਸੰਗਰਾਮ, ਦਰਸ਼ਨ, ਰਾਜਨੀਤੀ, ਆਰਥਕ, ਸਮਾਜਕ, ਸਭਿਆਚਾਰਕ ਪੱਖਾਂ ਅਤੇ ਸਾਡੇ ਸਮਿਆਂ ਨੂੰ ਦਰਪੇਸ਼ ਚੁਣੌਤੀਆਂ ਉਪਰ ਗੰਭੀਰ ਵਿਚਾਰ-ਚਰਚਾ ਕੀਤੀ ਗਈ।

ਵਿਚਾਰ-ਚਰਚਾ ਮੌਕੇ ਮੰਚ ’ਤੇ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਕਮੇਟੀ ਮੈਂਬਰ ਜਗਰੂਪ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਸਸ਼ੋਭਤ ਸਨ। ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਸਮਾਗਮ ਦੇ ਆਗਾਜ਼ ਮੌਕੇ ਬੋਲਦਿਆਂ ਕਿਹਾ ਕਿ ਕਾਰਲ ਮਾਰਕਸ ਦਾ ਜਨਮ ਦਿਹਾੜਾ ਅਸੀਂ ਪਰੰਪਰਾਗਤ ਅੰਦਾਜ਼ ਵਿੱਚ ਨਹੀਂ ਮਨਾਉਂਦੇ ਸਗੋਂ ਦੇਸ਼-ਦੁਨੀਆਂ ਦੇ ਸਾਹਮਣੇ ਖੜ੍ਹੀਆਂ ਤਿੱਖੀਆਂ ਚੁਣੌਤੀਆਂ ਸਰ ਕਰਨ ਲਈ ਜੂਝਦੇ ਸੰਸਾਰ ਭਰ ਦੇ ਲੋਕਾਂ ਅੱਗੇ ਆਸ਼ਾਵਾਦ ਦੀ ਮਸ਼ਾਲ ਜਗਦੀ ਰੱਖ ਰਹੇ ਕਾਫ਼ਲਿਆਂ ਨੂੰ ਜਨਮ ਦਿਹਾੜੇ ’ਤੇ ਹਕੀਕੀ ਮੁਬਾਰਕਵਾਦ ਦਿੰਦੇ ਹਾਂ।

ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਕਾਰਲ ਮਾਰਕਸ ਬਹੁਤ ਹੀ ਮਹੱਤਵਪੂਰਨ ਨੁਕਤੇ ’ਤੇ ਉਂਗਲ ਧਰਦਾ ਹੈ ਕਿ ਅਜੇ ਤੱਕ ਦਾਰਸ਼ਨਿਕਾਂ ਨੇ ਸਮਾਜ ਦੀ ਵਿਆਖਿਆ ਕੀਤੀ ਹੈ ਜਦੋਂ ਕਿ ਅਸਲ ਨੁਕਤਾ ਸਮਾਜ ਨੂੰ ਬਦਲਣ ਦਾ ਹੈ। ਡਾ. ਪਰਮਿੰਦਰ ਨੇ ਹੀਗਲ, ਫਿਊਰਬਾਖ਼, ਡਾਰਵਿਨ ਅਤੇ ਕਾਰਲ ਮਾਰਕਸ ਦਾ ਹਵਾਲਾ ਦਿੰਦਿਆਂ, ਧਰਤੀ, ਸੂਰਜ, ਬ੍ਰਹਿਮੰਡ, ਜੀਵ-ਵਿਗਿਆਨ ਅਤੇ ਮਨੁੱਖੀ ਵਿਕਾਸ ਦੇ ਪੜਾਵਾਂ ਉਪਰ ਵਿਗਿਆਨਕ ਨਜ਼ਰੀਏ ਤੋਂ ਰੌਸ਼ਨੀ ਪਾਈ।

ਡਾ. ਪਰਮਿੰਦਰ ਨੇ ਕਿਹਾ ਕਿ ਮਨੁੱਖ ਵੱਖ-ਵੱਖ ਪੜਾਵਾਂ ਵਿੱਚੀਂ ਸੰਘਰਸ਼ ਕਰਦਿਆਂ ਹਾਲਾਤ ਨਾਲ ਦਸਤਪੰਜਾ ਲੈ ਰਿਹਾ ਅਤੇ ਸਮਾਜ ਨੂੰ ਬਦਲਕੇ ਸਭੇ ਨਿਆਮਤਾਂ ਮਨੁੱਖ ਦੀ ਝੋਲੀ ਪਾਉਣ ਲਈ ਸਫ਼ਰ ਤੇ ਹੈ ਅਤੇ ਰਹੇਗਾ। ਕਮੇਟੀ ਮੈਂਬਰ ਜਗਰੂਪ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਰਲ ਮਾਰਕਸ ਨੇ ਫਲਸਫ਼ੇ ਦੇ ਖੇਤਰ ਵਿੱਚ ਇਨਕਲਾਬ ਕੀਤਾ ਹੈ। ਉਹਨਾਂ ਕਿਹਾ ਕਿ ਚਾਰ ਮੁਲਕਾਂ ’ਚੋਂ ਮਾਰਕਸ ਨੂੰ ਇਸ ਕਰਕੇ ਦੇਸ਼ ਨਿਕਾਲਾ ਮਿਲਿਆ ਕਿਉਂਕਿ ਮਾਰਕਸ ਦਾ ਫਲਸਫ਼ਾ ਪਦਾਰਥਵਾਦੀ ਹੈ। ਜਿਹੜਾ ਇਹ ਨਜ਼ਰੀਆ ਦਿੰਦਾ ਹੈ ਕਿ ਸਮਾਜ ਨੂੰ ਬਦਲਣਾ ਕਿਵੇਂ ਹੈ।

ਇਸ ਤੋਂ ਦੁਨੀਆਂ ਭਰ ਦੀਆਂ ਸਮਾਜ-ਦੋਖੀ ਤਾਕਤਾਂ ਭੈਅ ਖਾਂਦੀਆਂ ਹਨ। ਕਾਰਲ ਮਾਰਕਸ ਦੀ ਸੰਸਾਰ ਵਿਆਪੀ ਸਰਵੋਤਮ ਰਚਨਾ ‘ਪੂੰਜੀ’ ਲਿਖਣ ਤੋਂ ਪਹਿਲਾਂ ਹੀ ਮਾਰਕਸ, ਉਹਨਾਂ ਤਾਕਤਾਂ ਦੀ ਅੱਖ ’ਚ ਰੜਕਣ ਲੱਗ ਗਿਆ ਸੀ, ਜਿਹੜੀਆਂ ਵਿਗਿਆਨਕ ਫਿਲਾਸਫ਼ੀ ਤੋਂ ਸਮਾਜ ਨੂੰ ਹਨੇਰੇ ਵਿੱਚ ਰੱਖਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੀਆਂ ਯੂਨੀਵਰਸਿਟੀਆਂ ਵਿੱਚ ਮਾਰਕਸੀ ਫਲਸਫ਼ੇ ਦੀ ਜੋ ਹਾਕਮ ਜਮਾਤਾਂ ’ਤੇ ਡੰਗ ਮਾਰਨ ਦੀ ਸ਼ਕਤੀ ਹੈ, ਉਹ ਕੱਢਕੇ ਕਾਨੂੰਨੀ ਮਾਰਕਸਵਾਦ ਪੜ੍ਹਾਇਆ ਜਾ ਰਿਹਾ ਹੈ। ਜਗਰੂਪ ਨੇ ਕਿਹਾ ਕਿ ਅਜੋਕੇ ਮਾਰਕਸਵਾਦੀਆਂ ਅੱਗੇ ਤਿੱਖੀ ਚੁਣੌਤੀ ਖੜ੍ਹੀ ਹੈ ਕਿ ਉਹ ਸਿਰਫ਼ ਅਤੀਤ ਜਾਂ ਵਰਤਮਾਨ ਦੀਆਂ ਹੀ ਬਾਤਾਂ ਨਾ  ਪਾਉਂਦੇ ਰਹਿਣ ਸਗੋਂ ਭਵਿੱਖ ਵਿੱਚ ਕੀ ਕਰਨਾ ਹੈ, ਕਿਵੇਂ ਕਰਨਾ ਹੈ; ਇਹ ਨੁਕਤਾ ਬੇਹੱਦ ਮਹੱਤਵਪੂਰਣ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੇ ਭਾਜਪਾ ਦੇ ਫ਼ਿਰਕੂ ਪੱਤੇ ਚੱਲਣ ਨਹੀਂ ਦਿੱਤੇ। ਇਸ ਅੰਦੋਲਨ ਨੇ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕੀਤੀਆਂ। 20 ਰੁਪਏ ਤੋਂ ਵੀ ਘੱਟ ਕਮਾਉਣ ਵਾਲੇ ਕਾਮਿਆਂ ਦੀ ਜਦੋਜਹਿਦ 1 ਪ੍ਰਤੀਸ਼ਤ ਧੰਨ-ਕੁਬੇਰ ਮਗਰਮੱਛਾਂ ਨਾਲ ਹੈ। ਇਹ ਤੱਥਾਂ ਸਹਿਤ ਸਮਝਾਉਂਦਿਆਂ ਜਗਰੂਪ ਨੇ ਕਿਹਾ ਕਿ ਲੋਕਾਂ ਨੂੰ ਆਰਥਕ ਮਸਲਿਆਂ ਤੋਂ ਰਾਜਨੀਤਕ ਮਸਲਿਆਂ ਅਤੇ ਰਾਜਨੀਤਕ ਚੇਤਨਾ ਵੱਲ ਤੋਰਨ ਦੀ ਲੋੜ ਹੈ।

ਨਾਮਵਰ ਲੇਖਕ ਅਤੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਜੀਣ, ਪਹਿਨਣ-ਪਚਰਨ, ਧਾਰਮਕ, ਜਮਹੂਰੀ, ਭਾਸ਼ਾ, ਮਨੁੱਖੀ ਹੱਕਾਂ ਉਪਰ ਜਦੋਂ ਸੱਤਾ ਦੇ ਗਰੂਰ ਕਾਰਨ ਬੁਲਡੋਜ਼ਰ ਚਾੜਿ੍ਹਆ ਜਾਂਦਾ ਹੈ, ਉਸ ਵੇਲੇ ਸਾਨੂੰ ਵਿਸ਼ਾਲ ਲੋਕ-ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਭਵਿੱਖ ਦੀ ਬੁੱਕਲ ’ਚ ਬੇਹੱਦ ਗੰਭੀਰ ਅਤੇ ਤਿੱਖੀਆਂ ਚੁਣੌਤੀਆਂ ਸਾਹਮਣੇ ਨੇ, ਇਸ ਲਈ ਵਕਤ ਦੀ ਨਾਜ਼ੁਕਤਾ ਅਤੇ ਦਸਤਕ ਨੂੰ ਸਮਝਦੇ ਹੋਏ, ਸਿਦਕਦਿਲੀ ਨਾਲ ਮੈਦਾਨ ’ਚ ਨਿੱਤਰਨ ਦੀ ਲੋੜ ਹੈ। ਉਹਨਾਂ ਨੇ ਕਮੇਟੀ ਦੇ ਨਿਰੰਤਰ ਯਤਨਾਂ ਨੂੰ ਮੁਬਾਰਕਵਾਦ ਦਿੱਤੀ।

ਪ੍ਰਧਾਨਗੀ ਮੰਡਲ ਦੀ ਤਰਫ਼ੋਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਫਲਸਫ਼ੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਇਉਂ ਹੀ ਇਨਕਲਾਬੀ ਸਮਾਜਕ ਬਦਲ ਨੂੰ ਪ੍ਰਨਾਈ ਲੋਕ ਲਹਿਰ ਸਿਰਜੀ ਜਾ ਸਕਦੀ ਹੈ।
ਉਹਨਾਂ ਕਿਹਾ ਕਿ ਮਾਰਕਸਵਾਦੀ ਹੋਣ ਦੀ ਹਕੀਕੀ ਕਸਵੱਟੀ ਸਮਾਜ ਅੰਦਰ ਜਮਾਤੀ ਚੇਤਨਾ, ਜਮਾਤੀ ਲਹਿਰ ਖੜ੍ਹੀ ਕਰਨਾ ਅਤੇ ਵਿਚਾਰਧਾਰਕ ਪਰਪੱਕਤਾ ਦੀਆਂ ਜੜ੍ਹਾਂ ਮਜ਼ਬੂਤ ਕਰਨਾ ਹੈ।

ਮੰਚ ਸੰਚਾਲਨ ਦੀ ਭੂਮਿਕਾ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਅਦਾ ਕੀਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION