33.1 C
Delhi
Sunday, June 2, 2024
spot_img
spot_img
spot_img

ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਅਤੇ ਸਿੰਧੀ ਸਮਾਜ ਵਿਚ ਪਾੜਾ ਪਾਉਣ ਵਾਲੀਆਂ ਕਾਰਵਾਈਆਂ ਨੂੰ ਰੋਕਣ ਦੀ ਸਰਕਾਰ ਨੂੰ ਅਪੀਲ

ਯੈੱਸ ਪੰਜਾਬ
ਅੰਮ੍ਰਿਤਸਰ 17 ਫਰਵਰੀ, 2023:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਧੀ ਸਮਾਜ ਦੇ ਮਾਮਲੇ ਸਬੰਧੀ ਸਥਾਨਕ ਸਿੱਖਾਂ ਅਤੇ ਸਿੰਧੀ ਸਮਾਜ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਇਕ ਉੱਚ ਪੱਧਰੀ ਵਫ਼ਦ ਇੰਦੌਰ ਭੇਜਿਆ ਗਿਆ ਸੀ, ਜਿਸ ਨੇ ਆਪਣੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਭੇਜੇ ਗਏ ਇਸ ਵਫਦ ਵਿਚ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸ. ਸੁਖਵਰਸ਼ ਸਿੰਘ ਪੰਨੂ, ਵਧੀਕ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਛੱਤੀਸਗੜ੍ਹ ਸਿੱਖ ਮਿਸ਼ਨ ਦੇ ਇੰਚਾਰਜ ਭਾਈ ਗੁਰਮੀਤ ਸਿੰਘ ਅਤੇ ਆਈਟੀ ਵਿਭਾਗ ਦੇ ਨੁਮਾਇੰਦੇ ਸ. ਜਸਕਰਨ ਸਿੰਘ ਸ਼ਾਮਲ ਸਨ।

ਵਫਦ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਦੱਸਿਆ ਕਿ ਇੰਦੌਰ ਵਿਖੇ ਸਿੰਧੀ ਸਿੱਖ ਪਰਿਵਾਰਾਂ ਦੇ ਘਰਾਂ ਅਤੇ ਉਨ੍ਹਾਂ ਵੱਲੋਂ ਸਥਾਪਤ ਕੀਤੇ ਅਸਥਾਨਾਂ ਤੋਂ ਕੁਝ ਲੋਕਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੁੱਕਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੀ ਗੰਭੀਰਤਾ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਵਫਦ ਨੇ ਇੰਦੌਰ ਵਿਖੇ ਜਿਥੇ ਸਿੱਖ ਆਗੂਆਂ ਨਾਲ ਵਿਚਾਰਾਂ ਕਰਕੇ ਘਟਨਾਵਾਂ ਦੀ ਜਾਣਕਾਰੀ ਲਈ, ਉੱਥੇ ਹੀ ਸਿੰਧੀ ਸਮਾਜ ਦੇ ਆਗੂਆਂ ਨਾਲ ਵੀ ਸੁਖਾਂਵੇਂ ਮਾਹੌਲ ਵਿਚ ਗੱਲਬਾਤ ਕੀਤੀ।

ਉਨ੍ਹਾਂ ਦੱਸਿਆ ਕਿ ਵਫਦ ਨੇ ਮਹਿਸੂਸ ਕੀਤਾ ਕਿ ਸਿੰਧੀ ਸਮਾਜ ਸਿੱਖ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੇਹੱਦ ਸਤਿਕਾਰ ਕਰਦਾ ਹੈ, ਇਸ ਲਈ ਇਨ੍ਹਾਂ ਨੂੰ ਨਾਲ ਜੋੜੀ ਰੱਖਣ ਲਈ ਵਿਸ਼ੇਸ਼ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇੰਦੌਰ ਦੌਰੇ ਦੌਰਾਨ ਇਹ ਵੀ ਵੇਖਣ ਨੂੰ ਮਿਲਿਆ ਕਿ ਸਿੰਧੀ ਸਮਾਜ ਵਿੱਚ ਦੋ ਵਿਚਾਰਧਾਰਾ ਵਾਲੇ ਲੋਕ ਹਨ, ਇਕ ਉਹ ਹਨ ਜੋ ਸਨਾਤਨ ਰਸਮਾਂ ਰੀਤਾਂ ਨੂੰ ਮੰਨਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਨ, ਜਦਕਿ ਦੂਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੁਕੰਮਲ ਸ਼ਰਧਾ ਰੱਖਦੇ ਹਨ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੀ ਇਕ ਮਰਯਾਦਾ ਹੈ, ਜਿਸ ਨੂੰ ਲਾਗੂ ਕਰਵਾਉਣ ਦੀ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ। ਇਸ ਵਾਸਤੇ ਜਿਹੜੇ ਗੁਰੂ ਘਰ ਦੀ ਮਰਯਾਦਾ ਦਾ ਪਾਲਣ ਕਰਨ ਲਈ ਵਚਨਬੱਧ ਹਨ, ਉਨ੍ਹਾਂ ਨੂੰ ਨਾਲ ਜੋੜ ਕੇ ਦੂਸਰਿਆਂ ਨੂੰ ਵੀ ਮਰਯਾਦਾ ਪ੍ਰਤੀ ਜਾਗਰੂਕ ਕੀਤਾ ਜਾਵੇ। ਇਸ ਕਾਰਜ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਦੇ ਨਾਲ-ਨਾਲ ਸਿੰਘ ਸਭਾਵਾਂ ਅਤੇ ਸਿੱਖ ਮਰਯਾਦਾ ਨੂੰ ਮੰਨਣ ਵਾਲੇ ਸਿੰਧੀਆਂ ਨੂੰ ਨਾਲ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਬਾਰੇ ਪ੍ਰੇਰਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਗੁਰਦੁਆਰਾ ਇਮਲੀ ਸਾਹਿਬ ਵਿਖੇ ਆਏ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਵਿਚ ਬਹੁਤ ਸਾਰੇ ਸਰੂਪ ਬਿਰਦ ਹਨ, ਜਿਨ੍ਹਾਂ ਨੂੰ ਸ੍ਰੀ ਅੰਮ੍ਰਿਤਸਰ ਲਿਆਉਣ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਅਤੇ ਸਤਿਕਾਰ ਨਾਲ ਸੇਵਾ ਕਰਨ ਵਾਲਿਆਂ ਲਈ ਲੋੜ ਅਨੁਸਾਰ ਸਰੂਪ ਪਹੁੰਚਾਉਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ।

ਭਾਈ ਅਭਿਆਸੀ ਨੇ ਕਿਹਾ ਕਿ ਸਿੰਧੀ ਸਮਾਜ ਦੇ ਆਗੂਆਂ ਨਾਲ ਬੜੇ ਸਦਭਾਵਨਾ ਦੇ ਮਾਹੌਲ ਵਿਚ ਗੱਲਬਾਤ ਹੋਈ ਸੀ। ਇਸ ਮੌਕੇ ਅਖਿਲ ਭਾਰਤੀਯ ਸਿੰਧੂ ਸੰਤ ਸਮਾਜ ਟ੍ਰਸਟ ਦੇ ਮਹਾਮੰਡਲੇਸ਼ਵਰ ਸਵਾਮੀ ਹੰਸ ਰਾਮ ਸਮੇਤ 20 ਦੇ ਕਰੀਬ ਸਿੰਧੀ ਆਗੂ ਸ਼ਾਮਲ ਸਨ। ਇਸ ਵਿਚ ਫੈਸਲਾ ਹੋਇਆ ਸੀ ਕਿ ਭਾਈਚਾਰਿਆਂ ਦੀ ਏਕਤਾ ਲਈ ਦੋਵੇਂ ਸਮਾਜ ਦੇ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਾਮਲੇ ਦੇ ਹੱਲ ਲਈ ਵਿਚਾਰ ਨੂੰ ਅੱਗੇ ਵਧਾਉਣਗੇ।

ਇਸ ਲਈ 7 ਫਰਵਰੀ 2023 ਨੂੰ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਇਆ ਵੀ ਗਿਆ ਸੀ, ਪਰ ਉਨ੍ਹਾਂ ਵੱਲੋਂ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਬਲਕਿ 7 ਫਰਵਰੀ ਨੂੰ ਉਨ੍ਹਾਂ ਨੇ ਮੱਧ ਪ੍ਰਦੇਸ਼ ਉਜੈਨ ਵਿਖੇ ਸਨਾਤਨ ਮਤ ਦੇ ਸੰਤਾਂ ਨਾਲ ਮੀਟਿੰਗ ਕਰਕੇ ਇਕ ਵੀਡੀਓ ਰਾਹੀਂ ਸਿੰਧੀ ਸਮਾਜ ਦੇ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਸਾਹਿਬਾਨ ਵਿਖੇ ਛੱਡ ਆਉਣ ਲਈ ਆਖਿਆ ਗਿਆ।

ਭਾਈ ਅਭਿਆਸੀ ਨੇ ਕਿਹਾ ਕਿ ਇੱਕ ਪਾਸੇ ਇਹ ਸਾਡੇ ਨਾਲ ਰਲ ਕੇ ਮਸਲੇ ਦੇ ਹੱਲ ਲਈ ਯਤਨ ਕਰਨ ਦੀ ਗੱਲ ਕਰਦੇ ਹਨ, ਜਦਕਿ ਦੂਜੇ ਪਾਸੇ ਅਖਿਲ ਭਾਰਤੀਯ ਸਿੰਧੂ ਸੰਤ ਸਮਾਜ ਟ੍ਰਸਟ ਦੇ ਮਹਾਮੰਡਲੇਸ਼ਵਰ ਸਵਾਮੀ ਹੰਸ ਰਾਮ ਆਪਸੀ ਭਾਈਚਾਰੇ ਵਿਚ ਪਾੜਾ ਪਾਉਣ ਲਈ ਲੋਕਾਂ ਨੂੰ ਉਕਸਾ ਰਹੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਖ ਅਤੇ ਸਿੰਧੀ ਸਮਾਜ ਵਿਚ ਪਾੜਾ ਪਾਉਣ ਵਾਲੀਆਂ ਅਜਿਹੀਆਂ ਕਾਰਵਾਈਆਂ ਤੇ ਤੁਰੰਤ ਲੋਕ ਲਗਾਈ ਜਾਵੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION