30.1 C
Delhi
Friday, April 26, 2024
spot_img
spot_img

ਸ਼ੂਗਰਫ਼ੈੱਡ ਦੇ ਚੇਅਰਮੈਨ ਅਮਰੀਕ ਸਿੰਘ ਅਲੀਵਾਲ ਨੇ ਅਹੁਦਾ ਸੰਭਾਲਿਆ

ਐਸ.ਏ.ਐਸ. ਨਗਰ, 9 ਜਨਵਰੀ, 2020 –
ਪੰਜਾਬ ਦੇ ਸਹਿਕਾਰਤਾ ਅਤੇ ਜੇਲ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਦਾਅਵਾ ਕੀਤਾ ਕਿ ਗੰਨੇ ਦਾ ਝਾੜ 100 ਕੁਇੰਟਲ ਪ੍ਰਤੀ ਏਕੜ ਹੋਰ ਵਧਾਉਣ ਅਤੇ ਕਾਸ਼ਤਕਾਰਾਂ ਦੀ ਆਮਦਨ ਵਿੱਚ ਚੋਖਾ ਵਾਧਾ ਕਰਨ ਲਈ ਸਹਿਕਾਰਤਾ ਵਿਭਾਗ ਵੱਲੋਂ ਵਿਸਥਾਰਤ ਯੋਜਨਾ ਉਲੀਕੀ ਗਈ ਹੈ।

ਸੀਨੀਅਰ ਕਾਂਗਰਸੀ ਆਗੂ ਸ੍ਰੀ ਅਮਰੀਕ ਸਿੰਘ ਅਲੀਵਾਲ ਨੂੰ ਪੰਜਾਬ ਰਾਜ ਫ਼ੈਡਰੇਸ਼ਨ ਆਫ਼ ਕੋਆਪ੍ਰੇਟਿਵ ਸ਼ੂਗਰ ਮਿੱਲਜ਼ ਲਿਮਟਿਡ (ਸ਼ੂਗਰਫ਼ੈੱਡ) ਦੇ ਚੇਅਰਮੈਨ ਦੇ ਅਹੁਦੇ ’ਤੇ ਬਿਠਾੳਣ ਲਈ ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਭਰਤ ਇੰਦਰ ਸਿੰਘ ਚਾਹਲ ਅਤੇ ਸਾਬਕਾ ਮੰਤਰੀ ਸ੍ਰੀ ਮਲਕੀਤ ਸਿੰਘ ਦਾਖਾ ਨਾਲ ਫ਼ੇਜ਼-2 ਸਥਿਤ ਸ਼ੂਗਰਫ਼ੈੱਡ ਦਫ਼ਤਰ ਵਿਖੇ ਪੁੱਜੇ ਸ੍ਰੀ ਰੰਧਾਵਾ ਨੇ ਦੱਸਿਆ ਕਿ ਸੂਬੇ ਦੇ ਗੰਨਾ ਕਾਸ਼ਤਕਾਰਾਂ ਦੀ ਆਮਦਨ ਵਿਚ ਵਾਧੇ ਲਈ ਸ਼ੂਗਰਫ਼ੈੱਡ ਵੱਲੋਂ ਉਲੀਕੀ ਯੋਜਨਾ ਤਹਿਤ ਕਾਸ਼ਤਕਾਰਾਂ ਨੂੰ ਪ੍ਰਵਾਨਤ ਅਤੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦਾ ਤਸਦੀਕਸ਼ੁਦਾ ਬੀਜ ਮੁਹੱਈਆ ਕਰਵਾਉਣ ਲਈ ਸਮਾਂਬੱਧ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ।

ਇਸ ਤਹਿਤ ਪੰਜਾਬ ਦੀ ਹਰੇਕ ਸਹਿਕਾਰੀ ਖੰਡ ਮਿੱਲ ਵਿਚ ਗੰਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਉਤਮ ਕਿਸਮਾਂ ਦੇ ਬੀਜ ਨਰਸਰੀ ਵਿਚ ਤਿਆਰ ਕਰਕੇ ਕਿਸਾਨਾਂ ਨੂੰ ਦਿੱਤੇ ਜਾਣਗੇ। ਗੰਨਾ ਕਾਸ਼ਤਕਾਰਾਂ ਨੂੰ ਪ੍ਰਵਾਨਤ ਅਤੇ ਸਾਫ਼-ਸੁਥਰਾ ਬੀਜ ਉਪਲਬਧ ਹੋਣ ਨਾਲ ਗੰਨੇ ਦੇ ਝਾੜ ਵਿਚ 100 ਕੁਇੰਟਲ ਪ੍ਰਤੀ ਏਕੜ ਹੋਰ ਵਾਧਾ ਕਰਨ ਦੇ ਯਤਨ ਕੀਤੇ ਜਾਣਗੇ, ਜਿਸ ਨਾਲ ਗੰਨਾ ਕਾਸ਼ਤਕਾਰਾਂ ਦੀ ਆਮਦਨ ਵਿਚ 30,000 ਰੁਪਏ ਪ੍ਰਤੀ ਏਕੜ ਤੱਕ ਦਾ ਵਾਧਾ ਹੋਵੇਗਾ।

ਸ੍ਰੀ ਰੰਧਾਵਾ ਨੇ ਦੱਸਿਆ ਕਿ ਇਸ ਯੋਜਨਾ ਅਧੀਨ ਸਾਰੀਆਂ ਸਹਿਕਾਰੀ ਖੰਡ ਮਿੱਲਾਂ ਵਿਚ ਮਿੱਥਿਆ ਗਿਆ ਟੀਚਾ ਦੋ ਸਾਲਾਂ ਵਿਚ ਪੂਰਾ ਕੀਤਾ ਜਾਵੇਗਾ। ਇਸੇ ਯੋਜਨਾ ਤਹਿਤ ਗੰਨੇ ਦਾ ਪ੍ਰਵਾਨਤ ਬੀਜ ਮੁਹੱਈਆ ਕਰਾਉਣ ਅਤੇ ਕਾਸ਼ਤਕਾਰਾਂ ਨੂੰ ਨਵੀਆਂ ਤਕਨੀਕਾਂ ਦੀ ਸਿਖਲਾਈ ਦੇਣ ਲਈ ਇੱਕ ਵਿਲੱਖਣ ਸੰਸਥਾ ਕਲਾਨੌਰ, ਜ਼ਿਲਾ ਗੁਰਦਾਸਪੁਰ ਵਿਖੇ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਸ੍ਰੀ ਅਮਰੀਕ ਸਿੰਘ ਅਲੀਵਾਲ ਨੂੰ ਅਹੁਦੇ ਦਾ ਕਾਰਜ ਭਾਰ ਸੰਭਾਲਣ ਪਿੱਛੋਂ ਸ੍ਰੀ ਰੰਧਾਵਾ ਅਤੇ ਸ੍ਰੀ ਚਾਹਲ ਨੇ ਉਮੀਦ ਜਤਾਈ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਸ੍ਰੀ ਅਲੀਵਾਲ ਨੇ ਕਿਹਾ ਕਿ ਇਸ ਜ਼ਿੰਮੇਵਾਰੀ ਲਈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਹਿਕਾਰਤਾ ਤੇ ਜੇਲਾਂ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦਾ ਧੰਨਵਾਦ ਕਰਦੇ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਤਾਏ ਭਰੋਸੇ ’ਤੇ ਉਹ ਖਰਾ ਉਤਰਨਗੇ ਅਤੇ ਪੂਰੀ ਸ਼ਿੱਦਤ ਨਾਲ ਇਸ ਅਹੁਦੇ ਦੀ ਜ਼ਿੰਮੇਵਾਰੀ ਨਿਭਾਉਣਗੇ।

1979 ਵਿੱਚ ਬਤੌਰ ਸਰਪੰਚ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਕੇ ਲਗਾਤਾਰ 15 ਸਾਲ ਪਿੰਡ ਅਲੀਵਾਲ ਦੇ ਸਰਪੰਚ ਰਹੇ ਸ੍ਰੀ ਅਲੀਵਾਲ ਸਾਲ 1996 ਤੇ ਦੁਬਾਰਾ 1998 ਵਿੱਚ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਚੁਣੇ ਗਏ। ਉਹ 1985 ਵਿੱਚ ਕੋਆਪ੍ਰੇਟਿਵ ਬੈਂਕ ਲੁਧਿਆਣਾ ਦੇ ਡਾਇਰੈਕਟਰ ਅਤੇ 2012 ਵਿੱਚ ਪੰਜਾਬ ਰਾਜ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਬਣੇ। ਸ੍ਰੀ ਅਲੀਵਾਲ ਨੇ ਇਸ ਤੋਂ ਇਲਾਵਾ ਕੇਂਦਰ ਸਰਕਾਰ ਦੀਆਂ ਕਈ ਸਲਾਹਕਾਰ ਕਮੇਟੀਆਂ ਵਿੱਚ ਬਤੌਰ ਮੈਂਬਰ ਆਪਣੀ ਅਹਿਮ ਭੂਮਿਕਾ ਨਿਭਾਈ ਹੈ।

ਕਿਸਾਨਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਸ਼ੂਗਰਫ਼ੈੱਡ ਅਦਾਰਾ ਸਿੱਧੇ ਤੌਰ ’ਤੇ ਪੰਜਾਬ ਦੀ ਕਿਸਾਨੀ ਨਾਲ ਸਬੰਧਤ ਹੈ। ਇਸ ਲਈ ਉਨਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਗੰਨਾ ਕਾਸ਼ਤਕਾਰਾਂ ਦੇ ਹਿੱਤਾਂ ਨੂੰ ਮੁੱਖ ਰਖਦਿਆਂ ਸਹਿਕਾਰੀ ਖੰਡ ਮਿੱਲਾਂ ਦੇ ਆਧੁਨਿਕੀਕਰਨ ਅਤੇ ਗੰਨਾ ਕਾਸ਼ਤਕਾਰਾਂ ਦੀ ਆਮਦਨ ਵਿਚ ਵਾਧਾ ਕਰਨ ਹਿੱਤ ਗੰਨੇ ਦੇ ਝਾੜ ਨੂੰ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਵਿਚ ਪੂਰਾ ਯੋਗਦਾਨ ਪਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਉਨਾਂ ਕਿਹਾ, ‘‘ਮੈਂ ਮੁੱਖ ਮੰਤਰੀ ਅਤੇ ਸਹਿਕਾਰਤਾ ਮੰਤਰੀ ਵੱਲੋਂ ਮਿਲੇ ਹਰ ਦਿਸ਼ਾ-ਨਿਰਦੇਸ਼ ’ਤੇ ਅਮਲ ਕਰਦਿਆਂ ਗੰਨਾ ਕਾਸ਼ਤਕਾਰਾਂ ਅਤੇ ਸਹਿਕਾਰੀ ਖੰਡ ਮਿੱਲਾਂ ਦੇ ਹਿੱਤਾਂ ਵਿਚ ਲੋੜੀਂਦੇ ਯਤਨ ਕਰਨ ਲਈ ਹਮੇਸ਼ਾ ਤਤਪਰ ਰਹਾਂਗਾ।’’

ਇਸ ਮੌਕੇ ਪੰਜਾਬ ਰਾਜ ਮੱਧਮ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਸ. ਅਮਰਜੀਤ ਸਿੰਘ ਟਿੱਕਾ, ਸ਼ੂਗਰਫ਼ੈੱਡ ਦੇ ਐਮ.ਡੀ. ਸ੍ਰੀ ਪੁਨੀਤ ਗੋਇਲ, ਸ੍ਰੀ ਰਛਪਾਲ ਸਿੰਘ ਤਲਵਾੜਾ ਡਾਇਰੈਕਟਰ ਪੰਜਾਬ ਰਾਜ ਕੋਆਪ੍ਰੇਟਿਵ ਬੈਂਕ ਲਿਮਟਿਡ, ਸ. ਸਵਰਨ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸਿੱਧਵਾਂ ਬੇਟ, ਸ. ਬਲੌਰ ਸਿੰਘ ਭੁੱਲਰ, ਸ. ਹਰਪਾਲ ਸਿੰਘ ਹੰਸ, ਸ੍ਰੀ ਕੁਲਦੀਪ ਗੁੱਜਰਵਾਲ, ਸ. ਪਾਲ ਸਿੰਘ ਗਰੇਵਾਲ ਕੌਂਸਲਰ ਨਗਰ ਨਿਗਮ ਲੁਧਿਆਣਾ, ਸ. ਕੁਲਦੀਪ ਸਿੰਘ ਜਨਰਲ ਸਕੱਤਰ ਕਾਂਗਰਸ, ਸ. ਦਰਸ਼ਨ ਸਿੰਘ ਬੀਰਮੀ, ਸ. ਇੰਦਰਮੋਹਨ ਸਿੰਘ ਕਾਦੀਆਂ, ਸ. ਸਿਮਰਜੀਤ ਸਿੰਘ ਢਿੱਲੋਂ, ਸ. ਸਿਮਰਜੀਤ ਸਿੰਘ ਗਿੱਲ ਡਾਇਰੈਕਟਰ ਲੈਂਡ ਮਾਰਗੇਜ ਬੈਂਕ, ਸ. ਜਗਦੇਵ ਸਿੰਘ ਸਰਪੰਚ, ਸ. ਕੁਲਵਿੰਦਰ ਸਿੰਘ, ਸ. ਬਲਵਿੰਦਰ ਸਿੰਘ, ਕੈਪਟਨ ਸੁਖਚੈਨ, ਸ੍ਰੀ ਸੁਰੇਸ਼ ਕੁਮਾਰ ਬਲਾਕ ਪ੍ਰਧਾਨ ਕਾਂਗਰਸ, ਸ. ਪਰਵਿੰਦਰ ਸਿੰਘ ਸਰਪੰਚ, ਸ. ਗੋਬਿੰਦ ਸਿੰਘ ਗਰੇਵਾਲ, ਸ੍ਰੀ ਪਰਵਿੰਦਰ ਚਾਵਲਾ ਸਰਪੰਚ ਅਤੇ ਵਿਭਾਗ ਦੇ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION