ਯੈੱਸ ਪੰਜਾਬ
ਰੋਪੜ, 30 ਦਸੰਬਰ, 2019:
ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪੁਚਾਉਣ ਕਾਰਨ ਵਿਵਾਦਾਂ ’ਚ ਰਹੇ ਡੇਰੇਦਾਰ ਪਿਆਰਾ ਸਿੰਘ ਭਨਿਆਰਾ ਦੀ ਅੱਜ ਮੌਤ ਹੋ ਗਈ।
ਜ਼ਿਲ੍ਹਾ ਰੋਪੜ ਵਿਚ ਨੂਰਪੂਰ ਬੇਦੀ ਬਲਾਕ ਅੰਦਰ ਪਿੰਡ ਧਮਾਣਾ ਵਿਖ਼ੇ ਡੇਰਾ ਰੱਖ਼ਦੇ ਇਸ 61 ਸਾਲਾ ਡੇਰੇਦਾਰ ਨੇ ਸੋਮਵਾਰ ਸਵੇਰੇ ਛਾਤੀ ਵਿਚ ਦਰਦ ਮਹਿਸੂਸ ਹੋਣਦੀ ਸ਼ਿਕਾਇਤ ਕੀਤੀ ਜਿਸ ਮਗਰੋਂ ਉਸ ਨੂੰ ਪੀ.ਜੀ.ਆਈ. ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ।
ਜ਼ਿਕਰਯੋਗ ਹੈ ਕਿ ਭਨਿਆਰੇ ਵਾਲੇ ਨੇ ਆਪਣੇ ਆਪ ਨੂੰ ਮਹਿਮਾ ਮੰਡਿਤ ਕਰਦਾ ਭਵ ਸਾਗਰ ਨਾਮਕ ਇਕ ਧਾਰਮਿਕ ਗ੍ਰੰਥ ਲਿਖ਼ਵਾਇਆ ਸੀ। ਇਸ ਗ੍ਰੰਥ ਵਿਚਲੀਆਂ ਊਲ ਜਲੂਲ ਤੁਕਬੰਦੀਆਂ ਕਾਰਨ ਸਿੱਖ ਜਗਤ ਵਿਚ ਇਸ ਡੇਰੇਦਾਰ ਪ੍ਰਤੀ ਭਾਰੀ ਰੋਹ ਉਤਪੰਨ ਹੋ ਗਿਆ ਸੀ।
ਆਮ ਸਿੱਖਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਤਿੱਖ਼ਾ ਵਿਰੋਧ ਹੋਣ ਤੋਂ ਬਾਅਦ 2001 ਵਿਚ ਸਮੇਂ ਦੀ ਸਰਕਾਰ ਨੇ ਇਸ ਗ੍ਰੰਥ ’ਤੇ ਰੋਕ ਲਗਾ ਦਿੱਤੀ ਸੀ ਅਤੇ ਇਸ ਵਿਰੁੱਧ ਕੇਸ ਦਰਜ ਕੀਤਾ ਸੀ ਜਿਸ ਦੇ ਚੱਲਦਿਆਂ ਇਹ ਜੇਲ੍ਹ ਵਿਚ ਵੀ ਰਿਹਾ।