36.1 C
Delhi
Friday, May 3, 2024
spot_img
spot_img

ਵਿਰੋਧੀ ਧਿਰਾਂ ਦੀਆਂ ਸਰਕਾਰਾਂ ਵਾਲੇ ਸੂਬਿਆਂ ’ਚ ਰਾਜਪਾਲ ਦੇ ਅਹੁਦੇ ਦੀ ਦੁਰਵਰਤੋਂ ਕਰ ਰਹੀ ਹੈ ਭਾਜਪਾ: ਕੈਪਟਨ ਅਮਰਿੰਦਰ

ਯੈੱਸ ਪੰਜਾਬ
ਚੰਡੀਗੜ, 3 ਜਨਵਰੀ, 2021:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਭਾਜਪਾ ਦੀ ਪੰਜਾਬ ਲੀਡਰਸ਼ਿਪ ਵੱਲੋਂ ਸੰਵਿਧਾਨਕ ਅਹੁਦੇ ਨੂੰ ਬੇਲੋੜੇ ਵਿਵਾਦਾਂ ਵਿੱਚ ਖਿੱਚ ਕੇ ਰਾਜਪਾਲ ਦੇ ਉਚ ਅਹੁਦੇ ਦੀ ਮਰਿਆਦਾ ਨੂੰ ਘਟਾਉਣ ਦੀਆਂ ਹੋਛੀਆਂ ਹਰਕਤਾਂ ਕਰਨ ਲਈ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜਿਨਾਂ ਸੂਬਿਆਂ ਵਿੱਚ ਉਹ ਵਿਰੋਧੀ ਧਿਰ ਵਿੱਚ ਹੈ ਉਥੇ ਉਹ ਲੋਕਤੰਤਰੀ ਤਰੀਕੇ ਨਾਲ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣ ਉਤੇ ਉਤਾਰੂ ਹਨ।

ਭਾਜਪਾ ਦੇ ਸੂਬਾਈ ਯੂਨਿਟ ਵੱਲੋਂ ਉਨਾਂ (ਮੁੱਖ ਮੰਤਰੀ) ਉਤੇ ਪੰਜਾਬ ਨੂੰ ਇਕ ਹੋਰ ਪੱਛਮੀ ਬੰਗਾਲ ਬਣਾਉਣ ਦੇ ਲਗਾਏ ਦੋਸ਼ਾਂ ਸਬੰਧੀ ਕੀਤੇ ਹਾਲੀਆ ਟਵੀਟ ਉਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੱਤਾ ਦੀ ਭੁੱਖੀ ਭਾਜਪਾ ਹੈ ਜਿਹੜੀ ਆਪਣੇ ਸੌੜੇ ਹਿੱਤਾਂ ਵਾਸਤੇ ਰਾਜਪਾਲ ਦੇ ਦਫਤਰ ਦੀ ਦੁਰਵਰਤੋਂ ਕਰ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਇਹ ਪੱਛਮੀ ਬੰਗਾਲ ਵਿੱਚ ਵਾਪਰ ਰਿਹਾ ਹੈ, ਇਹ ਮਹਾਂਰਾਸ਼ਟਰ ਵਿੱਚ ਵਾਪਰਿਆ ਅਤੇ ਹੁਣ ਇਹ ਸਭ ਕੁਝ ਪੰਜਾਬ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।’’ ਉਨਾਂ ਭਾਜਪਾ ਦੀਆਂ ਅਜਿਹੀਆਂ ਸ਼ਰਮਨਾਕ ਕੋਸ਼ਿਸ਼ਾਂ ਨੂੰ ਭੰਡਦਿਆਂ ਕਿਹਾ ਕਿ ਉਹ ਅਜਿਹੇ ਸੂਬਿਆਂ ਵਿੱਚ ਸੱਤਾ ਵਿੱਚ ਆਉਣ ਲਈ ਹਥਕੰਡੇ ਵਰਤ ਰਹੇ ਹਨ ਜਿੱਥੇ ਉਹ ਸੱਤਾ ਵਿੱਚ ਨਹੀਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਯੋਜਨਾਬੰਦ ਤਰੀਕੇ ਨਾਲ ਸਾਰੀਆਂ ਲੋਕਤੰਤਰੀ ਤੇ ਸੰਵਿਧਾਨਕ ਸੰਸਥਾਵਾਂ ਨੂੰ ਕੁਚਲ ਰਹੀ ਹੈ ਅਤੇ ਰਾਜਪਾਲ ਦੇ ਦਫਤਰ ਨੂੰ ਵੀ ਨਹੀਂ ਬਖ਼ਸ਼ਿਆ। ਉਨਾਂ ਕਿਹਾ, ‘‘ਇਹ ਕੋਸ਼ਿਸ਼ਾਂ ਅਜਿਹੀ ਪਾਰਟੀ ਨੂੰ ਨਹੀਂ ਸ਼ੋਭਦੀਆਂ ਜਿਹੜੀ ਕੇਂਦਰ ਵਿੱਚ ਸੱਤਾਧਾਰੀ ਹੋ ਕੇ ਇਨਾਂ ਸੰਸਥਾਵਾਂ ਦੀ ਰਖਵਾਲੀ ਵਾਲੀ ਹੋਵੇ।’’

ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਇਕ ਕੌਮੀ ਪਾਰਟੀ ਹੋਣ ਦੇ ਬਾਵਜੂਦ ਉਹ ਸੰਵਿਧਾਨਕ ਪ੍ਰੰਪਰਾਵਾਂ ਜਿਸ ਅਨੁਸਾਰ ਰਾਜਪਾਲ ਸੂਬੇ ਦਾ ਸਰਪ੍ਰਸਤ ਹੁੰਦਾ ਹੈ ਪਰ ਸਾਰੇ ਪ੍ਰਸ਼ਾਸਕੀ ਅਧਿਕਾਰ ਮੁੱਖ ਮੰਤਰੀ ਕੋਲ ਹੁੰਦੇ ਹਨ, ਤੋਂ ਪੂਰੀ ਤਰਾਂ ਅਣਜਾਨ ਜਾਪਦੀ ਹੈ।

ਉਨਾਂ ਪੁੱਛਿਆ,‘‘ਕੀ ਭਾਜਪਾ ਆਗੂ ਨਹੀਂ ਜਾਣਦੇ ਕਿ ਮੇਰੇ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਇਕੱਲੇ ਮੁੱਖ ਮੰਤਰੀ ਕਰਕੇ ਹੀ ਨਹੀਂ ਸਗੋਂ ਗ੍ਰਹਿ ਮੰਤਰੀ ਕਰਕੇ ਵੀ ਮੇਰੀ ਹੀ ਬਣਦੀ ਹੈ?’’ ਉਨਾਂ ਭਾਜਪਾ ਆਗੂਆਂ ਨੂੰ ਕਿਹਾ ਕਿ ਸੰਵਿਧਾਨਕ ਮਾਮਲਿਆਂ ’ਤੇ ਆਪਣਾ ਮੂੰਹ ਖੋਲਣ ਤੋਂ ਪਹਿਲਾਂ ਉਹ ਭਾਰਤੀ ਸੰਵਿਧਾਨ ਦੀ ਏ.ਬੀ.ਸੀ. ਪੜ ਲਿਆ ਕਰਨ।

ਭਾਜਪਾ ਵੱਲੋਂ ਕਿਸਾਨ ਅੰਦੋਲਨ ਦਾ ਸਿਆਸੀਕਰਨ ਕਰਨ ਦੀਆਂ ਕੀਤੀਆਂ ਜਾ ਰਹੀਆਂ ਵਾਰ-ਵਾਰ ਕੋਸ਼ਿਸ਼ਾਂ ’ਤੇ ਹੈਰਾਨੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਸ਼ਰਮਨਾਕ ਤਰੀਕੇ ਨਾਲ ਆਪਣੇ ਸਿਆਸੀ ਹਿੱਤਾਂ ਨੂੰ ਅੱਗੇ ਵਧਾਉਣ ਲਈ ਸਥਿਤੀ ਦਾ ਸੋਸ਼ਣ ਕਰਦੀ ਹੋਈ ਲਗਾਤਾਰ ਕੂੜ ਪ੍ਰਚਾਰ ਕਰ ਰਹੀ ਹੈ। ਉਨਾਂ ਕਿਹਾ ਕਿ ਇਹ ਉਨਾਂ ਦੇ ਪੰਜਾਬ ਦੇ ਅਮਨ-ਕਾਨੂੰਨ ਦੀ ਸਥਿਤੀ ਵਜੋਂ ਕਿਸਾਨਾਂ ਦੇ ਅਸਲ ਗੁੱਸੇ ਨੂੰ ਪੇਸ਼ ਕਰਨ ਦੀ ਬੋਲੀ ਤੋਂ ਸਪੱਸ਼ਟ ਸੀ।

ਭਾਜਪਾ ਸਾਸ਼ਿਤ ਸੂਬਿਆਂ ਹਰਿਆਣਾ ਤੇ ਉਤਰ ਪ੍ਰਦੇਸ਼ ਵਿੱਚ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨ ਵਾਲੇ ਭਾਜਪਾ ਨੇਤਾਵਾਂ ਦੀਆਂ ਘਟਨਾਵਾਂ ਦੀ ਖਬਰਾਂ ਵੱਲ ਇਸ਼ਾਰਾ ਕਰਦਿਆਂ ਉਨਾਂ ਕਿਹਾ ਕਿ ਇਹੋ ਮਾਪਦੰਡ ਇਨਾਂ ਸੂਬਿਆਂ ਵਿੱਚ ਵੀ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਵਿਗੜਨ ਬਾਰੇ ਵਰਤਣੇ ਚਾਹੀਦੇ ਹਨ।

ਉਨਾਂ ਕਿਹਾ, ‘‘ਜੇਕਰ ਪੰਜਾਬ ਵਿੱਚ ਭਾਜਪਾ ਦੇ ਨੇਤਾਵਾਂ ’ਤੇ ਕਿਸਾਨਾਂ ਦੇ ਗੁੱਸੇ ਨੂੰ ਭੜਕਾਉਣ ਦੀਆਂ ਘਟਨਾਵਾਂ ਇਥੋਂ ਦੀ ਸੱਤਾਧਾਰੀ ਕਾਂਗਰਸ ਦੇ ਇਸ਼ਾਰੇ ’ਤੇ ਵਾਪਰੀਆਂ ਹਨ, ਜਿਵੇਂ ਕਿ ਉਹ ਇਲਜ਼ਾਮ ਲਾ ਰਹੇ ਹਨ, ਤਾਂ ਇਸੇ ਤਰਕ ਨਾਲ ਹਰਿਆਣਾ ਅਤੇ ਉਤਰ ਪ੍ਰਦੇਸ਼ ਵਿੱਚ ਸੱਤਾਧਾਰੀ ਭਾਜਪਾ ਨੂੰ ਉਥੇ ਵਾਪਰੀਆਂ ਘਟਨਾਵਾਂ ਲਈ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ।’’

ਮੁੱਖ ਮੰਤਰੀ ਨੇ ਭਾਜਪਾ ਵੱਲੋਂ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਿਰੁੱਧ ਐਫ.ਆਈ.ਆਰ. ਨਾ ਕੀਤੇ ਜਾਣ ’ਤੇ ਉਹਨਾਂ ਦੇ ਘਰ ਦਾ ਘਿਰਾਓ ਕਰਨ ਦੀ ਧਮਕੀ ਦੇਣ ਲਈ ਭਾਜਪਾ ਨੂੰ ਕਰੜੇ ਹੱਥੀਂ ਲਿਆ। ਉਨਾਂ ਕਿਹਾ ਕਿ ਇਹ ਨਾ ਸਿਰਫ ਹਾਸੋਹੀਣਾ ਹੈ ਸਗੋਂ ਭਾਜਪਾ ਦੀ ਇਕ ਹੋਰ ਹੋਛੀ ਤੇ ਬੇਤੁਕੀ ਉਦਾਹਰਣ ਜਾਪਦਾ ਹੈ ਕਿਉਂਕਿ ਦਿੱਲੀ ਪੁਲਿਸ ਵੱਲੋਂ ਪਹਿਲਾਂ ਹੀ ਬਿੱਟੂ ਖਿਲਾਫ ਗੈਰ ਸਮਝਦਾਰੀ (ਨਾਨ-ਕੌਗਨੀਜ਼ੇਬਲ) ਅਪਰਾਧ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਇਸ ਸਮੇਂ ਜਦੋਂ ਪਿਛਲੇ ਲਗਭਗ 40 ਦਿਨਾਂ ਤੋਂ ਕੜਾਕੇ ਦੀ ਠੰਡ ਵਿਚ ਕਿਸਾਨ ਦਿਲੀ ਸਰਹੱਦਾਂ ’ਤੇ ਰੋਸ ਮੁਜ਼ਾਹਰਾ ਕਰਦੇ ਹੋਏ ਹਰ ਰੋਜ਼ ਆਪਣੀਆਂ ਜਾਨਾਂ ਗਵਾ ਰਹੇ ਹਨ ਅਜਿਹੇ ਵਿੱਚ ਭਾਜਪਾ ਵਲੋਂ ਸੌੜੀ ਰਾਜਨੀਤੀ ਕੀਤੀ ਜਾ ਰਹੀ ਹੈ।

ਉਨਾਂ ਅੱਗੇ ਕਿਹਾ ਕਿ ਝੂਠ ਤੇ ਸਿਆਸੀ ਹਥਕੰਡੇ ਅਪਣਾਉਣ ਦੀ ਥਾਂ ਜੇਕਰ ਭਾਜਪਾ ਕਿਸਾਨਾਂ ਦੀਆਂ ਮੰਗਾਂ ’ਤੇ ਸੁਹਿਰਦਤਾ ਨਾਲ ਗ਼ੌਰ ਕਰੇ ਤਾਂ ਆਪਣੇ ਰਾਜਨੀਤਿਕ ਸਿਧਾਂਤਾਂ ਅਤੇ ਸਿਆਸੀ ਧਰਾਤਲ ਨੂੰ ਹੋਰ ਵਧੇਰੇ ਮਜ਼ਬੂਤ ਕਰ ਸਕਦੀ ਹੈ। ਉਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਕੇਂਦਰ ਦੀ ਸੱਤਾਧਾਰੀ ਪਾਰਟੀ ਨੂੰ ਕਿਸਾਨਾਂ ਦੀਆਂ ਜਾਨਾਂ ਨਾਲ ਖੇਡਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਕਾਲੇ ਖੇਤੀ ਕਾਨੂੰਨ ਰੱਦ ਕਰ ਦੇਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਅਗਵਾਈ ਕਰਨ ਵਾਲੀ ਪਾਰਟੀ ਨੂੰ ਛੱਡ ਕੇ ਸਾਰਾ ਦੇਸ਼ ਕਿਸਾਨਾਂ ਦਾ ਦਰਦ ਮਹਿਸੂਸ ਕਰ ਰਿਹਾ ਹੈ। ਉਨਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਆਪਣਾ ਥੋਥਾ ਹੰਕਾਰ ਛੱਡ ਕੇ ਅਤੇ ਕਿਸਾਨੀ ਸੰਕਟ ਨਾਲ ਸੁਹਿਰਦਤਾ ਨਾਲ ਨਜਿੱਠਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਜੇਕਰ ਹੁਣ ਵੀ ਸਮਾਂ ਨਾ ਵਾਚਿਆ ਗਿਆ ਤਾਂ ਭਾਰਤ ਦੇ ਹਿੱਤਾਂ ਲਈ ਬਹੁਤ ਮੰਦਭਾਗਾ ਤੇ ਵਿਨਾਸ਼ਕਾਰੀ ਹੋਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION